ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਡਾ. ਕੇਸ਼ੋ ਰਾਮ ਸ਼ਰਮਾ ਸੁਸਾਇਟੀ ਵੱਲੋਂ ਕੌਮਾਂਤਰੀ ਪੱਧਰ ਤੇ ਆਰੰਭੇ ਪ੍ਰੋਗਰਾਮ “ਜਰਾ ਯਾਦ ਕਰੋ ਕੁਰਬਾਨੀ” ਅਧੀਨ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੇਂਦਰ ਨਿਆਂ ਮੰਤਰੀ ਸ਼੍ਰੀ ਵਿਜੇ ਸਾਂਪਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਪੰਜਾਬ ਪਲਾਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਪ੍ਰੋਫੈਸਰ ਰਜਿੰਦਰ ਭੰਡਾਰੀ, ਫੈਡਰੇਸ਼ਨ ਆਫ ਇੰਡੀਅਨ ਕਮਰਸ਼ੀਅਲ ਆਰਗੇਨਾਇਜੇਸ਼ਨ ਦੇ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਗਿੱਲ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।
ਇਸ ਮੌਕੇ ਸ਼੍ਰੀ ਸਾਂਪਲਾ ਜੀ ਨੇ ਵਿਦਿਆਰਥੀਆਂ ਦੇ ਨਾਲ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਮਾਜ ਦੇ ਨਾਇਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਜਿਹੜੀਆਂ ਕੌਮਾਂ ਆਪਣੇ ਕੌਮ ਦੇ ਨਾਇਕਾਂ ਨੂੰ ਭੁੱਲ ਜਾਂਦੀਆਂ ਹਨ ਉਸ ਕੌਮ ਦਾ ਖੁਰਾ ਖੋਜ ਵੀ ਮਿੱਟ ਜਾਂਦਾ ਹੈ । ਉਨ੍ਹਾਂ ਕਿਹਾ ਕਿ ਭਾਰਤ ਮੁਲਕ ਦੀ ਸ਼ਕਤੀ ਹੀ ਨੌਜਵਾਨ ਸ਼ਕਤੀ ਹੈ। ਇਸ ਸ਼ਕਤੀ ਨੂੰ ਸਾਰਥਕ ਕੰਮਾਂ ਵੱਲ ਤੋਰਨਾ ਸਮੇਂ ਦੀ ਮੁੱਖ ਮੰਗ ਹੈ । ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਇੱਕੋ ਸੂਤਰ ਵਿੱਚ ਬੰਨਣ ਲਈ ਵਿੱਦਿਆ ਇੱਕ ਅਹਿਮ ਰੋਲ ਅਦਾ ਕਰ ਸਕਦੀ ਹੈ। ਉਨ੍ਹਾਂ ਭਾਰਤ ਸਰਕਾਰ ਵੱਲੋਂ ਵਾਤਾਵਰਣ ਦੀ ਸੰਭਾਲ ਸੰਬੰਧੀ ਆਰੰਭੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਦਿੱਤੀ ।
