ਨਵੀਂ ਦਿੱਲੀ – ਕੇਜਰੀਵਾਲ ਸਰਕਾਰ ਨੇ ਆਪਣੇ ਕੈਬਨਿਟ ਮੰਤਰੀ ਸੰਦੀਪ ਕੁਮਾਰ ਨੂੰ ਸੈਕਸ ਸਕੈਂਡਲ ਦੀ ਸੀਡੀ ਸਾਹਮਣੇ ਆਉਣ ਤੇ ਬਰਖਾਸਤ ਕਰ ਦਿੱਤਾ ਹੈ। ਆਪ ਸਰਕਾਰ ਦੇ ਇਹ ਤੀਸਰੇ ਮੰਤਰੀ ਹਨ ਜਿੰਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ। 34 ਸਾਲਾ ਸੰਦੀਪ ਕੁਮਾਰ ਸੁਲਤਾਨਪੁਰ ਮਾਜਰਾ ਤੋਂ ਵਿਧਾਇਕ ਹਨ ਅਤੇ ਪੇਸ਼ੇ ਤੋਂ ਵਕੀਲ ਹਨ।
ਬੁੱਧਵਾਰ ਸ਼ਾਮ ਨੂੰ ਕਿਸੇ ਓਮਪ੍ਰਕਾਸ਼ ਨਾਮ ਦੇ ਵਿਅਕਤੀ ਵੱਲੋਂ ਸਮਾਚਾਰ ਚੈਨਲਾਂ ਨੂੰ ਇੱਕ ਇਤਰਾਜ਼ਯੋਗ ਸੀਡੀ ਭੇਜੀ ਗਈ ਸੀ। ਸੀਡੀ ਦੇ ਨਾਲ ਇੱਕ ਪੱਤਰ ਵੀ ਟੀਵੀ ਚੈਨਲ ਵਾਲਿਆਂ ਨੂੰ ਭੇਜਿਆ ਗਿਆ ਸੀ, ਜਿਸ ਵਿੱਚ ਲਿਖਿਆ ਹੋਇਆ ਸੀ ਕਿ ਮੈਨੂੰ ਕੁਝ ਖਾਸ ਸੂਤਰਾਂ ਤੋਂ ਇੱਕ ਵੀਡੀਓ ਅਤੇ ਕੁਝ ਫੋਟੋ ਮਿਲੇ ਹਨ ਜੋ ਕਿ ਦਿੱਲੀ ਦੇ ਮੰਤਰੀ ਸੰਦੀਪ ਕੁਮਾਰ ਦੇ ਹਨ। ਨਿਊਜ਼ ਚੈਨਲ ਦੀ ਖ਼ਬਰ ਅਨੁਸਾਰ ਮੰਤਰੀ ਇਸ ਸੀਡੀ ਵਿੱਚ ਦੋ ਔਰਤਾਂ ਦੇ ਨਾਲ ਇਤਰਾਜ਼ਯੋਗ ਹਾਲਤ ਵਿੱਚ ਵਿਖਾਈ ਦੇ ਰਹੇ ਹਨ। 9 ਮਿੰਟ ਦੀ ਵੀਡੀਓ ਦੇ ਇਲਾਵਾ 11 ਫੋਟੋ ਵੀ ਮੀਡੀਆ ਤੱਕ ਪਹੁੰਚਾਈਆਂ ਗਈਆਂ ਹਨ।
ਕੇਜਰੀਵਾਲ ਨੇ ਆਪਣੀ ਸਰਕਾਰ ਦੇ ਮਹਿਲਾ ਅਤੇ ਬਾਲ ਕਲਿਆਣ ਮੰਤਰੀ ਸੰਦੀਪ ਕੁਮਾਰ ਦੀ ਸੀਡੀ ਸਾਹਮਣੇ ਆਉਣ ਤੇ ਰਾਤ 8:30 ਵਜੇ ਹੀ ਸੰਦੀਪ ਨੂੰ ਮੰਤਰੀ ਪਦ ਤੋਂ ਹਟਾ ਦਿੱਤਾ। ਸਿਸੌਦੀਆ ਨੇ ਕਿਹਾ ਕਿ ਮੰਤਰੀ ਦੇ ਖਿਲਾਫ਼ ਸੀਡੀ ਸਾਨੂੰ ਰਾਤ ਦੇ 8 ਵਜੇ ਮਿਲੀ ਸੀ ਤ ਅੱਧੇ ਘੰਟੇ ਦੇ ਅੰਦਰ ਹੀ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਵਰਨਣਯੋਗ ਹੈ ਕਿ ਸੰਦੀਪ ਕੁਮਾਰ ਜਦੋਂ ਮੰਤਰੀ ਬਣੇ ਸਨ ਤਾਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਉਹ ਔਰਤਾਂ ਦੀ ਬਹੁਤ ਕਦਰ ਕਰਦੇ ਹਨ ਤੇ ਸਵੇਰੇ ਉਠ ਕੇ ਆਪਣੀ ਪਤਨੀ ਦੇ ਪੈਰ ਛੂੰਹਦੇ ਹਨ ਅਤੇ ਪਤਨੀ ਉਨ੍ਹਾਂ ਨੂੰ ਅਸ਼ੀਰਵਾਦ ਦਿੰਦੀ ਹੈ।