ਟਮਾਟਰ ਲੈਣ ਨਾਲ ਇਕ ਤਰ੍ਹਾਂ ਦੀ ਘਰ ਵਿਚ ਖੁਸ਼ਹਾਲੀ ਆ ਗਈ। ਆਮਦਨ ਵੀ ਵੱਧ ਗਈ ਸੀ।
ਮੁਖਤਿਆ ਸਾਰਾ ਕੰਮ ਸੰਭਾਲਣ ਦੇ ਨਾਲ ਨਾਲ ਪਿੰਡ ਵਾਲਿਆਂ ਦੀ ਵੀ ਕਾਫੀ ਮੱਦਦ ਕਰ ਦਿੰਦਾ। ਉਸ ਦਿਨ ਬਲਬੀਰ ਦੇ ਵਿਆਹ ਲਈ ਵੀ ਕਨਾਤਾਂ ਚਾਨਣੀਆਂ ਟਰਾਲੀ ਵਿਚ ਸ਼ਹਿਰੋਂ ਲੈ ਕੈ ਆਇਆ। ਵਿਆਹ ਦਾ ਅੱਧਾ ਮੇਲ੍ਹ ਤਾਂ ਮੁਖਤਿਆਰ ਹੋਰਾਂ ਦੇ ਘਰ ਹੀ ਸੁੱਤਾ। ਮੇਲ੍ਹ ਵਿਚੋਂ ਹੀ ਇਕ ਮੇਲਣ ਦੀਪੀ ਦਾ ਰਿਸ਼ਤਾ ਮੰਗਣ ਲੱਗ ਪਈ,
“ਦੀਪੀ ਤਾਂ ਅੱਜ ਤੋਂ ਹੀ ਮੇਰੀ ਹੋ ਗਈ, ਇਹਦਾ ਰਿਸ਼ਤਾ ਮੈਂ ਆਪਣੇ ਘਰ ਲੈ ਕੇ ਜਾਣਾ ਹੈ, ਮੇਰੀ ਜਿਠਾਨੀ ਦਾ ਮੁੰਡਾ ਕਾਲਜ ਵਿਚ ਪੜ੍ਹਦਾ ਹੈ।”
ਚੁੱਲੇ ਅੱਗੇ ਬੈਠਾ ਸਾਰਾ ਟੱਬਰ ਉਸ ਮੇਲਣ ਦਾ ਮੂੰਹ ਦੇਖਦਾ ਰਹਿ ਗਿਆ। ਦੀਪੀ ਭਾਵੇਂ ਗਿਆਰਵੀਂ ਵਿਚ ਪੜ੍ਹਦੀ ਸੀ, ਪਰ ਉਹਨਾਂ ਦੇ ਖਿਆਲ ਵਿਚ ਦੀਪੀ ਅਜੇ ਬਹੁਤ ਨਿਆਣੀ ਹੀ ਸੀ। ਸੁਰਜੀਤ ਦੇ ਕਾਲ੍ਹਜੇ ਨੂੰ ਜਿਵੇਂ ਧੂ ਜਿਹੀ ਪੈ ਗਈ ਹੋਵੇ। ਉਸ ਦਾ ਸੀਰਨੀ ਚੁੱਕਦਾ ਹੱਥ ਪਲੇਟ ਵਿਚ ਹੀ ਰੁੱਕ ਗਿਆ। ਕਿਸੇ ਨੂੰ ਕੋਈ ਜ਼ਵਾਬ ਹੀ ਨਾ ਸੁੱਝੇ। ੳਦੋਂ ਹੀ ਦੀਪੀ ਦੀ ਅਵਾਜ਼ ਸਾਰੇ ਘਰ ਵਿਚ ਗੂੰਜੀ,
“ਭੂਆ ਜੀ, ਮੈਂ ਅਜੇ ਵਿਆਹ ਨਹੀਂ ਕਰਨਾ, ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਨੀਂ ਆਂ। ਫਿਰ ਵਿਆਹ ਬਾਰੇ ਸੋਚਾਂਗੀ।”
“ਚੰਗੀਆਂ ਕੁੜੀਆਂ ਵਿਆਹ ਦੇ ਮਾਮਲੇ ਵਿਚ ਮਾਪਿਆਂ ਦੇ ਮੂਹਰੇ ਇਉਂ ਨਹੀ ਬੋਲਦੀਆਂ।” ਕਹਿੰਦੀ ਹੋਈ ਮੇਲਣ ਨੇ ਚਾਹ ਵਾਲਾ ਗਿਲਾਸ ਚੁੱਕ ਕੇ ਮੂੰਹ ਨੂੰ ਲਾ ਲਿਆ।
ਦੀਪੀ ਨੂੰ ਸਮਝ ਤਾਂ ਕੁਝ ਲੱਗੀ ਨਹੀਂ ਕਿ ਉਸ ਨੇ ਐਸੀ ਕੀ ਗੱਲ ਕਹਿ ਦਿੱਤੀ ਜੋ ਮਾਪਿਆ ਦੇ ਸਹਮਣੇ ਨਹੀਂ ਸੀ ਕਹਿਣੀ ਚਾਹੀਦੀ। ਪਰ ਫਿਰ ਵੀ ਉਹ ਚੁੱਪ ਕਰ ਰਹੀ।
ੳਦੋਂ ਹੀ ਗਿਆਨ ਕੌਰ ਨੇ ਮੁਖਤਿਆਰ ਨੂੰ ਕੰਧ ਉੱਪਰ ਦੀ ਅਵਾਜ਼ ਮਾਰੀ,
“ਮੁਖਤਿਆਰ, ਆਈਂ ਪੁੱਤ ਜਰਾ, ਗੁਰੂ ਗ੍ਰੰਥ ਸਾਹਿਬ ਬਾਹਰ ਵਿਹੜੇ ਵਿਚ ਚਾਨਣੀ ਥੱਲੇ ਲਿਜਾਣੇ ਨੇ। ਤੇਰਾ ਤਾਇਆ ਕਹਿੰਦਾ ਪਈ ਇਕੱਠ ਵਾਹਵਾ ਹੋ ਜਾਣਾ।”
“ਤਾਇਆ ਠੀਕ ਹੀ ਕਹਿੰਦਾ ਹੈ, ਵਿਹੜੇ ਵਿਚ ਸੰਗਤਾਂ ਖੁੱਲ ਕੇ ਬੈਠ ਸਕਣਗੀਆਂ।” ਇਹ ਕਹਿੰਦਾ ਹੋਇਆ ਮੁਖਤਿਆਰ ਵਿਆਹ ਵਾਲੇ ਘਰ ਨੂੰ ਤੁਰ ਪਿਆ।
ਅਖੰਡ-ਪਾਠ ਸਾਹਿਬ ਦੇ ਭੋਗ ਮਗਰੋਂ ਜ਼ਨਾਨੀਆਂ ਇਕ ਦੂਜੇ ਨੂੰ ਸਿੱਠਣੀਆਂ ਦੇਣ ਲੱਗ ਪਈਆਂ।
“ਅੱਜ ਕਿਧਰ ਗਈਆਂ ਨੀ ਬਲਬੀਰ ਚਾਚੀਆਂ ਤੇਰੀਆਂ।” ਨਾਨਕੀਆਂ ਨੇ ਮੁਖਤਿਆਰ ਦੇ ਘਰ ਵੱਲ ਨੂੰ ਮੂੰਹ ਕਰਕੇ ਕਿਹਾ।
“ਅਸੀ ਹਾਜ਼ਰ-ਨਾਜ਼ਰ ਫੁੱਲਾਂ ਬਰਾਬਰ ਨੀ ਬਲ਼ਬੀਰੋ ਚਾਚੀਆਂ ਤੇਰੀਆਂ।” ਹਰਨਾਮ ਕੌਰ ਨੇ ਕੰਧ ਉੱਪਰ ਦੀ ਜ਼ਵਾਬ ਦਿੱਤਾ।