ਡਾ. ਢਿੱਲੋਂ ਨੇ ਵਿਦਿਆਰਥੀਆਂ ਨਾਲ ਮੁਖਾਤਬ ਹੁੰਦਿਆਂ ਕਿਹਾ ਕਿ ਸਾਨੂੰ ਦੂਜੇ ਮੁਲਕਾਂ ਤੋਂ ਸਮਰਪਨ ਅਤੇ ਮਿਹਨਤ ਕਰਨ ਦੀ ਭਾਵਨਾ ਸਿੱਖਣੀ ਚਾਹੀਦੀ ਹੈ ਜੋ ਕਿ ਸਫ਼ਲਤਾ ਦਾ ਮੂਲ ਮੰਤਰ ਹੈ। ਇਸ ਮੰਤਰ ਤੋਂ ਬਗੈਰ ਅਸੀਂ ਸਫ਼ਲਤਾ ਹਾਸਲ ਨਹੀਂ ਕਰ ਸਕਦੇ । ਪ੍ਰੋਗਰਾਮ ਤਹਿਤ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸ਼ਹੀਦ ਲੈਫਟੀਨੈਂਟ ਤ੍ਰਿਵੈਨੀ ਸਿੰਘ (ਅਸ਼ੋਕ ਚੱਕਰ) ਦੇ ਮਾਤਾ ਪਿਤਾ ਕੈਪਟਨ ਜਨਮੇਜ ਸਿੰਘ ਅਤੇ ਮਾਤਾ ਪੁਸ਼ਪ ਲਤਾ ਜੀ ਨੂੰ ਸਨਮਾਨਿਤ ਕੀਤਾ ਗਿਆ। ਤ੍ਰਿਵੈਨੀ ਦੇ ਵਿਦਿਆਰਥੀ ਜੀਵਨ ਸੰਬੰਧੀ ਜਾਣਕਾਰੀ ਪ੍ਰੋਫੈਸਰ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਭੌਂ ਡਿਗਰੀ ਹਾਸਲ ਕਰਨ ਉਪਰੰਤ ਤ੍ਰਿਵੈਨੀ ਨੇ 2000 ਵਿਖ ਕਮਿਸ਼ਨ ਅਧਿਕਾਰੀ ਦਾ ਅਹੁੱਦਾ ਪ੍ਰਾਪਤ ਕੀਤਾ ਅਤੇ ਸਾਲ 2004 ਵਿੱਚ ਜੰਮੂ ਸਟੇਸ਼ਨ ਵਿਖੇ ਹੋਏ ਫਿਦਾਇਨ ਹਮਲੇ ਨੂੰ ਨਕਾਰਾ ਕਰਨ ਉਪਰੰਤ ਸ਼ਹਾਦਤ ਪ੍ਰਾਪਤ ਕੀਤੀ ।
ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇੱਕ ਸ਼ਾਨਦਾਰ ਨਾਟਕ “ਭਗਤ ਸਿੰਘ ਸਰਦਾਰ” ਦਾ ਮੰਚਨ ਕੀਤਾ ਗਿਆ। ਨਾਟਕ ਵਿੱਚ ਅਜ਼ਾਦੀ ਦੇ ਮਤਵਾਲਿਆਂ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰਸ਼ੇਖਰ, ਜਤਿੰਦਰ ਦਾੲਸ, ਦੁਰਗਾ ਭਾਬੀ ਸੰਬੰਧੀ ਵੱਡਮੁੱਲੀ ਜਾਣਕਾਰੀ ਵਿਦਿਆਰਥੀ ਨਰਜੀਤ ਸਿੰਘ (ਭਗਤ ਸਿੰਘ), ਹਰਜੀਤ ਸਿੰਘ (ਸੁਖਦੇਵ), ਵਿਵੇਕ ਸ਼ਰਮਾ (ਰਾਜਗੁਰੂ), ਜਸਵੰਤ (ਚੰਦਰਸ਼ੇਖਰ), ਸ਼ਰਨਜੀਤ ਢਿੱਲੋਂ (ਭਗਤ ਸਿੰਘ ਦੀ ਮਾਂ), ਗੁਰਪ੍ਰੀਤ (ਭਗਤ ਸਿੰਘ ਦੇ ਪਿਤਾ), ਸਿਮਰਨ ਬੱਧਨ (ਜਤਿੰਦਰ ਦਾਸ) ਆਦਿ ਨੇ ਪ੍ਰਦਾਨ ਕੀਤੀ। ਨਾਟਕ ਦੀ ਪੇਸ਼ਕਾਰੀ ਨੂੰ ਮੁੱਖ ਮਹਿਮਾਨ ਵੱਲੋਂ ਖੂਬ ਸਲਾਹਿਆ ਗਿਆ। ਮੰਚ ਸੰਚਾਲਨ ਡਾ. ਰਕੇਸ਼ ਸ਼ਾਰਦਾ ਨੇ ਕੀਤਾ । ਇਸ ਮੌਕੇ ਮੁੱਖ ਮਹਿਮਾਨ ਨੂੰ ਦੋਸ਼ਾਲਾ ਅਤੇ ਫੀਕੋ ਵੱਜੋਂ ਤਿਆਰ ਪੋਸਟਰ ਭੇਂਟ ਕੀਤਾ ਗਿਆ ।