ਨਵੀਂ ਦਿੱਲੀ : ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਤੋੜਨ ਤੋਂ ਪਹਿਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਨੋਟਿਸ ਦਿੱਲੀ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੀ। ਇਸ ਗੱਲ ਦਾ ਖੁਲਾਸਾ ਥਾਣਾਂ ਕੋਤਵਾਲੀ ਦੇ ਐਸ.ਐਚ.ਓ. ਵੱਲੋਂ ਇੱਕ ਆਰ.ਟੀ.ਆਈ. ਦੇ ਜਵਾਬ ਵਿਚ ਕੀਤਾ ਗਿਆ ਹੈ। ਦਰਅਸਲ 6 ਅਪ੍ਰੈਲ 2016 ਨੂੰ ਚਾਂਦਨੀ ਚੌਂਕ ਦੀ ਦਿੱਖ ਨੂੰ ਸਵਾਰਨ ਲਈ ਦਿੱਲੀ ਸਰਕਾਰ ਦੇ ਸ਼ਹਿਜਾਨਾਬਾਦ ਰੀ ਡਿਵਲੈਪਮੈਂਟ ਕਾਰਪੋਰੇਸ਼ਨ ਵੱਲੋਂ ਚਾਂਦਨੀ ਚੌਂਕ ਵਿਖੇ ਭੰਨਤੋੜ ਕੀਤੀ ਗਈ ਸੀ ਜਿਸ ਦੌਰਾਨ ਉਕਤ ਪਿਆਊ ਨੂੰ ਵੀ ਢਾਹੁਣ ਦੀ ਸਰਕਾਰੀ ਅਮਲੇ ਵੱਲੋਂ ਕੋਸ਼ਿਸ਼ ਹੋਈ ਸੀ। ਜਿਸਤੇ ਵਿਰੋਧੀ ਧਿਰਾਂ ਵੱਲੋਂ ਕਮੇਟੀ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਮੇਟੀ ਨੂੰ ਪਿਆਊ ਤੋੜਨ ਦਾ ਨੋਟਿਸ ਹਫ਼ਤਾ ਪਹਿਲੇ ਮਿਲਣ ਦਾ ਵੀ ਦਾਅਵਾ ਕੀਤਾ ਗਿਆ ਸੀ।
ਕਮੇਟੀ ਦੇ ਕਾਨੂੰਨੀ ਵਿਭਾਗ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਬੀਤੇ ਦਿਨੀਂ ਕਮੇਟੀ ਦੇ ਕਾਨੂੰਨੀ ਵਿਭਾਗ ਵੱਲੋਂ ਲਗਾਈ ਗਈ ਇਸ ਆਰ.ਟੀ.ਆਈ. ਦੇ ਜਵਾਬ ਨੂੰ ਵਿਰੋਧੀ ਆਗੂਆਂ ਦੇ ਮੂੰਹ ਤੇ ਚਪੇੜ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਤੋਂ ਸੁਵੀਧਾਵਾਂ ਦਾ ਫਾਇਦਾ ਚੁੱਕ ਰਹੇ ਉਕਤ ਆਗੂਆਂ ਨੇ ਬਿਨਾਂ ਸਬੂਤਾਂ ਦੇ ਕਮੇਟੀ ਨੂੰ ਬਦਨਾਮ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਸੀ ਜਿਸ ਲਈ ਉਨ੍ਹਾਂ ਨੂੰ ਹੁਣ ਦਿੱਲੀ ਦੀ ਸੰਗਤਾਂ ਤੋਂ ਇਸ ਗਲਤ ਬਿਆਨੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਜੌਲੀ ਨੇ ਦਾਅਵਾ ਕੀਤਾ ਕਿ ਚਾਂਦਨੀ ਚੌਂਕ ਦੀ ਵਿਧਾਇਕਾ ਅਤੇ ਇਸ ਪ੍ਰੋਜੈਕਟ ਦੀ ਚੇਅਰਪਰਸਨ ਅਲਕਾ ਲਾਂਬਾ ਨੇ ਜਾਣਬੁਝ ਕੇ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਉਕਤ ਸ਼ਰਾਰਤ ਕੀਤੀ ਸੀ ਪਰ ਆਰ.ਟੀ.ਆਈ. ਦੇ ਜਵਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਜਪ੍ਰਣਾਲੀ ਤੇ ਵਿਰੋਧੀ ਧਿਰ ਦੇ ਸਿੱਖ ਆਗੂਆਂ ਦੀ ਗਲਤਬਿਆਨੀ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ।