ਸ੍ਰੀਨਗਰ – ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿੱਚ 51 ਦਿਨਾਂ ਦੇ ਕਰਫਿਊ ਤੋਂ ਬਾਅਦ ਜਨਜੀਵਨ ਆਮ ਵਰਗਾ ਹੁੰਦਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਸ੍ਰੀਨਗਰ ਦੇ ਨਵਹੱਟਾ ਅਤੇ ਮਹਾਰਾਜਗੰਜ ਦੇ ਇਲਾਕਿਆਂ ਵਿੱਚ ਅਜੇ ਵੀ ਕਰਫਿਊ ਜਾਰੀ ਹੈ।ਐਤਵਾਰ ਤੱਕ ਸ੍ਰੀਨਗਰ ਦੇ ਕੁਝ ਹਿੱਸਿਆਂ ਵਿੱਚ ਅਤੇ ਦੱਖਣੀ ਕਸ਼ਮੀਰ ਦੇ ਦੋ ਸ਼ਹਿਰਾਂ ਪੁਲਵਾਮਾ ਅਤੇ ਪੰਪੋਰ ਵਿੱਚ ਕਰਫਿਊ ਲਗਿਆ ਹੋਇਆ ਸੀ। ਇਸ ਦੇ ਇਲਾਵਾ ਬਾਕੀ ਘਾਟੀ ਵਿੱਚ ਲੋਕਾਂ ਦੇ ਇੱਕਠੇ ਹੋਣ ਤੇ ਰੋਕ ਲਗੀ ਹੋਈ ਸੀ, ਜਿਸ ਕਾਰਣ ਘਾਟੀ ਵਿੱਚ ਲਗਾਤਾਰ 51 ਦਿਨਾਂ ਤੱਕ ਆਮ ਜਨਤਾ ਦਾ ਜਨਜੀਵਨ ਅਸਤ-ਵਿਅਸਤ ਰਿਹਾ।
ਪੁਲਿਸ ਅਧਿਕਾਰੀਆਂ ਅਨੁਸਾਰ ਸ੍ਰੀਨਗਰ ਦੇ ਪੰਜ ਪੁਲਿਸ ਸਟੇਸ਼ਨਾਂ ਨੂੰ ਛੱਡ ਕੇ ਕਈ ਇਲਾਕਿਆਂ ਵਿੱਚ ਐਤਵਾਰ ਨੂੰ ਹੀ ਕਰਫਿਊ ਹਟਾ ਲਿਆ ਗਿਆ ਸੀ। ਤਿੰਨ ਦਿਨ ਪਹਿਲਾਂ ਜੁੰਮੇ ਦੀ ਨਮਾਜ਼ ਦੇ ਬਾਅਦ ਪੁਰਾਣੇ ਸ਼ਹਿਰ ਵਿੱਚ ਈਦਗਾਹ ਤੱਕ ਅਤੇ ਬਾਦਾਮੀਬਾਗ ਛਾਉਣੀ ਇਲਾਕੇ ਵਿੱਚ ਸੈਨਾ ਦੇ ਮੁੱਖ ਦਫ਼ਤਰ ਤੱਕ ਵੱਖਵਾਦੀਆਂ ਦੀ ਰੈਲੀ ਕੱਢਣ ਦੀ ਯੋਜਨਾ ਨੂੰ ਅਸਫਲ ਕਰਨ ਦੇ ਲਈ ਪੂਰੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ। ਕਸ਼ਮੀਰ ਵਿੱਚ ਸ਼ਨਿਚਰਵਾਰ ਨੂੰ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਦੇ ਵਿੱਚਕਾਰ ਝੱੜਪਾਂ ਵਿੱਚ ਘੱਟ ਤੋਂ ਘੱਟ 25 ਲੋਕ ਜਖਮੀ ਹੋ ਗਏ ਸਨ।
ਵਰਨਣਯੋਗ ਹੈ ਕਿ 8 ਜੁਲਾਈ ਨੂੰ ਪੁਲਿਸ ਦੇ ਨਾਲ ਇੱਕ ਮੁੱਠਭੇੜ ਵਿੱਚ ਹਿਜਬੁੱਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਫੈਲੀ ਹਿੰਸਾ ਵਿੱਚ ਹੁਣ ਤੱਕ 68 ਲੋਕਾਂ ਦੀ ਜਾਨ ਜਾ ਚੁੱਕੀ ਹੈ।