ਕਿਸੇ ਧਰਮ ਦੇ ਮੰਨਣ ਵਾਲਿਆਂ ਲਈ ਕੋਈ ‘‘ਕੇਂਦਰ’’ ਅਤੇ ‘‘ਗ੍ਰੰਥ’’ ਦਾ ਹੋਣਾ ਅਤੀ ਜ਼ਰੂਰੀ ਸਮਝਿਆ ਜਾਂਦਾ ਹੈ ਜਿਵੇਂ ਕਿ ਉਸ ਸਮੇਂ ਪ੍ਰਚੱਲਿਤ ਹਿੰਦੂ ਤੇ ਇਸਲਾਮ ਦੇ ਧਾਰਨੀਆਂ ਕੋਲ ਇਹ ਦੋਵੇਂ ਸਾਧਨ ਮੌਜੂਦ ਸਨ। ਸਿੱਖਾਂ ਕੋਲ ਅੰਮ੍ਰਿਤ-ਸਰੋਵਰ ਤੇ ਸ੍ਰੀ ਹਰਿੰਮੰਦਰ ਸਾਹਿਬ ਤਾਂ ਸਨ ਪ੍ਰੰਤੂ ਗਿਆਨ ਵੰਡਣ ਵਾਲੇ ਸਦੀਵੀਂ ‘‘ਗਰੰਥ’’ ਦੀ ਅਤੀ ਲੋੜ ਸੀ। ਪੰਜਵੇਂ ਗੁਰੂ ਨਾਨਕ ਦੇ ਗੁਰਗੱਦੀ ਉ¤ਤੇ ਬੈਠਣ ਸਮੇਂ ਤੱਕ ਪੰਜਾਬ ਤੋਂ ਬਾਹਰ ਦੇਸ਼ ਦੇ ਦੂਜੇ ਰਾਜਾਂ ਵਿੱਚ ਸਿੱਖੀ ਦਾ ਕਾਫ਼ੀ ਪ੍ਰਚਾਰ ਹੋ ਚੁੱਕਾ ਸੀ। ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦੇ ਭਰਮਣ ਸਮੇਂ ਉਨ੍ਹਾਂ ਦੇ ਮੁੱਖੋਂ ਉਚਾਰੀ ਬਾਣੀ ਅਤੇ ਇਸੇ ਸਮੇਂ ਦੌਰਾਨ ਉਨ੍ਹਾਂ ਤੋਂ ਪਹਿਲਾਂ ਹੋਏ ਭਗਤਾਂ ਤੇ ਸੰਤਾਂ ਦੀ ਬਾਣੀ ਭੀ ਉਨ੍ਹਾਂ ਇਕੱਤਰ ਕਰ ਲਈ। ਇਹ ਸਭ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਬਾਦ ਦੂਜੀ ਜੋਤ ਗੁਰੂ ਅੰਗਦ ਦੇਵ ਜੀ ਪਾਸ ਪਹੁੰਚ ਗਿਆ। ਇਉਂ ਦੂਜੇ ਗੁਰੂ ਜੀ ਦੀ ਰਚਨਾ ਸਮੇਤ ਇਹ ਸਾਰੀ ਬਾਣੀ ਤੀਜੇ ਗੁਰੂ ਜੀ ਨੇ ਸੰਭਾਲ ਲਈ। ਇਹ ਪ੍ਰੰਪਰਾ ਅੱਗੇ ਭੀ ਇਵੇਂ ਜਾਰੀ ਰਹੀ। ਚਾਰੇ ਗੁਰੂ ਸਾਹਿਬਾਨ ਸਮੇਤ ਸਾਰੇ ਭਗਤਾਂ ਦੀ ਬਾਣੀ ਪੰਜਵੇਂ ਗੁਰੂ ਜੀ ਪਾਸ ਇਕੱਤਰ ਹੋ ਗਈ।
ਗੁਰੂ-ਬਾਣੀ ਦੇ ਮੁਕਾਬਲੇ (ਜੋ ਅਨਮੋਲ-ਖਜ਼ਾਨਾ ਸੀ) ਪ੍ਰਿਥੀ ਚੰਦ ਅਤੇ ਉਸ ਦਾ ਪੁੱਤਰ ਮਿਹਰਬਾਨ ਕਵਿਤਾ ਤੇ ਕਵੀਸ਼ਰੀ ਨੂੰ ‘‘ਪੁੱਤ ਪ੍ਰਿਥੀਏ ਦਾ ਕਬੀਸਰੀ ਕਰੇ’’ ਅਨੁਸਾਰ ‘‘ਨਾਨਕ’’ ਨਾਮ ਹੇਠ ਪ੍ਰਚਾਰ ਰਹੇ ਸਨ। ਇਹ ਡਰ ਭਾਸਣ ਲੱਗ ਪਿਆ ਸੀ ਕਿ ਇਸ ਵਿੱਚ ਗੁਰਬਾਣੀ ਨਾ ਰਲ ਜਾਵੇ। ਇਸ ਰਲੇਵੇਂ ਦੇ ਡਰੋਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਉਹ ਉਨ੍ਹਾਂ (ਗੁਰੂ ਜੀ) ਪਾਸ ਸੰਭਾਲੀ ਹੋਈ ਬਾਣੀ ਨੂੰ ਲਿਖਣ ਤਾਂ ਜੋ ਭੋਲੇ-ਭਾਲੇ ਸਿੱਖ ਕੱਚੀ ਬਾਣੀ ਤੇ ਗੁਰੂਬਾਣੀ ਦੇ ਫ਼ਰਕ ਨੂੰ ਸਮਝ ਸਕਣ। ਭਾਈ ਗੁਰਦਾਸ ਗੁਰੂ ਜੀ ਦੀ ਆਗਿਆ ਮੰਨ ਕੇ 1601 ਈਸਵੀ ਨੂੰ ਇਸ ਕਾਰਜ ਵਿੱਚ ਜੁਟ ਗਏ। (ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਪਹਿਲੀ ਬਾਣੀ ਜਪੁਜੀ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਲਿਖ ਕੇ ਇਸ ਮਹਾਨ ਕਾਰਜ ਦਾ ਪ੍ਰਾਰੰਭ ਕੀਤਾ।)
ਜਪੁਜੀ ਤੋਂ ਬਾਦ ਸੋਦਰ ਦੀ ਬਾਣੀ (ਪੰਜ ਸ਼ਬਦ) ਸੋਹਿਲਾ (ਪੰਜ ਸ਼ਬਦ) ਫਿਰ ਬਾਣੀ ਰਾਗਾਂ ਵਿੱਚ ਲਿਖਣੀ ਪ੍ਰਾਰੰਭ ਕੀਤੀ। ਰਾਗਾਂ ਦੀ ਤਰਤੀਬ ਇਸ ਤਰ੍ਹਾਂ ਬਣਾਈ ਕਿ ਪਹਿਲਾਂ ਸ਼ਬਦ ਮਹੱਲੇਵਾਰ, ਫਿਰ ਛੰਦ, ਛੰਦਾਂ ਉਪਰੰਤ ਖ਼ਾਸ ਸਿਰਲੇਖ ਵਾਲੀਆਂ ਬਾਣੀਆਂ ਪੱਟੀ, ਬਾਂਰਹਮਾਹ, ਅਨੰਦ, ਸੁਖਮਨੀ ਸਾਹਿਬ ਆਦਿ। ਫਿਰ ਵਾਰਾਂ, ਇਹਨਾਂ ਪਿੱਛੋਂ ਭਗਤਾਂ ਦੇ ਚੋਣਵੇਂ ਸ਼ਬਦਾਂ ਨੂੰ ਥਾਂ ਦਿੱਤੀ। ਰਾਗਾਂ ਤੋਂ ਪਿੱਛੋਂ ਚੋਣਵੇਂ ਸ਼ਬਦਾਂ ਨੂੰ ਥਾਂ ਦਿੱਤੀ। ਰਾਗਾਂ ਤੋਂ ਪਿੱਛੋਂ ਗੁਰੂ ਜੀ ਨੇ ਉਨ੍ਹਾਂ ਬਾਣੀਆਂ ਨੂੰ ਲਿਖਵਾਇਆ ਜੋ ਰਾਗ ਮੁਕਤ ਸਨ। ਪਹਿਲਾਂ ਸਹਸਕ੍ਰਿਤੀ ਸਲੋਕ, ਫਿਰ ਗਾਥਾ, ਫੁਨਹੇ ਤੇ ਬਾਅਦ ਵਿੱਚ ਗਿਆਰਾਂ ਭੱਟਾਂ ਦੇ ਸਵੱਯੇ।
ਗੁਰਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 974 ਸ਼ਬਦ (19 ਰਾਗ), ਗੁਰੂ ਅੰਗਦ ਦੇਵ ਜੀ ਦੇ 63 ਸਲੋਕ, ਗੁਰੂ ਅਮਰਦਾਸ ਜੀ ਦੇ 907 ਸ਼ਬਦ (17 ਰਾਗ) ਗੁਰੂ ਰਾਮ ਦਾਸ ਜੀ ਦੇ 679 ਸ਼ਬਦ (30 ਰਾਗ) ਸਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੇ ਆਪਣੇ 2218 ਸ਼ਬਦ (ਕੁੱਲ 30 ਰਾਗ) ਦਰਜ ਹਨ। ਪੰਦਰਾਂ ਭਗਤਾਂ ਦੇ 938 ਸਲੋਕ, ਗਿਆਰਾਂ ਭੱਟਾਂ, ਬਾਬਾ ਸੁੰਦਰ ਜੀ (ਗੁਰੂ ਅਮਰਦਾਸ ਦੇ ਪੜਪੋਤੇ), ਰਬਾਬੀ ਸੱਤਾ ਤੇ ਬਲਵੰਡ (ਤਿੰਨੇ ਸਿੱਖ), ਦੀ ਬਾਣੀ ਚੜ੍ਹਾਈ। ਆਦਿ ਬੀੜ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਾਬਾ ਫਰੀਦ ਦੇ 116 ਅਤੇ ਭਗਤ ਕਬੀਰ ਜੀ ਦੇ 535 ਸ਼ਬਦ ਅਖ਼ੀਰ ਵਿੱਚ ਅੰਕਿਤ ਕੀਤੇ।
ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ (ਤਲਵੰਤੀ ਸਾਬੋ) ਵਿਖੇ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਦੀ ਅਣਹੋਂਦ ਕਰ ਕੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਭਾਈ ਮਨੀ ਸਿੰਘ ਜੀ ਤੋਂ ਗੁਰੂ ਤੇਗ ਬਹਾਦਰ ਜੀ ਦੇ 116 ਸ਼ਬਦ ਦਰਜ ਕਰਵਾ ਕੇ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਮੌਜੂਦਾ ਸਰੂਪ ਦਿੱਤਾ ਜੋ ਅੱਜ ਦਮਦਮੀ ਬੀੜ ਦੇ ਨਾਮ ਲੱਗ ਪੱਗ ਸਾਰੇ ਸਿੱਖ ਜਗਤ ਵਿੱਚ ਪ੍ਰਵਾਨਿਤ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਕੁੱਲ 31 ਰਾਗ, 5874 ਸ਼ਬਦ (ਪ੍ਰਿੰ: ਸਤਿਬੀਰ ਸਿੰਘ ਅਨੁਸਾਰ 5794 ਸ਼ਬਦ), ਕੁੱਲ 1430 ਅੰਕ (ਪੰਨੇ) ਹਨ।
ਆਦਿ ਗਰੰਥ ਨੂੰ ਪਹਿਲਾਂ ‘‘ਪੋਥੀ ਸਾਹਿਬ’’ ਦਾ ਨਾਮ ਦਿੱਤਾ ਗਿਆ ਜਿਸ ਨੂੰ ਪੰਜਵੇਂ ਗੁਰੂ ਜੀ ਨੇ ਭਾਈ ਗੁਰਦਾਸ ਜੀ ਤੋਂ ਭਾਦਰੋਂ ਵਦੀ ਪਹਿਲੀ ਨੂੰ ਸੰਪੂਰਨ ਕਰਵਾ ਕੇ ਭਾਦਰੋਂ ਸੁਦੀ ਪਹਿਲੀ ਸੰਨ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਸਥਾਪਨ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਮੁੱਖ ਗਰੰਥੀ ਥਾਪਿਆ ਗਿਆ।
1 ਸਤੰਬਰ ਨੂੰ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹਰ ਸਾਲ ਪੂਰੇ ਦੇਸ਼ ਤੇ ਵਿਸ਼ਵ ਵਿੱਚ ਸਿੱਖ-ਜਗਤ ਵੱਲੋਂ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
(ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਨੂੰ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਅੱਗੇ ਤੋਂ ਦੇਹ-ਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕਰਦਿਆਂ, ‘‘ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥ’’ ਦਾ ਉਪਦੇਸ਼ ਦਿੱਤਾ।)