“ਸਿੱਠਣੀਆਂ ਦਾ ਮੁਕਾਬਲਾ ਕਰਨਾ ਆ ਇਧਰ ਸਾਹਮਣੇ ਆ ਕੇ ਕਰ।” ਨਾਨਕੀਆਂ ਹਰਨਾਮ ਕੌਰ ਦੇ ਮਗਰ ਪੈ ਗਈਆਂ।
ਰਾਤ ਦੇਰ ਤੱਕ ਜ਼ਨਾਨੀਆਂ ਗਾਉਂਦੀਆਂ ਨੱਚਦੀਆਂ ਰਹੀਆਂ। ਪਰ ਦੀਪੀ ਵਰਗਾ ਕਿਸੇ ਨੂੰ ਵੀ ਨੱਚਣਾ ਨਹੀ ਸੀ ਆੳਂਦਾ। ਕਈ ਮਨਚਲੇ ਦੀਪੀ ਨੂੰ ਦੇਖਣ ਲਈ ਬਨੇਰੇ ਉ¤ਤੇ ਆ ਬੈਠੇ। ਦੀਪੀ ਦੇ ਨਾਲ ਬਲਬੀਰ ਦੇ ਮਾਮੇ ਦੀ ਨੂੰਹ ਵੀ ਨੱਚਦੀ ਸੀ। ਬਲਬੀਰ ਦੇ ਮਾਮੇ ਦਾ ਪੁੱਤ ਜੋ ਸ਼ਰਾਬ ਨਾਲ ਰੱਜਿਆ ਪਿਆ ਸੀ। ਆਪਣੀ ਘਰਵਾਲੀ ਨੂੰ ਗਾਲ੍ਹਾਂ ਕੱਢਣ ਲੱਗ ਪਿਆ,
“ਇਹ ਭੈਣ… ਕੀਹਤੋ ਪੁੱਛ ਕੇ ਨੱਚਣ ਲਗੀ।” ਉਹ ਉਸ ਨੂੰ ਕੁੱਟਣ ਪਵੇ। ਘਰਵਾਲੀ ਚੀਕਾਂ ਮਾਰਦੀ ਦਲਾਨ ਵਿਚ ਜਾ ਵੜੀ। ਮਗਰ ਜੁੱਤੀ ਚੁੱਕੀ ਗੰਦੀਆਂ ਗਾਲ੍ਹਾਂ ਵਰਾਂਉਦਾ ਠੇਡੇ ਖਾਂਦਾ ਉਹ ਦੌੜਿਆ ਜਾਵੇ। ਗਿਆਨ ਕੌਰ ਨੇ ਧੱਕਾ ਦੇ ਕੇ ਭਤੀਜੇ ਨੂੰ ਬੈਠਕ ਵਿਚ ਸੁੱਟਿਆ। ਬਾਹਰੋਂ ਬੈਠਕ ਦਾ ਕੁੰਡਾ ਲਾ ਦਿੱਤਾ। ਵਿਆਹ ਵਿਚ ਹੀ ਹਾਲਾ-ਲਾਲਾ ਹੋ ਗਈ। ਜਿਸ ਨਾਲ ਜ਼ਨਾਨੀਆਂ ਵਿਚ ਚੁੱਪ ਵਰਤ ਗਈ। ਗਿਆਨ ਕੌਰ ਆਈਆਂ ਜਨਾਨੀਆਂ ਨੂੰ ਗੁਲ-ਗਲੇ ਅਤੇ ਸ਼ਕਰਪਾਰੇ ਵਰਤਾਉਣ ਲੱਗ ਪਈ। ਜ਼ਨਾਨੀਆਂ ਚੁੰਨੀ ਦੇ ਪੱਲੇ ਅੱਡ ਅੱਡ ਗੁਲਗਲੇ ਪਵਾ ਰਹੀਆਂ ਸਨ ਅਤੇ ਨਾਲੇ ਗਾ ਰਹੀਆਂ ਸੀ।
“ਅਸੀ ਅੱਧੀ ਰਾਤ ਗੁਜ਼ਾਰੀ, ਦੋ ਗੁਲਗਲਿਆਂ ਬਦਲੇ,
“ਵੇਲਾ ਸਿੰਘ ਨੇ ਗਿਆਨ ਕੌਰ ਮਾਰੀ ਦੋ ਗੁਲਗਲਿਆਂ ਬਦਲੇ।”
ਮੇਲਣਾ ਵੀ ਆਪਣੇ ਮੰਜੇ ਚਾਨਣੀ ਥੱਲੇ ਖਿਚਣ ਲੱਗ ਪਈਆਂ। ਜਿਹਨਾਂ ਦੇ ਸੌਣ ਦਾ ਇੰਤਜਾਮ ਆਂਢ-ਗੁਆਂਢ ਵਿਚ ਕੀਤਾ ਸੀ, ਉਹ ਵੀ ਜਾਣ ਲਈ ਉੱਠ ਪਈਆਂ। ਜਾਂਦੀਆਂ ਜਾਂਦੀਆਂ ਫਿਰ ਗਾਈ ਜਾਣ ਕਿ,
“ਗੁਆਂਡੀਉ ਜਾਗਦੇ ਕਿ ਸੁੱਤੇ,
ਆਪ ਤਾਂ ਮੁਖਤਿਆਰ ਸੌਂ ਗਿਆ, ਸੁਰਜੀਤ ਨੂੰ ਲੈ ਗਏ ਕੁੱਤੇ।”
ਇਹ ਸੁੱਣ ਕੇ ਦੀਪੀ ਨੂੰ ਹੋਰ ਤਰ੍ਹਾਂ ਲੱਗਾ ਅਤੇ ਕਹਿਣ ਲੱਗੀ,
“ਦੇਖੋ, ਮੰਮੀ ਜੀ ਉਹ ਤਹਾਨੂੰ ਅਤੇ ਡੈਡੀ ਜੀ ਨੂੰ ਕੀ ਕਹਿ ਰਹੀਆਂ ਨੇ।”
“ਪੁੱਤ, ਇਸ ਤਰ੍ਹਾਂ ਗੁੱਸਾ ਨਹੀ ਕਰੀਦਾ, ਸਿੱਠਣੀਆਂ ਤੇ ਭਾਗਾਂ ਵਾਲਿਆਂ ਨੂੰ ਮਿਲਦੀਆਂ ਨੇ।” ਹਰਨਾਮ ਕੌਰ ਨੇ ਕਿਹਾ
“ਇਹ ਹੀ ਤਾਂ ਅਪਣੱਤ ਦੀ ਨਿਸ਼ਾਨੀ ਹੈ।” ਸੁਰਜੀਤ ਨੇ ਵੀ ਗੱਲ ਨਾਲ ਹੀ ਰਲਾ ਦਿੱਤੀ।
ਗਲ੍ਹੀ ਵਿਚ ਜ਼ਨਾਨੀਆਂ ਅਜੇ ਵੀ ਗਾ ਰਹੀਆਂ ਸਨ,
“ਮੁਖਤਿਆਰ ਸਿੰਹਾਂ, ਕਣਕ ਤਾਂ ਵੱਢ ਚਲੇ ਤੇ ਭਰੀਆਂ ਚਲੇ ਢੋ,
ਸੁਰਜੀਤ ਤੇਰੀ ਨੂੰ ਲੈ ਚਲੇ ਆਂ, ਕਰਕੇ ਗੈਸ ਦੀ ਲੋਅ,
ਬੈਠਾ ਰੋਵੇਂਗਾ, ਲਾ ਕੇ ਪਲ੍ਹੰਘ ਨਾਲ ਢੋਹ। ”
ਇਹ ਸਿੱਠਣੀ ਸੁਣ ਕੇ ਦੀਪੀ ਦਾ ਭਰਾ ਵਿਕਰਮ ਵੀ ਕਹਿਣ ਲੱਗਾ, “ਤੁਸੀ ਕਹਿੰਦੀਆਂ ਕਿ ਤੁਸੀ ਮੰਮੀ ਜੀ ਨੂੰ ਲੈ ਜਾ ਰਹੀਆਂ ਹੋ ਮੰਮੀ ਤਾਂ ਸਾਡੇ ਕੋਲ ਬੈਠੀ ਆ।”
