ਦੋਗਲੇ ਕਿਸਮ ਦੇ ਲੋਕ ਜਿਵੇਂ ਨਿੰਦਕ, ਚੁਗਲਖ਼ੋਰ, ਭਾਨੀ ਮਾਰਨ ਵਾਲੇ, ਚਵਾਤੀ ਲਾਉਣ ਵਾਲੇ, ਡੱਬੂ ਕੁੱਤੇ, ਦੂਜੇ ਨੂੰ ਨੀਵਾਂ ਦਿਖਾਉਣ ਵਾਲੇ, ਜਲਣ ਕਰਨ ਵਾਲੇ ਅਤੇ ਲੱਤਾਂ ਘਸੀਟਣ ਵਾਲੇ ਭਾਂਵੇ ਇੰਨ੍ਹਾਂ ਦੇ ਨਾਓ ਵੱਖੋ-ਵੱਖ ਹਨ ਪਰ ਇੰਨ੍ਹਾਂ ਦਾ ਕਿਰਦਾਰ ਇੱਕੋ ਜਿਹਾ ਪਰ ਬਹੁਤ ਮਾੜਾ ਹੁੰਦਾ ਹੈ। ਇਨ੍ਹਾਂ ਦੀ ਕੋਈ ਜ਼ਮੀਰ ਨਹੀਂ ਹੁੰਦੀ, ਕੋਈ ਧਰਮ ਨਹੀਂ ਹੁੰਦਾ। ਕਿਸੇ ਦਾ ਬਣਿਆ ਕੰਮ ਨੂੰ ਵਿਗਾੜਨਾ ਇਨ੍ਹਾਂ ਦਾ ਸ਼ੌਂਕ ਹੁੰਦਾ ਹੈ। ਕਿਸੇ ਦੇ ਘਰ ਨੂੰ ਅੱਗ ਲਾ ਕੇ ਡੱਬੂ ਕੁੱਤੇ ਦਾ ਰੋਲ ਨਿਭਾਉਂਦੇ ਕੰਧ ਤੇ ਬੈਠੇ ਹੱਸਦੇ ਤੇ ਤਾੜੀਆਂ ਮਾਰਦੇ ਹਨ। ਇਨ੍ਹਾਂ ਦੇ ਕਿਰਦਾਰ ਸਦਕਾ ਹੱਸਦੇ ਵੱਸਦੇ ਘਰ ਬਰਬਾਦ ਹੋ ਜਾਂਦੇ ਹਨ। ਖੁਸ਼ੀਆਂ ਭਰੀ ਆਈ ਬਹਾਰ ਨੂੰ ਪਤਝੜ ਵਿੱਚ ਬਦਲ ਦਿੰਦੇ ਹਨ। ਖਿੜੇ ਫੁੱਲਾਂ ਨੂੰ ਮਸਲ ਦੇਣਾ, ਹੱਸਦੇ ਨੂੰ ਰੁਵਾਉਣਾ ਇੰਨ੍ਹਾਂ ਦੇ ਕਿਰਦਾਰ ‘ਚ ਸ਼ੁਮਾਰ ਹੁੰਦਾ ਹੈ।
ਇਹਨਾਂ ਲੋਕਾਂ ਦੇ ਕਾਰਨ ਹੀ ਤਾਂ ਪਿਉ-ਪੁੱਤ, ਭਰਾ-ਭਰਾ, ਭੈਣ-ਭਾਈ, ਪਤੀ-ਪਤਨੀ, ਨੂੰਹ-ਸੱਸ ਆਦਿ ਅਤੁੱਟ ਪਿਆਰ ਵਿੱਚ ਲਬਰੇਜ਼ ਰਿਸ਼ਤੇ ਟੁੱਟ ਜਾਂਦੇ ਹਨ। ਦੂਰੀਆਂ ਪੈ ਜਾਂਦੀਆਂ ਹਨ, ਤਰੇੜਾਂ ਪੈ ਜਾਂਦੀਆਂ, ਨਫ਼ਰਤ ਹੋ ਜਾਂਦੀ ਹੈ ’ਤੇ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ। ਕਿਸੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ, ਦੁੱਖ ਮੁਸੀਬਤ ਆਉਣ ਤੇ ਖੁਸ਼ੀ ਮਨਾਈ ਜਾਂਦੀ ਹੈ। ਇਹ ਸਭ ਕੁਝ ਇਨ੍ਹਾਂ ਲੋਕਾਂ ਦੇ ਕਿਰਦਾਰ ਸਦਕਾ ਹੁੰਦਾ ਹੈ। ਕੁਝ ਦੁੱਖ ਮੁਸੀਬਤਾਂ ਆਉਂਦੀਆਂ ਸੰਚਿਤ ਕਰਮਾਂ ਕਰਕੇ, ਜਿਸ ਨੂੰ ਕਹਿ ਦੇਈਦਾ, ਕਿਸਮਤ ਵਿੱਚ ਲਿਖਿਆ ਪਰ ਬਹੁਤੇ ਦੁੱਖ, ਪਵਾੜੇ ਇਹਨਾਂ ਨੇ ਹੀ ਪੁਆਏ ਹੁੰਦੇ ਹਨ। ਇਹ ਲੋਕ ਤਾਂ ਕੀੜੀ ਵਾਂਗ ਤਰੇੜਾਂ ਭਾਲਦੇ ਰਹਿੰਦੇ ਹਨ ਜਿਵੇਂ ਸਿਆਸੀ ਲੀਡਰ। ਫਿਰ ਕੋਈ ਕਸਰ ਨਹੀਂ ਛੱਡਦੇ ਕੰਮ ਵਿਗਾੜਨ ਵਿੱਚ।
ਪਹਿਲਾਂ ਅਜਿਹੇ ਕਿਰਦਾਰਾਂ ਵਾਲੇ ਲੋਕ ਘੱਟ ਹੁੰਦੇ ਸਨ ਪਰ ਹੁਣ ਤਾਂ ਆਧੁਨਿਕ ਜਮਾਨੇ ਵਿੱਚ ਇਨ੍ਹਾਂ ਦੀ ਗਿਣਤੀ ਵਧ ਗਈ ਹੈ ਅਤੇ ਕਿਰਦਾਰਾਂ ਵਿੱਚ ਵੀ ਤਰੱਕੀ ਹੋਈ ਹੈ। ਮੈਨੂੰ ਲੱਗਦੇ ਕੋਈ ਘਰ ਵੀ ਇਨ੍ਹਾਂ ਦੀ ਮਾਰ ਤੋਂ ਨਹੀਂ ਬਚਿਆ ਹੋਣਾਂ। ਸਾਡੇ ਰਿਸ਼ਤਿਆਂ ਦੇ ਸਾਂਝ ਪਾਉਣ ਵਾਲਾ ਇਕ ਵਿਚੋਲਾ ਹੁੰਦਾ ਸੀ ਜੋ ਕੁੜੀ ਤੇ ਮੁੰਡੇ ਦੇ ਪਰਿਵਾਰਾਂ ਵੱਲੋਂ ਸਾਂਝਾ ਹੁੰਦਾ ਸੀ। ਕੁਝ ਏਧਰਲੀਆਂ ਤੇ ਕੁਝ ਓਧਰਲੀਆਂ ਕਰ ਕੇ ਰਿਸ਼ਤੇ ਦੀ ਗੰਢ ਪੱਕੀ ਕਰ ਦਿੰਦਾ ਸੀ। ਦੋਵੇਂ ਪਰਿਵਾਰਾਂ ਦੀ ਸਾਂਝ ਜੇ ਖੁਸ਼ੀ ਭਰੀ ਹੋ ਜਾਂਦੀ ਤਾਂ ਵਿਚੋਲੇ ਦੀਆਂ ਬਹੁਤ ਸਿਫ਼ਤਾਂ ਹੁੰਦੀਆਂ ਸਨ ਪਰ ਜੇ ਕੁਝ ਗਲਤ ਹੋ ਜਾਂਦੀ ਤਾਂ ਦੋਵੇਂ ਪਰਿਵਾਰਾਂ ਵਿੱਚ ਤਨਾਅ ਹੋਣ ਕਰਕੇ ਉਦੋਂ ਵਿਚੋਲੇ ਦਾ ਬੁਰਾ ਹਾਲ ਹੁੰਦਾ ਸੀ, ਗਾਲ੍ਹਾਂ ਵੀ ਪੈਂਦੀਆਂ ਸਨ। ਇਹ ਗੱਲ ਵਿਚੋਲੇ ਤੇ ਨਿਰਭਰ ਹੁੰਦੀ ਸੀ, ਕਿ ਵਿਚੋਲੇ ਦੀ ਸੋਚ ਸਕਾਰਤਮਿਕ ਹੈ ਜਾਂ ਨਕਾਰਤਮਿਕ। ਜੇ ਵਿਚੋਲਾ ਬੇਈਮਾਨ ਹੈ, ਉਸਨੂੰ ਲਾਲਚ ਹੈ ਤਾਂ ਹੀ ਬੁਰਾ ਹੁੰਦਾ ਹੈ। ਜੇਕਰ ਕੋਈ ਰਿਸ਼ਤਾ ਬਹੁਤ ਸੋਹਣਾ ਜੁੜ ਰਿਹਾ ਹੋਵੇ ਤਾਂ ਉੱਥੇ ਭਾਨੀਮਾਰ ਆਪਣਾ ਜਲਵਾ ਦਿਖਾਉਂਦਾ ਹੈ। ਜਦੋਂ ਸੂਹ ਮਿਲ ਜਾਵੇ ਤਾਂ ਫਿਰ ਕੋਈ ਕਸਰ ਨਹੀਂ ਛੱਡਦੇ। ਫਿਰ ਦੋਨੋਂ ਪਾਸੇ ਐਸੀਆਂ ਖੰਭਾਂ ਤੋਂ ਡਾਰ ਵਾਲੀਆਂ ਗੱਲਾਂ ਕਰਦੇ ਹਨ, ਤਾਂ ਕਿ ਰਿਸ਼ਤਾ ਹੋਵੇ ਹੀ ਨਾ। ਬਾਦ ਵਿੱਚ ਪਤਾ ਵੀ ਲੱਗ ਜਾਂਦਾ ਹੈ ਕਿ ਫਲਾਨਾ ਬੰਦਾ ਜਾਂ ਬੁੜੀ ਨੇ ਭਾਨੀ ਮਾਰੀ ਹੈ। ਫਿਰ ਬਣਦਾ ਵੀ ਕੁਝ ਨਹੀਂ। ਕੁਝ ਚੰਗੇ ਵੀ ਇਨਸਾਨ ਹੁੰਦੇ ਹਨ। ਇੱਕ ਗਲਤ ਰਿਸ਼ਤਾ ਜੁੜ ਰਿਹੈ ਹੁੰਦਾ, ਮੁੰਡੇ ਜਾਂ ਕੁੜੀ ’ਚ ਕੁਝ ਬੁਰਿਆਈ ਦੇ ਲੱਛਣ ਹੁੰਦੇ ਹਨ। ਨਸ਼ੇੜੀ, ਜੁਆਰੀਏ, ਸੱਟੇਬਾਜ਼, ਸ਼ਰਾਬੀ-ਕਬਾਬੀ, ਚਰਿੱਤਰਹੀਣ, ਕੰਮ ਚੋਰ ਆਦਿ ਜੇ ਪੱਕੀ ਤਰ੍ਹਾਂ ਪਤੈ ਤਾਂ ਦੱਸ ਦੇਣਾ ਚਾਹੀਦਾ। ਇਹ ਭਾਨੀ ਨਹੀਂ ਹੋਵੇਗੀ, ਸਗੋਂ ਨਰਕ ਬਚਾਉਣ ਵਾਲਾ ਪੁੰਨ ਦਾ ਕੰਮ ਹੈ।
ਡੱਬੂ ਕੁੱਤੇ ਵੀ ਬਹੁਤ ਭੈੜੇ ਹੁੰਦੇ ਹਨ। ਜਦੋਂ ਵੇਖਿਆ ਪਿਉ-ਪੁੱਤ, ਭਰਾ-ਭਰਾ, ਮਿੱਤਰ ਯਾਰ ਜਾਂ ਕੋਈ ਰਿਸ਼ਤੇਦਾਰ ਵਿੱਚ ਕੁੱਝ ਅਣਬਣ ਹੋ ਜਾਵੇ, ਭਾਵ ਥੋੜੀ ਖਟਾਸ ਨਜ਼ਰ ਆਵੇ ਯਾਨੀ ਥੋੜੀ ਅੱਗ ਸੁਲਗਦੀ ਹੋਵੇ ਤਾਂ ਡੱਬੂ ਕੁੱਤੇ ਭਾਂਤੀ ਚਵਾਤੀ ਲਾਉਣ ਵਾਲੇ ਸੇਧ ਲਾਉਂਦੇ ਹਨ ਜਾ ਕੇ ਬੜੀ ਹਮਦਰਦੀ ਕਰਦੇ ਹਨ। ਸਕਿਆਂ ਤੋਂ ਵੱਧ ਮਿੱਤਰ ਪਿਆਰ ਕਰਦੇ ਹਨ। ਥੋੜੀ ਜਿਹੀ ਗੱਲ ਵਿਰੋਧ ਦੀ ਜਿਵੇਂ ਕਿ ਤੇਰਾ ਭਾਈ, ਤੇਰਾ ਪਿਓ (ਕੋਈ ਵੀ) ਤੇਰੇ ਬਾਰੇ ਇੰਝ ਬੋਲਦਾ ਸੀ। ਇਹ ਸੁਣਨ ਵਾਲਾ ਭੜਕ ਉ¤ਠਦਾ ਹੈ। ਉਸ ਮੂੰਹੋਂ ਵੀ ਮੰਦ ਚੰਗ ਨਿਕਲ ਜਾਂਦਾ ਹੈ। ਡੱਬੂ ਕੁੱਤਾ ਸਭ ਰਿਕਾਰਡ ਕੀਤੀ ਗੱਲ ਮਸਾਲਾ ਲਾ ਕੇ ਸੁਣਾ ਦਿੰਦਾ ਹੈ। ਹੁਣ ਦੇਖੋ ਇਸ ਦਾ ਕਿਰਦਾਰ ਦੋਨੋਂ ਪਾਸੇ ਚਵਾਤੀ ਲਾ ਕੇ ਭਾਂਬੜ ਮਚਾ ਦਿੰਦਾ ਹੈ ਤੇ ਆਪ ਕਿੰਨ੍ਹਾਂ ਖੁਸ਼ ਹੁੰਦਾ ਹੈ। ਸੋ, ਏਸ ਤਰ੍ਹਾਂ ਇਹ ਚਵਾਤੀ ਲਾਉਣ ਵਾਲਿਆਂ ਤੋਂ ਵੀ ਬਚਣਾ ਚਾਹੀਦਾ ਹੈ। ਇਨ੍ਹਾਂ ਦਾ ਕੁਝ ਨਹੀਂ ਵਿਗੜਦਾ, ਘਰ ਖੇਰੂੰ-ਖੇਰੂੰ ਹੋ ਜਾਂਦਾ ਹੈ।
ਇੱਕ ਦੋਗਲੇ ਕਿਸਮ ਦੇ ਲੋਕ ਅਜਿਹੇ ਵੀ ਜਿੰਨ੍ਹਾਂ ਦਾ ਕੋਈ ਮਕਸਦ ਹੁੰਦਾ ਹੈ। ਇਸ ਵਿੱਚ ਗੱਦਾਰ ਲੋਕ, ਦੇਸ਼ ਧ੍ਰੋਹੀ, ਅਕ੍ਰਿਤਘਣ ਲੋਕ ਆ ਜਾਂਦੇ ਹਨ, ਜਿੰਨ੍ਹਾਂ ਦਾ ਕੰਮ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਹੈ। ‘ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।’ ਇਨ੍ਹਾਂ ਦਾ ਰੋਲ ਸਿਆਸਤ ਵਿੱਚ ਵੀ ਹੁੰਦਾ ਹੈ ’ਤੇ ਦੂਸਰੇ ਗੱਦਾਰ ਲੋਕ ਦੇਸ਼ ਧ੍ਰੋਹੀ ਹੁੰਦੇ ਹਨ। ਇਨ੍ਹਾਂ ਦਾ ਮੁੱਖ ਮੰਤਵ ਪੈਸਾ ਹੁੰਦਾ ਹੈ। ਜਿਸ ਥਾਲੀ ਵਿੱਚ ਇਹ ਖਾਂਦੇ ਹਨ, ਉਸੇ ਵਿੱਚ ਛੇਕ ਕਰਦੇ ਹਨ। ਉਨ੍ਹਾਂ ਨਾਲ ਮਿਲਕੇ ਆਪਣਿਆਂ ਤੇ ਹੀ ਵਾਰ ਕਰਦੇ ਹਨ। ਇਹੋ ਜਿਹੇ ਗੱਦਾਰ ਲੋਕ ਮੀਆਂ ਮਿੱਠੂ, ਮਿੱਠ ਬੋਲੇ ਬਣਕੇ ਆਪਣਿਆਂ ਦਾ ਹੀ ਨੁਕਸਾਨ ਕਰਦੇ ਹਨ। ਇਨ੍ਹਾਂ ਤੋਂ ਹਮੇਸ਼ਾਂ ਬਚਣਾ ਚਾਹੀਦਾ ਹੈ ਅਤੇ ਜੇ ਪਤਾ ਲੱਗੇ ਤਾਂ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ। ਵੱਸ ਚੱਲੇ ਤਾਂ ਐਸੇ ਗੱਦਾਰ ਲੋਕਾਂ ਨੂੰ ਤਾਂ ਗੋਲੀ ਮਾਰਕੇ ਮਾਰ ਦੇਣਾ ਚਾਹੀਦਾ। ਇਹ ਘੋਰ ਪਾਪੀ ਤੇ ਜ਼ਾਲਮ ਹੁੰਦੇ ਹਨ ਜੋ ਕਿਸੇ ਨੂੰ ਵੀ ਨਹੀਂ ਬਖਸ਼ਦੇ। ਨਾ ਇਹਨਾਂ ਦਾ ਦੀਨ ਤੇ ਨਾ ਕੋਈ ਈਮਾਨ ਹੁੰਦਾ ਹੈ।
ਮੇਰੀ ਅਪੀਲ ਕਿ ਇਹ ਦੋਗਲੇ ਕਿਸਮ ਦੇ ਲੋਕਾਂ ਦਾ ਵਾਸਤਾ ਜਰੂਰ ਹਰ ਕਿਸੇ ਨਾਲ ਪੈਂਦਾ ਹੋਵੇਗਾ। ਲਾਈ ਲੱਗ ਨਹੀਂ ਬਨਣਾ ਚਾਹੀਦਾ। ਗੱਲ ਦੀ ਪੂਰੀ ਘੋਖ ਕਰ ਲੈਣੀ ਚਾਹੀਦੀ ਹੈ। ਸਪੱਸ਼ਟੀਕਰਨ ਲੈ ਕੇ ਹੀ ਇਤਬਾਰ ਕਰਨਾ ਚਾਹੀਦਾ ਹੈ। ਸਹਿਨਸ਼ੀਲਤਾ ’ਚ ਰਹੋ। ਨਿੱਕੀ ਮੋਟੀ ਗਲਤੀ ਕਿਸੇ ਕੋਲੋਂ ਹੁੰਦੀ ਵੀ ਹੈ ਤਾਂ ਉਸਨੂੰ ਤੂਲ ਨਹੀਂ ਦੇਣੀ ਚਾਹੀਦੀ। ਸਾਡੇ ਚਾਰੇ ਪਾਸੇ ਅਜਿਹੇ ਲੋਕ ਤਾਕ ਵਿੱਚ ਹੁੰਦੇ ਹਨ ਅਤੇ ਮਾਚਿਸ ਖੀਸੇ ਵਿੱਚ ਪਾ ਕੇ ਰੱਖਦੇ ਹਨ। ਇਨ੍ਹਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਕੰਧਾਂ ਨੂੰ ਵੀ ਕੰਨ ਹੁੰਦੇ ਹਨ। ਕੋਈ ਵੀ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਜਿੰਨ੍ਹਾਂ ਹੋ ਸਕੇ ਘਰ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ।