ਮਾਂ ਆਪਣੇ ਪੁੱਤਰ ਦਾ ਵਿਆਹ ਬਹੁਤ ਹੀ ਸ਼ਗਨਾਂ ਅਤੇ ਚਾਅਵਾਂ ਨਾਲ ਕਰਦੀ ਹੈ। ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਦਿਲ ਵਿੱਚ ਵੀ ਕਈ ਤਰਾਂ ਦੇ ਅਰਮਾਨ ਹੁੰਦੇ ਹਨ। ਪਰ ਵਿਆਹ ਤੋਂ ਬਾਅਦ ਇਹ ਸਾਰੇ ਅਰਮਾਨ ਅਤੇ ਚਾਅ ਖਤਮ ਹੁੰਦੇ ਜਾਪਦੇ ਹਨ ਅਤੇ ਘਰ ਵਿੱਚ ਕਲੇਸ਼ ਰਹਿਣ ਲੱਗਦਾ ਹੈ ਅਤੇ ਰਿਸ਼ਤਿਆਂ ਦੇ ਵਿੱਚ ਤਰੇੜ ਪੈ ਜਾਂਦੀ ਹੈ। ਜੇਕਰ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਰਿਸ਼ਤਿਆਂ ਦੇ ਟੁੱਟਣ ਨੂੰ ਬਚਾਇਆ ਜਾ ਸਕਦਾ ਹੈ।
ਹਰ ਇੱਕ ਘਰ ਦਾ ਆਪਣਾ ਵੱਖਰਾ ਮਾਹੌਲ ਹੁੰਦਾ ਹੈ।ਵਿਆਹ ਤੋਂ ਬਾਅਦ ਲੜਕੀ ਇਕਦਮ ਅਲੱਗ ਮਾਹੌਲ ਵਿੱਚ ਆਈ ਹੁੰਦੀ ਹੈ ਅਤੇ ਉਹ ਆਪਣੇ ਪੁਰਾਣੇ ਘਰਦੇ ਮਾਹੌਲ ਅਨੁਸਾਰ ਢਲੀ ਹੁੰਦੀ ਹੈ। ਨਵੇਂ ਮਾਹੌਲ ਅਨੁਸਾਰ ਢਲਣ ਲਈ ਉਸਨੂੰ ਥੋੜਾ ਸਮਾਂ ਦੇਣਾ ਚਾਹੀਦਾ ਅਤੇ ਉਸ ਉਪਰ ਕਿਸੇ ਕਿਸਮ ਦਾ ਦਬਾਅ ਨਹੀਂ ਬਨਾਉਣਾ ਚਾਹੀਦਾ।
ਲੜਕੀ ਨੂੰ ਆਪਣੇ ਸਹੁਰੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ।ਮੋਬਾਇਲ ਦੀ ਵਰਤੋ ਜਿੰਨੀ ਹੋ ਸਕੇ ਘੱਟ ਕਰਨੀਂ ਚਾਹੀਦੀ ਹੈ।
ਲੜਕੀ ਆਪਣੇ ਸੱਸ-ਸਹੁਰੇ ਨੂੰ ਆਪਣੇ ਮਾਂ-ਪਿਉ ਅਤੇ ਸੱਸ-ਸਹੁਰਾ ਆਪਣੀ ਨ੍ਹੂੰਹ ਨੂੰ ਆਪਣੀ ਧੀ ਬਣਾਕੇ ਰੱਖਣ।
ਲੜਕੀ ਨੂੰ ਸਹੁਰੇ ਘਰ ਦੀਆਂ ਗੱਲਾਂ ਨੂੰ ਪੇਕੇ ਘਰ ਵਿੱਚ ਨਹੀਂ ਦੱਸਣਾ ਚਾਹੀਦਾ। ਹਰ ਇੱਕ ਛੋਟੀ-ਛੋਟੀ ਗੱਲ ਨੂੰ ਪੇਕੇ ਘਰ ਜਾਂ ਮਾਂ ਨੂੰ ਦੱਸਣਾ ਵੀ ਕਈ ਵਾਰ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਬਣਦਾ ਹੈ। ਸੱਸ ਨੂੰ ਵੀ ਚਾਹੀਦਾ ਹੈ ਕਿ ੳਹ ਆਪਣੀ ਨ੍ਹੂੰਹ ਨਾਲ ਸਬੰਧਤ ਗੱਲਾਂ ਗਲੀ-ਗੁਆਂਢ ਵਿੱਚ ਨਾਂ ਕਰਨ।
ਲੜਕੀ ਦੇ ਬਣਾਏ ਖਾਣੇ ਦੀ ਸਭ ਨੂੰ ਤਾਰੀਫ ਕਰਨੀ ਚਾਹੀਦੀ ਹੈ। ਲੜਕੀ ਨੂੰ ਆਪਣੇ ਪਤੀ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਦੀ ਪਸੰਦ ਨੂੰ ਹੌਲੀ-ਹੌਲੀ ਜਾਨਣਾ ਚਾਹੀਦਾ ਹੈ। ਸੱਸ ਨੂੰ ਚਾਹੀਦਾ ਹੈ ਕਿ ਉਹ ਆਪਣੀ ਨ੍ਹੂੰਹ ਨੂੰ ਇਸ ਸਬੰਧੀ ਦੱਸੇ ਅਤੇ ਨੂੰਹ ਨੂੰ ਵੀ ਜੇਕਰ ਕੋਈ ਪਕਵਾਨ ਬਨਾਉਣਾ ਨਹੀ ਆਉਂਦਾ ਤਾਂ ਆਪਣੀ ਸੱਸ ਤੋਂ ਪੁੱਛਣ ਲੱਗਿਆਂ ਝਿਜਕਣਾਂ ਨਹੀਂ ਚਾਹੀਦਾ।ਜੇਕਰ ਲੜਕੀ ਕੋਈ ਅਜਿਹਾ ਪਕਵਾਨ ਬਣਾਉਂਦੀ ਹੈ ਜੋ ਉਸਦੇ ਪੇਕੇ ਘਰ ਬਣਾਇਆ ਜਾਂਦਾ ਹੈ ਪਰ ਸਹੁਰੇ ਘਰ ਨਹੀਂ ਤਾਂ ਸਹੁਰੇ ਘਰ ਨੂੰ ਇਸਦਾ ਮਜਾਕ ਨਹੀਂ ਉਡਾਉਣਾ ਚਾਹੀਦਾ। ਨ੍ਹੂੰਹ ਦੀ ਪਸੰਦ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।
ਨਵੀਂ ਵਿਆਹੀ ਲੜਕੀਂ ਨੂੰ ਏਨੀਂ ਛੇਤੀ ਘਰ ਵਿੱਚ ਇਕੱਲੇ ਨਾਂ ਛੱਡੋ।ਕਿਉਂਕਿ ਉਸਨੂੰ ਨਵੇਂ ਰਿਸ਼ਤਿਆਂ ਨੂੰ ਪਛਾਨਣ ਵਿੱਚ ਸਮਾਂ ਲੱਗਣਾ ਹੈ। ਘਰ ਵਿੱਚ ਕਿਸੇ ਰਿਸ਼ਤੇਦਾਰ ਦਾ ਆਉਣ ਤੇ ਇਕੱਲੀ ਹੋਣਤੇ ਉਹ ਇਕਦਮ ਘਬਰਾ ਸਕਦੀ ਹੈ।
ਲੜਕੇ ਜਾਂ ਉਸਦੇ ਪਰਿਵਾਰਕਿ ਮੈਂਬਰਾਂ ਨੂੰ ਕਦੇ ਵੀ ਲੜਕੀ ਦੇ ਪੇਕਿਆਂ ਬਾਰੇ ਅਜਿਹੀ ਗੱਲ ਨਹੀਂ ਕਰਨੀਂ ਚਾਹੀਦੀ ਜੋ ਲੜਕੀ ਨੂੰ ਬੁਰਾ ਲੱਗੇ।
ਜੇਕਰ ਨਨਾਣਾਂ ਕੁਆਰੀਆਂ ਹਨ ਤਾਂ ਨਨਾਣ ਭਾਬੀ ਨੂੰ ਸਾਰੇ ਕੰਮ ਵੰਡ ਕੇ ਕਰਨੇ ਚਾਹੀਦੇ ਹਨ। ਸੱਸ ਨੂੰ ਚਾਹੀਦਾ ਹੈ ਕਿ ਉਹ ਹਰ ਇੱਕ ਦੇ ਕੰਮ ਦੀ ਜੁੰਮੇਵਾਰੀ ਫਿਕਸ ਕਰੇ। ਕਿਸੇ ਇੱਕ ਉੱਪਰ ਘਰਦੇ ਸਾਰੇ ਕੰਮਾਂ ਦੀ ਜੁੰਮੇਵਾਰੀ ਨਾਂ ਪਾਉ।
ਸੱਸ ਅਤੇ ਸਹੁਰੇ ਨੂੰ ਨ੍ਹੂੰਹ ਦੇ ਕੰਮਾਂ ਵਿੱਚ ਹਰ-ਵਕਤ ਨੁਕਸ ਜਾਂ ਨੁਕਤਾਚੀਨੀ ਨਹੀਂ ਕਰਨੀਂ ਚਾਹੀਦੀ। ਜੇਕਰ ਨ੍ਹੂੰਹ ਨੂੰ ਕੁਝ ਕਹਿਣਾ ਹੈ ਤਾਂ ਪਿਆਰ ਨਾਲ ਬੈਠਕੇ ਸਮਝਾਉਣਾ ਚਾਹੀਦਾ ਹੈ।
ਮਾਂ-ਪਿਓ ਨੂੰ ਸਾਰੇ ਲੜਕਿਆਂ ਅਤੇ ਉਹਨਾਂ ਦੀਆਂ ਪਤਨੀਆਂ ਨਾਲ ਬਰਾਬਰ ਦਾ ਵਿਵਹਾਰ ਕਰਨਾ ਚਾਹੀਦਾ ਹੈ। ਨਹੀਂ ਤਾਂ ਭਰਾਵਾਂ ਅਤੇ ਉਹਨਾਂ ਦੀਆਂ ਪਤਨੀਆਂ ਵਿੱਚ ਇਸ ਗੱਲ ਦੀ ਹੀਣ-ਭਾਵਨਾਂ ਆ ਸਕਦੀ ਹੈ ਜੋ ਬਾਅਦ ਵਿੱਚ ਲੜਾਈ ਦਾ ਕਾਰਨ ਬਣਦੀ ਹੈ।
ਨੌਕਰੀ ਕਰਨ ਵਾਲੀ ਨੂੰਹ ਦੇ ਆਰਾਮ ਦੇ ਸਮੇਂ ਦਾ ਧਿਆਨ ਵੀ ਸੱਸ ਨੂੰ ਰੱਖਣਾ ਚਾਹੀਦਾ ਹੈ। ਹਰ ਵੇਲੇ ਉਹਨਾਂ ਨੂੰ ਘਰ ਦੇ ਕੰਮ ਬਾਰੇ ਸੁਨਾਉਣਾ ਚੰਗੀ ਗੱਲ ਨਹੀਂ ਤੇ ਨੂੰਹ ਨੂੰ ਵੀ ਚਾਹੀਦਾ ਹੈ ਕਿ ਨੌਕਰੀ ਦਾ ਬਹਾਨਾ ਲਗਾ ਕੇ ਹਰ ਵੇਲੇ ਕੰਮ ਤੋਂ ਪਾਸਾ ਨਾਂ ਵੱਟੇ।
ਲੜਕੀ ਨੂੰ ਜੇਕਰ ਘਰ ਵਿੱਚ ਮੁਸਕਿਲ ਆਉਂਦੀ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਆਪਣੇ ਪਤੀ ਨਾਲ ਗੱਲਬਾਤ ਕਰਨੀਂ ਚਾਹੀਦੀ ਹੈ। ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ੳਹ ਨੂੰਹ ਦੇ ਪਰਿਵਾਰ ਜਾਂ ਵਿਚੌਲੇ ਨਾਲ ਗੱਲ ਕਰਨ ਦੀ ਬਜ਼ਾਏ ਆਪਸ ਵਿੱਚ ਗਲਬਾਤ ਕਰਕੇ ਹੀ ਮਸਲਾ ਹੱਲ ਕਰਨ।
ਲੜਕੀ ਨੂੰ ਆਪਣੇ ਲਈ ਵੱਖਰੇ ਹੋਣ ਜਾਂ ਵੱਖਰੇ ਘਰ ਦੀ ਮੰਗ ਨਹੀਂ ਕਰਨੀਂ ਚਾਹੀਦੀ। ਲੜਕੀ ਨੂੰ ਸਮਝਣਾ ਚਾਹੀਦਾ ਹੈ ਕਿ ਉਸਦਾ ਪਤੀ, ਪਤੀ ਹੋਣ ਤੋਂ ਇਲਾਵਾ ਇੱਕ ਪੁੱਤਰ ਵੀ ਹੈ। ਮਾਂ-ਪਿਓ ਨਾਲੋਂ ਅਲੱਗ ਹੋਣਤੇ ੳਹ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਰਹੇਗਾ।
ਲੜਕੇ ਨੂੰ ਆਪਣੀ ਮਾਂ ਅਤੇ ਪਤਨੀ ਦੋਨਾਂ ਨੂੰ ਸੁਨਣਾ ਚਾਹੀਦਾ ਹੈ ਅਤੇ ਦੋਨ੍ਹਾਂ ਨੂੰ ਉਹਨਾਂ ਦੇ ਬਣਦੇ ਹੱਕ ਅਤੇ ਸਤਿਕਾਰ ਦੇਣਾ ਚਾਹੀਦਾ ਹੈ।
ਪੁੱਤਰ ਦੇ ਵਿਆਹ ਤੋਂ ਬਾਅਦ ਮਾਂ ਨੂੰ ਇਹ ਮਹਿਸੂਸ ਹੋਣ ਲੱਗਣ ਲੱਗ ਪੈਂਦਾ ਹੈ ਕਿ ਉਸਦਾ ਪੁੱਤਰ ਉਸਨੂੰ ਘੱਟ ਅਤੇ ਆਪਣੀ ਪਤਨੀ ਨੂੰ ਜਿਆਦਾ ਪਿਆਰ ਅਤੇ ਸਮਾਂ ਦਿੰਦਾ ਹੈ। ਮਾਂ ਨੂੰ ਕਦੀ ਵੀ ਇਸ ਤਰਾਂ ਨਹੀਂ ਸੋਚਣਾ ਚਾਹੀਦਾ। ਉਸਨੂੰ ਸਮਝਣਾ ਚਾਹੀਦਾ ਹੈ ਕਿ ਇੱਕ ਲੜਕੀ ਆਪਣਾ ਘਰ ਪਰਿਵਾਰ ਛੱਡ ਕੇ ਉਹਨਾਂ ਘਰ ਆਈ ਹੈ ਅਤੇ ਉਹ ਉਸਦੀ ਨੂੰਹ ਹੈ। ਘਰ ਦੇ ਵਿੱਚ ਨਵਾਂ ਮੈਂਬਰ ਅਉਣ ਨਾਲ ਪਿਆਰ ਦਾ ਵੰਡਿਆ ਜਾਣਾ ਸੁਭਾਵਿਕ ਵੀ ਹੈ।
ਜੇਕਰ ਘਰ ਵਿੱਚ ਕੋਈ ਨਵੀਂ ਚੀਜ ਆਉਂਦੀ ਹੈ ਤਾਂ ਉਸਦੀ ਖੁਸ਼ੀ ਸਭ ਨਾਲ ਸਾਂਝੀ ਕਰਨੀ ਚਾਹੀਦੀ ਹੈ। ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਨੂੰਹ-ਸੱਸ ਕਈ ਵਾਰ ਨਵੀਆਂ ਚੀਜਾਂ ਜਾਂ ਆਪਣੇ ਕੱਪੜੇ ਆਦਿ ਲਿਆਉਂਦੀਆਂ ਹਨ ਪੂਰ ਉਹ ਇੱਕ ਦੂਜੇ ਨੂੰ ਦਿਖਾਉਂਦੀਆਂ ਨਹੀਂ। ਇੱਕ ਦੂਜੇ ਤੋਂ ਪੁੱਛ-ਦੱਸ ਕੇ ਕੰਮ ਕਰਨ ਨਾਲ ਆਪਸੀ ਪਿਆਰ ਵਧਦਾ ਹੈ, ਘੱਟਦਾ ਨਹੀਂ।
