ਰੀਓ ਡੀ ਜਨੇਰਿਓ – ਬਰਾਜ਼ੀਲ ਵਿੱਚ 5 ਅਗੱਸਤ ਨੂੰ ਸ਼ੁਰੂ ਹੋਈਆਂ ਇੱਕਤੀਵੀਆਂ ਉਲੰਪਿਕ ਖੇਡਾਂ ਦੀ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਨਾਲ ਸਮਾਪਤੀ ਹੋਈ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਸਥਾਨਕ ਸਮੇਂ ਅਨੁਸਾਰ ਰਾਤ ਸਾਢੇ ਦਸ ਵਜੇ ਮਾਰਾਕਾਨਾ ਸਟੇਡੀਅਮ ਵਿੱਚ ਟੋਕੀਓ ਵਿੱਚ 2020 ਵਿੱਚ ਮਿਲਣ ਦੇ ਵਾਅਦੇ ਨਾਲ ਕਲੋਜਿੰਗ ਸੈਰੇਮਨੀ ਦੌਰਾਨ ਰਿਓ ਨੂੰ ਅਲਵਿਦਾ ਕਹਿ ਕੇ ਖੇਡਾਂ ਦੀ ਸਮਾਪਤੀ ਕੀਤੀ।
2020 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਜਾਪਾਨ ਨੂੰ ਦਿੱਤੀ ਗਈ ਹੈ। ਜਾਪਾਨ ਨੇ ਪ੍ਰਧਾਨਮੰਤਰੀ ਦੀ ਅਗਵਾਈ ਵਿੱਚ 32ਵੀਆਂ ਉਲੰਪਿਕ ਖੇਡਾਂ ਦੀਆਂ ਤਿਆਰੀਆਂ ਦੀ ਆਪਣੀ ਇੱਕ ਝੱਲਕ ਵੀ ਪੇਸ਼ ਕੀਤੀ। ਬਾਕ ਨੇ ਇਸ ਦੌਰਾਨ ਰਿਓ ਦੇ ਮੇਅਰ ਪੇਸ ਤੋਂ ਉਲੰਪਿਕ ਝੰਡਾ ਲੈ ਕੇ ਟੋਕੀਓ ਦੀ ਮੇਅਰ ਯੂਰੀਕੀ ਕੋਈਕੇ ਨੂੰ ਸੌਂਪਿਆ। ਬਰਾਜ਼ੀਲ ਨੇ 60 ਹਜ਼ਾਰ ਦਰਸ਼ਕਾਂ ਦੀ ਮੌਜੂਦਗੀ ਵਿੱਚ ਆਪਣਾ ਰੰਗਾਰੰਗ ਸੰਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤਾ। ਟੋਕੀਓ ਨੇ ਵੀ ਆਪਣੀ ਸੰਸਕ੍ਰਿਤਕ ਪਛਾਣ ਸਬੰਧੀ ਦੱਸਦੇ ਹੋਏ ਪੂਰੀ ਦੁਨੀਆਂ ਨੂੰ ਟੋਕੀਓ ਵਿੱਚ ਹੋ ਰਹੀਆਂ 2020 ਉਲੰਪਿਕ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਰਿਓ ਵਿੱਚ ਪਿੱਛਲੇ 16 ਦਿਨਾਂ ਵਿੱਚ ਦੁਨੀਆਂਭਰ ਦੇ 206 ਦੇਸ਼ਾਂ ਅਤੇ ਖੇਤਰਾਂ ਤੋਂ ਆਏ 10 ਹਜ਼ਾਰ ਤੋਂ ਵੱਧ ਅਥਲੀਟਾਂ ਨੇ ਸ਼ਾਨਦਾਰ ਉਲੰਪਿਕ ਭਾਵਨਾ ਦੇ ਨਾਲ ਆਪਣੇ ਫਨ ਅਤੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਅਰਬਾਂ ਲੋਕਾਂ ਦਾ ਮਨੋਰੰਜਨ ਕੀਤਾ। ਹੁਣ ਸਾਰੇ ਖਿਡਾਰੀ ਆਪਣੇ-ਆਪਣੇ ਵੱਤਨ ਪਰਤ ਕੇ ਆਪਣੀ ਜਿੱਤ ਦੇ ਜਸ਼ਨ ਮਨਾਉਣਗੇ।
ਅਮਰੀਕਾ ਨੇ ਆਪਣੀ ਸਰਦਾਰੀ ਕਾਇਮ ਰੱਖਦੇ ਹੋਏ ਸੱਭ ਤੋਂ ਵੱਧ 46 ਗੋਲਡ ਮੈਡਲ ਪ੍ਰਾਪਤ ਕੀਤੇ। ਅਮਰੀਕਾ ਨੇ ਕੁਲ 121 ਮੈਡਲ ਜਿੱਤੇ ਹਨ। ਬ੍ਰਿਟੇਨ ਨੇ 27 ਗੋਲਡ ਮੈਡਲ ਜਿੱਤ ਕੇ ਦੂਸਰਾ ਸਥਾਨ ਅਤੇ ਚੀਨ ਨੇ 26 ਗੋਲਡ ਮੈਡਲ ਜਿੱਤ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਰਿਓ ਵਿੱਚ ਕੁਲ 78 ਦੇਸ਼ਾਂ ਨੇ ਮੈਡਲ ਜਿੱਤੇ ਹਨ। ਭਾਰਤ ਦਾ ਇਨ੍ਹਾਂ ਵਿੱਚ 67ਵਾਂ ਸਥਾਨ ਹੈ।