ਨਵੀਂ ਦਿੱਲੀ : ਸਿੱਖ ਧਰਮ ਦਾ ਕਿਸੇ ਸਮੇਂ ਦੌਰਾਨ ਅਹਿਮ ਅੰਗ ਰਹੀ ਬਿਰਾਦਰੀਆਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਉਪਰਾਲਿਆਂ ਤਹਿਤ ਪ੍ਰੋਗਰਾਮ ਉਲੀਕਣ ਦਾ ਸਿਲਸਿਲਾ ਜਾਰੀ ਹੈ। ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਨੂੰ ਸਮਰਪਿਤ ਦਿੱਲੀ ਵਿਖੇ ਪਹਿਲੀ ਵਾਰ ਕਰਵਾਏ ਗਏ ‘‘ਗੁਰੂ ਲਾਧੋ ਰੇ’’ ਗੁਰਮਤਿ ਸਮਾਗਮ ’ਚ ਲੁਬਾਣਾ ਅਤੇ ਵਣਜਾਰਾ ਸਮਾਜ ਦੇ ਪੈਰੋਕਾਰਾਂ ਵੱਲੋਂ ਦੇਸ਼ ਅਤੇ ਵਿਦੇਸ਼ ਤੋਂ ਦਿੱਲੀ ਪੁਜ ਕੇ ਸੰਗਤ ਰੂਪੀ ਹਾਜਰੀ ਲਵਾਈ ਗਈ। ਸੰਗਤਾਂ ਵੱਲੋਂ ਕੇਂਦਰ ਸਰਕਾਰ ਨੂੰ ਉਕਤ ਭਾਈਚਾਰਿਆਂ ਨੂੰ ਰਾਖਵਾਂਕਰਨ ਦੀ ਸਹੂਲਤ ਦੇਣ ਦੀ ਮੰਗ ਕਰਦੇ ਹੋਏ ਤਿੰਨ ਮੱਤੇ ਵੀ ਪਾਸ ਕੀਤੇ ਗਏ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਮਾਗਮ ਦੌਰਾਨ ਉਕਤ ਦੋਨੋਂ ਭਾਈਚਾਰਿਆਂ ਦੇ ਨਾਲ ਹੀ ਸਿਕਲੀਘਰ ਤੇ ਘੁੰਮਤਰੂ ਸਿੱਖਾਂ ਦੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਲਈ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਅੱਗੇ ਆਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਗੁਰੂ ਦੀ ਗੋਲਕ ਵਿਚੋਂ 5 ਫੀਸਦੀ ਮਾਇਆ ਉਕਤ ਭਾਈਚਾਰੇ ਦੇ ਲੋਕਾਂ ਲਈ ਰਾਖਵੀਂ ਰੱਖਣ ਦੀ ਵੀ ਤਜ਼ਵੀਜ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਗਿਣਤੀ ਵਿਚ ਵਾਧਾ ਕਰਨ ਲਈ ਸਾਨੂੰ ਸਿੱਖ ਧਰਮ ਦਾ ਅੰਗ ਰਹੇ ਸਮੂਹ ਭਾਈਚਾਰਿਆਂ ਨੂੰ ਇੱਕ ਨਿਸ਼ਾਨ ਥੱਲੇ ਖੜਾ ਕਰਨ ਦੀ ਲੋੜ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਮਾਗਮ ਆਯੋਜਿਤ ਕਰਨ ਸੰਬੰਧੀ ਕਾਰਨਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਲੋਕਤੰਤਰ ਵਿਚ ਸਿਰਾਂ ਦੀ ਗਿਣਤੀ ਹੁੰਦੀ ਹੈ। ਸਰਕਾਰਾਂ ਤੁਹਾਡੀ ਗੱਲ ਤੇ ਤਾਂ ਤਵੱਜੋਂ ਦਿੰਦੀਆਂ ਹਨ ਜਦੋਂ ਤੁਸੀਂ ਕਿਸੇ ਸਰਕਾਰ ਨੂੰ ਬਣਾਉਣ ਜਾਂ ਗਿਰਾਉਣ ਦੀ ਅਸੀਂ ਤਾਕਤ ਰੱਖਦੇ ਹਾਂ। ਇਸ ਕਰਕੇ ਇਨ੍ਹਾਂ ਭਾਈਚਾਰਿਆਂ ਦੀ ਮੁਸ਼ਕਿਲਾਂ ਨੂੰ ਹੱਲ ਕਰਕੇ ਕਮੇਟੀ ਜਿਥੇ ਸਿੱਖੀ ਦੇ ਬੂਟੇ ਨੂੰ ਫੈਲਾਉਣ ਦਾ ਜਤਨ ਕਰ ਰਹੀ ਹੈ ਉਥੇ ਹੀ ਇਨ੍ਹਾਂ ਬਿਰਾਦਰਿਆਂ ਦੇ ਮਹਾਪੁਰਖਾਂ ਵੱਲੋਂ ਸਿੱਖ ਕੌਮ ਲਈ ਘਾਲੀ ਗਈ ਘਾਲਨਾਵਾਂ ਨੂੰ ਵੀ ਨਤਮਸਤਕ ਹੋ ਰਹੀ ਹੈ। ਜੀ.ਕੇ. ਨੇ ਕਿਹਾ ਕਿ ਪੰਜਾਬ ਤੋਂ ਬਾਹਰ ਵੱਸਦੀਆਂ ਸਿੱਖ ਕੌਮ ਦੀਆਂ ਪੁਰਾਣੀਆਂ ਅਤੇ ਡੂੰਘੀਆਂ ਜੜਾ ਨੂੰ ਸਿੱਖ ਕੌਮ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਅੱਗੇ ਵੀ ਜਾਰੀ ਰਹਿਣਗੀਆਂ।
ਸਿਰਸਾ ਨੇ ਕਿਹਾ ਕਿ ਸਿੱਖ ਅਤੇ ਸਿੱਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਤੱਲੇ ਇੱਕਤ੍ਰ ਕਰਕੇ ਹੀ ਸਿੱਖੀ ਨੂੰ ਮਜਬੂਤ ਕੀਤਾ ਜਾ ਸਕਦਾ ਹੈ। ਇਸ ਕਰਕੇ ਸਿੱਖ ਸਮਾਜ ਦੇ ਅਹਿਮ ਹਿੱਸਿਆਂ ਨੂੰ ਜੋੜਨ ਦਾ ਕੰਮ ਜਾਰੀ ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਦਿੱਲੀ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਮਾਗਮ ਦੀ ਸਬ ਕਮੇਟੀ ਦੇ ਚੇਅਰਮੈਨ ਰਘੂਬੀਰ ਸਿੰਘ ਸੁਭਾਨਪੁਰ ਨਿਊਯਾਰਕ ਅਤੇ ਕਨਵੀਨਰ ਮਾਸਟਰ ਮਹਿੰਦਰ ਸਿੰਘ ਨਿਊਯਾਰਕ ਨੇ ਇਸ ਮੌਕੇ ਆਪਣੇ ਵਿਚਾਰ ਰਖਦੇ ਹੋਏ ਦਿੱਲੀ ਕਮੇਟੀ ਵੱਲੋਂ ਕੀਤੀ ਜਾ ਰਹੀ ਪਹਿਲ ਨੂੰ ਚੰਗਾ ਕਦਮ ਦੱਸਿਆ।
ਸਿੱਖ ਘੁੰਮਤਰੂ ਬਿਰਾਦਰੀ ਨੂੰ ਓਬੀਸੀ ਕੋਟੇ ਤਹਿਤ 27 ਫੀਸਦੀ ਰਾਖਵਾਂਕਰਨ ਦਾ ਫਾਇਦਾ ਦੇਣ, ਯੂ.ਪੀ. ਸਰਕਾਰ ਵੱਲੋਂ ਇਸ ਸਬੰਧੀ ਪਾਸ ਕਰਕੇ ਭੇਜੇ ਗਏ ਬਿਲ ਨੂੰ ਮਨਜੂਰੀ ਦੇਣ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਬੁੱਤ ਨਵੀਂ ਦਿੱਲੀ ਨਗਰ ਪਰੀਸ਼ਦ ਦੀ ਹੱਦ ਵਿਚ ਸਥਾਪਿਤ ਕਰਨ ਲਈ ਥਾਂ ਕੇਂਦਰ ਸਰਕਾਰ ਵੱਲੋਂ ਉਪਲਬੱਧ ਕਰਾਉਣ ਜਿਹੇ ਤਿੰਨਾਂ ਮੱਤਿਆ ਤੇ ਹਜਾਰਾਂ ਸੰਗਤਾਂ ਦੀ ਮੌਜੂਦਗੀ ਵਿਚ ਕੁਲਮੋਹਨ ਸਿੰਘ ਵੱਲੋਂ ਦੋਨੌਂ ਬਾਹਾਂ ਖੜੇ ਕਰਕੇ ਸੰਗਤਾਂ ਪਾਸੋਂ ਪ੍ਰਵਾਨਗੀ ਲਈ ਗਈ। ਇਸ ਮੌਕੇ ਮਹਾਰਾਸ਼ਟਰ ਤੋਂ ਵਿਧਾਇਕ ਹਰੀ ਭਾਈ ਰਾਠੌਰ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ, ਦਿੱਲੀ ਕਮੇਟੀ ਮੈਂਬਰ ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਚਮਨ ਸਿੰਘ, ਗੁਰਮੀਤ ਸਿੰਘ ਮੀਤਾ ਅਤੇ ਬੀਬੀ ਧੀਰਜ ਕੌਰ ਮੌਜੂਦ ਸਨ।