ਜੇਕਰ ਸੱਸ ਬਿਮਾਰ ਹੈ ਤਾਂ ਨ੍ਹੂੰਹ ਨੂੰ ਚਾਹੀਦਾ ਹੈ ਕਿ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੇ। ਉਸਦੀਆਂ ਦਵਾਈਆਂ ਲੈਣ ਦੇ ਸਮੇਂ ਦਾ ਖਿਆਲ ਰੱਖੇ। ਜੇਕਰ ਸੱਸ ਸਿਹਤਮੰਦ ਹੈ ਤਾਂ ਉਸਨੂੰ ਚਾਹੀਦਾ ਹੈ ਨੂੰਹ ਨਾਲ ਕੁਝ ਕੰਮ ਵਿੱਚ ਹੱਥ ਵਟਾ ਲਿਆ ਕਰੇ। ਕੰਮ ਕਰਦੇ ਨਾਲ ਬਿਮਾਰੀਆਂ ਘੱਟ ਲਗਦੀਆਂ ਹਨ ਅਤੇ ਸਰੀਰ ਚੁਸਤ ਫਰੁਸਤ ਰਹਿੰਦਾ ਹੈ।
ਨੌਕਰੀ ਪੇਸ਼ਾ ਪਤੀ ਪਤਨੀਆਂ ਨੇਂ ਕਈ ਤਰਾਂ ਦੇ ਲੋਕਾਂ ਨਾਲ ਮੇਲ-ਜੋਲ ਕਰਨਾਂ ਹੁੰਦਾ ਹੈ। ਸੋ ਕਦੀ ਵੀ ਇੱਕ ਦੂਜੇ ੳੇੱਤੇ ਸ਼ੱਕ ਨਾਂ ਕਰੋ। ਸ਼ੱਕ ਅਤੇ ਗਲਤਫਿਹਮੀਂ ਨਾਲ ਰਿਸ਼ਤੇ ਟੁੱਟਦਿਆਂ ਦੇਰ ਨਹੀਂ ਲਗਦੀ।
ਨੌਕਰੀ ਪੇਸ਼ਾ ਪਤੀ ਪਤਨੀ ਨੂੰ ਇਕ ਦੂਜੇ ਦੀ ਤਨਖਾਹ ਦਾ ਪਤਾ ਹੋਣਾ ਚਾਹੀਦਾ ਹੈ। ਪਤਨੀ ਨੂੰ ਪਤੀ ਦੀ ਸਹਿਮਤੀ ਤੋਂ ਬਿਨਾਂ ਆਪਣੀ ਤਨਖਾਹ ਆਪਣੇ ਪੇਕਿਆਂ ਨੂੰ ਨਹੀਂ ਦੇਣੀ ਚਾਹੀਦੀ।
ਬੱਚੇ ਪੈਦਾ ਕਰਨ ਸਬੰਧੀ ਯੋਜਨਾ ਪਤੀ-ਪਤਨੀ ਦੀ ਹੁੰਦੀ ਹੈ। ਬਾਕੀ ਪਰਿਵਾਰਿਕ ਮੈਂਬਰਾਂ ਨੂੰ ਇਸ ਵਿੱਚ ਜਿਆਦਾ ਦਖਲ ਨਹੀਂ ਦੇਣਾ ਚਾਹੀਦਾ।
ਪੋਤੇ-ਪੋਤਰੀਆਂ ਨਾਲ ਸਭ ਨੂੰ ਚਾਅ ਹੁੰਦਾ ਹੈ। ਕਦੇ ਵੀ ਬੱਚਿਆਂ ਨੂੰ ਉਹਨਾਂ ਦੇ ਦਾਦਾ-ਦਾਦੀ ਤੋਂ ਦੂਰ ਨਾਂ ਰੱਖੋ। ਇਸ ਨਾਲ ਬੁਢੇਪੇ ਦੀ ਉਮਰੇ ਉਹ ਇਕੱਲਾਪਣ ਵੀ ਮਹਿਸੂਸ ਨਹੀਂ ਕਰਨਗੇ।