ਨਵੀਂ ਦਿੱਲੀ : ਪੂਰੇ ਦੇਸ਼ ਵਿਚ ਬਿਹਾਰ ਦੀ ਤਰ੍ਹਾਂ ਸ਼ਰਾਬ ਬੰਦੀ ਲਾਗੂ ਕਰਨ ਲਈ ‘‘ਨਸ਼ਾ ਮੁਕਤ ਭਾਰਤ ਅੰਦੋਲਨ’’ ਵੱਲੋਂ ਵੱਡੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਅੰਦੋਲਨ ਦੇ ਕਨਵੀਨਰ ਡਾ. ਸੁਨੀਲਮ, ਉੱਘੇ ਸਮਾਜ ਸੁਧਾਰਕ ਸਵਾਮੀ ਅਗਨੀਵੇਸ਼, ਜਮਾਇਤ ਉਲੇਮਾ ਏ ਹਿੰਦ ਦੇ ਜਨਰਲ ਸਕੱਤਰ ਮੁਫ਼ਤੀ ਅਬਦੁਲ ਰਾਜ਼ਿਕ ਤੇ ਸਾਂਈ ਮੀਆ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਆਗੂ ਕੁਲਦੀਪ ਸਿੰਘ ਭੋਗਲ ਅਤੇ ਪਰਮਜੀਤ ਸਿੰਘ ਚੰਢੋਕ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕੌਮੀ ਪੱਧਰ ਤੇ ਸ਼ੁਰੂ ਕੀਤੀ ਜਾ ਰਹੀ ਇਸ ਮੁਹਿੰਮ ਦੀ ਜਾਣਕਾਰੀ ਦਿੱਤੀ।
ਸਵਾਮੀ ਅਗਨੀਵੇਸ਼ ਨੇ ਦੱਸਿਆ ਕਿ 11 ਸਤੰਬਰ ਨੂੰ ਨਸ਼ਾ ਬੰਦੀ ਕਾਨੂੰਨ ਦੀ ਮੰਗ ਨੂੰ ਲੈ ਕੇ 17 ਸੂਬਿਆਂ ਵਿਚ ਜਿਲ੍ਹੇ ਅਤੇ ਤਹਿਸੀਲ ਪੱਧਰ ਤੇ ਮੰਗ ਪੱਤਰ ਸੌਂਪੇ ਜਾਣਗੇ। ਮੱਧ ਪ੍ਰਦੇਸ਼ ਵਿਚ 16 ਸਤੰਬਰ ਤੋਂ 28 ਸਤੰਬਰ ਤਕ 24 ਜਿਲਿਆ ’ਚ ਯਾਤਰਾ ਕੱਢੀ ਜਾਵੇਗੀ। ਯਾਤਰਾ ਦੀ ਸ਼ੁਰੂਆਤ ਬਿਹਾਰ ਦੇ ਮੁਖਮੰਤਰੀ ਨੀਤੀਸ਼ ਕੁਮਾਰ ਵੱਲੋਂ ਅੰਦੋਲਨ ਦੀ ਕੌਮੀ ਕਨਵੀਨਰ ਮੇਧਾ ਪਾਟੇਕਰ ਅਤੇ ਡਾ। ਸੁਨੀਲਮ ਨੂੰ ਝੰਡਾ ਸੌਂਪ ਕੇ ਕੀਤੀ ਜਾਵੇਗੀ। ਇਸੇ ਤਰ੍ਹਾਂ ਹੀ 2 ਅਕਤੂਬਰ ਤੋਂ 12 ਅਕਤੂਬਰ ਤਕ ਬਾਕੀ ਸੂਬਿਆਂ ਨੂੰ ਕੌਮੀ ਯਾਤਰਾ ਦੇ ਰਾਹੀਂ ਜੋੜਿਆ ਜਾਵੇਗਾ।
ਉਨ੍ਹਾਂ ਮੰਨਿਆ ਕਿ ਕੇਵਲ ਕਾਨੂੰਨ ਦੀ ਪਾਬੰਦੀਆਂ ਸੱਦਕਾ ਨਸ਼ਾ ਮੁਕਤੀ ਲਾਗੂ ਕਰਨਾ ਸੰਭਵ ਨਹੀਂ ਹੈ ਇਸ ਲਈ ਨਸ਼ਿਆਂ ਦੇ ਪ੍ਰਭਾਵ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਕੌਮੀ ਪੱਧਰ ਤੇ ਮੁਹਿੰਮ ਛੇੜਨ ਦੀ ਵੀ ਲੋੜ ਹੈ। ਸੰਵਿਧਾਨ ਦੀ ਧਾਰਾ 47 ਨੂੰ ਪੂਰੇ ਭਾਰਤ ਵਿਚ ਲਾਗੂ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰੇ ਸੂਬਿਆਂ ਦੇ ਮੁਖਮੰਤਰੀਆਂ ਨਾਲ ਬੈਠਕ ਕਰਨ ਦੀ ਤਜਵੀਜ਼ ਦਿੰਦੇ ਹੋਏ ਸਮਾਜਿਕ ਤੇ ਧਾਰਮਿਕ ਕਾਰਕੂਨਾ ਨੇ ਸੂਬਿਆਂ ਨੂੰ ਹੋਣ ਵਾਲੇ ਮਾਲੀ ਨੁਕਸਾਨ ਦਾ 50 ਫੀਸਦੀ ਹਿੱਸਾ 5 ਸਾਲਾਂ ਤਕ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣ ਦੀ ਵੀ ਹਿਮਾਇਤ ਕੀਤੀ। ਇਸ ਸੰਬੰਧ ਵਿਚ ਉਨ੍ਹਾਂ ਨੇ ਸਾਬਕਾ ਪ੍ਰਧਾਨਮੰਤਰੀ ਮੋਰਾਰਜੀ ਦੇਸਾਈ ਵੱਲੋਂ 1977 ਵਿਚ ਕੀਤੇ ਗਏ ਵਾਇਦੇ ਨੂੰ ਵੀ ਯਾਦ ਕਰਾਇਆ।
ਭੋਗਲ ਨੇ ਕਿਹਾ ਕਿ ਚੰਗਾ ਹੁੰਦਾ ਕਿ ਦਿੱਲੀ ਸਰਕਾਰ ਠੇਕੇ ਚਲਾਉਣ ਦੇ ਅਧਿਕਾਰ ਮੋਹੱਲਾ ਸਭਾਵਾਂ ਨੂੰ ਦੇਣ ਦੀ ਬਜਾਏ ਦਿੱਲੀ ਵਿਚ ਸ਼ਰਾਬ ਬੰਦੀ ਦੇ ਮਸਲੇ ਤੇ ਰਾਇਸੁਮਾਰੀ ਕਰਵਾਉਣ ਦਾ ਫੈਸਲਾ ਲੈਂਦੀ। ਭੋਗਲ ਨੇ ਰਾਇਸੁਮਾਰੀ ਸ਼ਰਾਬ ਦੇ ਠੇਕਿਆਂ ਦੇ ਖਿਲਾਫ਼ ਆਉਣ ਦੀ ਆਸ਼ ਜਤਾਉਂਦੇ ਹੋਏ ਦਿੱਲੀ ਵਿਚ ਅਪਰਾਧ ਰੋਕਣ ਲਈ ਸ਼ਰਾਬ ਬੰਦੀ ਨੂੰ ਜਰੂਰੀ ਦੱਸਿਆ। ਸ਼ਰਾਬ ਦੇ ਵਪਾਰ ਤੋਂ ਸਰਕਾਰਾਂ ਦੇ ਖਜਾਨੇ ਨੂੰ ਹੁੰਦੇ ਫਾਇਦੇ ਦੇ ਦਾਅਵੇ ਨੂੰ ਗਲਤ ਕਰਾਰ ਦਿੰਦੇ ਹੋਏ ਸਵਾਮੀ ਅਗਨੀਵੇਸ਼ ਨੇ ਸਰਕਾਰਾਂ ਵੱਲੋਂ 100 ਰੁਪਏ ਦੇ ਮਾਲੀਏ ਦੀ ਪ੍ਰਾਪਤੀ ਦੇ ਪਿੱਛੇ 124 ਰੁਪਏ ਅਪਰਾਧਾਂ ਅਤੇ ਸ਼ਰਾਬ ਨਾਲ ਹੋਣ ਵਾਲੀ ਬੀਮਾਰੀਆਂ ਦੀ ਰੋਕਥਾਮ ਲਈ ਖਰਚ ਕਰਨ ਦਾ ਵੀ ਖੁਲਾਸ਼ਾ ਕੀਤਾ। ਉਨ੍ਹਾਂ ਨੇ ਮੰਦਿਰਾਂ ਵਿਚ ਦੇਵਤਿਆਂ ਨੂੰ ਪ੍ਰਸ਼ਾਦ ਵੱਜੋਂ ਚੜਾਈ ਜਾਂਦੀ ਸ਼ਰਾਬ ਨੂੰ ਸਮਾਜਿਕ ਬੁਰਾਈ ਦੱਸਦੇ ਹੋਏ ਸਾਰੇ ਧਾਰਮਿਕ ਆਗੂਆਂ ਨੂੰ ਨਾਲ ਲੈ ਕੇ ਇਸ ਚਲਨ ਨੂੰ ਰੋਕਣ ਲਈ ਕਾਰਜ ਕਰਨ ਦਾ ਇਸ਼ਾਰਾ ਕੀਤਾ।