ਵਿਕਰਮ ਦੀ ਗੱਲ ਉੱਪਰ ਘਰ ਦੇ ਜੀਆਂ ਨਾਲ ਗਾਉਣ ਵਾਲੀਆਂ ਜ਼ਨਾਨੀਆਂ ਵੀ ਹੱਸਣ ਵੀ ਲੱਗੀਆਂ।
ਦੂਜੇ ਦਿਨ ਸੌ ਬੰਦੇ ਤੋਂ ਉੱਪਰ ਜਨੇਤ ਆ ਗਈ। ਵਧੀਆਂ ਖਾਣਿਆਂ ਨਾਲ ਉਹਨਾਂ ਦੀ ਖੂਬ ਸੇਵਾ ਕੀਤੀ ਗਈ। ਵਿਤੋਂ ਵੱਧ ਖਰਚ ਕਰਕੇ ਦਾਜ ਦਿੱਤਾ ਗਿਆ। ਪਰ ਫਿਰ ਮੁੰਡੇ ਵਾਲੇ ਮੂੰਹ ਵਟਣ ਪਈ ਸਾਨੂੰ ਟੈਲੀਵਿਯਨ ਨਹੀਂ ਦਿੱਤਾ। ਸਿਆਣੇ ਬੰਦੇ ਵਿਚ ਪਏ ਤਾਂ ਫੈਂਸਲਾ ਲਿਆ ਕਿ ਛੇਤੀ ਹੀ ਤਹਾਨੂੰ ਟੈਲੀਵਿਯਨ ਪਹੁੰਚਾ ਦਿੱਤਾ ਜਾਵੇਗਾ। ਪਰ ਉਹ ਡੋਲ੍ਹੀ ਲੈ ਕੇ ੳਦੋਂ ਹੀ ਤੁਰੇ ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਟੈਲੀਵਿਯਨ ਦਸਾਂ ਪੰਦਰਾਂ ਦਿਨਾਂ ਦੇ ਵਿਚ ਉਹਨਾਂ ਨੂੰ ਮਿਲ ਜਾਵੇਗਾ।
ਦੀਪੀ ਇਹ ਸਭ ਕੁਝ ਦੇਖ ਕੇ ਹੈਰਾਨ ਹੋਈ ਬੋਲੀ, ਬਲਬੀਰ ਭੂਆ ਪੜ੍ਹੀ ਲਿਖੀ ਹੈ, ਫਿਰ ਵੀ ਉਸ ਨੇ ਸਹੁਰਿਆਂ ਵਲੋਂ ਕੀਤਾ ਤਮਾਸ਼ਾ ਕਿਵੇ ਬਰਦਾਸ਼ਤ ਕਰ ਲਿਆ। ਦੀਪੀ ਇਹ ਗੱਲਾਂ ਸੋਚ ਹੀ ਰਹੀ ਸੀ ਕਿ ਗਿਆਨ ਕੌਰ ਨੇ ਕੰਧ ਉੱਪਰ ਦੀ ਅਵਾਜ਼ ਮਾਰੀ, “ਕੁੜੇ, ਦੀਪੀ, ਆਪਣੇ ਡੈਡੀ ਨੂੰ ਭੇਜ, ਚੌਕੀਦਾਰ ਅਤੇ ਤਾਰਾ ਆਏ ਖੜੇ ਹਨ, ਲੋਕਾਂ ਦੇ ਮੰਜੇ ਬਿਸਤਰੇ ਮੋੜ ਦਈਏ। ਉਹ ਕਾਪੀ ਵੀ ਨਾਲ ਲੈ ਆਵੇ, ਜਿਸ ਤੇ ਨਿਸ਼ਾਨੀਆਂ ਅਤੇ ਨਾਮ ਲਿਖੇ ਹੋਏ ਹਨ।