ਫਤਹਿਗੜ੍ਹ ਸਾਹਿਬ – “ਬੀਜੇਪੀ, ਆਰ ਐਸ ਐਸ, ਫਿਰਕੂ ਜਮਾਤਾਂ ਅਤੇ ਹਿੰਦੂਤਵ ਹੁਕਮਰਾਨ ਕਿਸ ਤਰ੍ਹਾਂ ਹਿੰਦੂ ਬਹੁ ਗਿਣਤੀ ਅਤੇ ਅਨੁਸੂਚਿਤ ਪੱਛੜੇ ਵਰਗਾਂ ਵਿਚ ਸਾਜਿਸ਼ੀ ਢੰਗਾਂ ਰਾਹੀਂ ਨਫ਼ਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਦੇ ਹਨ, ਉਸ ਦੀ ਪ੍ਰਤੱਖ ਮਿਸਾਲ ਇਹ ਹੈ ਕਿ ਡੀ ਏ ਵੀ ਕਾਲਜ ਜਗਰਾਓਂ ਵਿਚ ਵਿਧਾਨ ਦੀ ਧਾਰਾ 14 ਜੋ ਇਥੋਂ ਦੇ ਨਾਗਰਿਕਾਂ ਅਤੇ ਨਿਵਾਸੀਆਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸ ਦਾ ਫਿਰਕੂਆਂ ਵੱਲੋਂ ਘੋਰ ਉਲੰਘਣ ਕਰਕੇ ਡੀ ਏ ਵੀ ਕਾਲਜ ਦੇ ਵਿਚ ਪੜ੍ਹਨ ਵਾਲੇ ਉੱਚ ਜਾਤਾਂ ਨਾਲ ਸੰਬੰਧਤ ਵਿਦਿਆਰਥੀਆਂ ਦੀਆਂ ਹਾਜਰੀਆਂ ਵੱਖਰੇ ਤੌਰ ‘ਤੇ ਲਗਾਈਆਂ ਜਾਂਦੀਆਂ ਹਨ ਅਤੇ ਅਨੁਸੂਚਿਤ ਅਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਦੀਆਂ ਵੱਖਰੀਆਂ। ਜਦੋਂ ਕਿ ਵਿਦਿਅਕ ਅਦਾਰਿਆਂ ਵਿਚ ਅਜਿਹੇ ਅਮਲ ਹੋਣਾ ਹੋਰ ਵੀ ਦੁੱਖ ਦਾਇਕ ਅਤੇ ਅਫਸੋਸਨਾਕ ਹੈ ਜਿੱਥੋਂ ਸਮਾਜ ਨੂੰ ਸਹੀ ਦਿਸ਼ਾ ਵਾਲਾ ਸੰਦੇਸ਼ ਦੇਣਾ ਬਣਦਾ ਹੈ, ਉਥੇ ਹੀ ਬੁਰਾਈਆਂ ਪਨਪਣ ਲੱਗ ਪੈਣ ਤਾਂ ਇਕ ਅਗਾਂਹਵਾਧੂ ਅੱਛੇ ਨਰੋਏ ਸਮਾਜ ਦੀ ਸਿਰਜਣਾ ਹੋਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੀ ਏ ਵੀ ਕਾਲਜ ਜਗਰਾਓਂ ਦੇ ਫਿਰਕੂ ਪ੍ਰਬੰਧਕਾਂ ਵੱਲੋਂ ਉਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਉੱਚ ਅਤੇ ਪਛੜੇ ਵਰਗਾਂ ਵਿਚ ਨਫ਼ਰਤੀ ਦੀਵਾਰ ਖੜ੍ਹੀ ਕਰਨ ਅਤੇ ਵਿਧਾਨ ਦੀ ਧਾਰਾ 14 ਦੀ ਉਲੰਘਣਾਂ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਵੱਲੋਂ ਇੱਥੇ ਜਾਤ-ਪਾਤ, ਊਚ-ਨੀਚ, ਛੂਆ ਛਾਤ ਦੇ ਸਮਾਜ ਵਿਰੋਧੀ ਅਮਲਾਂ ਨੂੰ ਖਤਮ ਕਰਨ ਹਿੱਤ ਵੱਡੀਆਂ ਕੁਰਬਾਨੀਆਂ ਅਤੇ ਤਸੀਹੇ ਝੱਲਣੇ ਪਏ। ਉਹਨਾਂ ਨੇ ਸਮਾਜ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਅਤੇ ਇਸ ਸੋਚ ਨੂੰ ਮਜਬੂਤ ਕਰਨ ਲਈ ਵੱਡੀਆਂ ਘਾਲਣਾਵਾਂ ਕੀਤੀਆਂ। ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਿਮਦੂਤਵ ਹੁਕਮਰਾਨ ਅਤੇ ਫਿਰਕੂ ਜਮਾਤਾਂ ਸਾਡੀ ਇਨਸਾਨੀਅਤਪੱਖੀ ਸਿੱਖੀ ਸੋਚ ਨੂੰ ਢਾਹ ਲਾਉਣ ਹਿੱਤ ਅੱਜ ਵੀ ਸਾਜਿਸ਼ਾਂ ਕਰ ਰਹੀਆਂ ਹਨ। ਅਜਿਹਾ ਕੇਵਲ ਵਿਦਿਅਕ ਸੰਸਥਾਵਾਂ ਵਿਚ ਹੀ ਨਹੀਂ ਹੋ ਰਿਹਾ ਬਲਕਿ ਫੌਜ ਜਿਸ ਨੂੰ ਸਮਾਜ ਦੇ ਇਹਨਾਂ ਨਫ਼ਰਤ ਭਰੇ ਅਮਲਾਂ ਤੋਂ ਦੂਰ ਰੱਖਦੇ ਹੋਏ ਧਰਮ ਨਿਰਪੱਖਤਾ ਨੂੰ ਮਜਬੂਤ ਕੀਤਾ ਗਿਆ ਸੀ, ਉਸ ਫੌਜ ਵਿਚ ਵੀ ਅੱਜ ਅਜਿਹੇ ਫਿਰਕੂ ਲੋਕ ਅਤੇ ਸੋਚ ਦਾਖਿਲ ਹੋ ਚੁੱਕੇ ਹਨ। ਜੇਕਰ ਅਜਿਹੇ ਅਮਲਾਂ ਨੂੰ ਇਮਾਨਦਾਰੀ ਅਤੇ ਸਖ਼ਤੀ ਨਾਲ ਨਾਂ ਰੋਕਿਆ ਗਿਆ ਤਾਂ ਇਸਦੇ ਨਤੀਜੇ ਇੱਥੋਂ ਦੇ ਨਿਵਾਸੀਆਂ ਲਈ ਘਾਤਕ ਸਾਬਿਤ ਹੋਣਗੇ। ਇਸ ਲਈ ਜਦੋਂ ਵੀ ਕਿਸੇ ਸੰਸਥਾ ਜਾਂ ਵਿਦਿਅਕ ਅਦਾਰਿਆਂ ਜਾਂ ਕਿਸੇ ਹੋਰ ਸਥਾਨ ‘ਤੇ ਜਾਤਾਂ ਬਰਾਦਰੀਆਂ ਦੇ ਨਫ਼ਰਤ ਪੈਦਾ ਕਰਨ ਵਾਲੇ ਅਮਲ ਹੋਣ ਤਾਂ ਤੁਰੰਤ ਉਸ ਨੂੰ ਹਕੂਮਤਾਂ ਅਤੇ ਨਿਜਾਮ ਵੱਲੋਂ ਰੋਕਣਾਂ ਬਣਦਾ ਹੈ।
ਸ. ਮਾਨ ਨੇ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਅਤੇ ਡਾਇਰੈਕਰ ਡੀ ਪੀ ਆਈ ਕਾਲਜ ਨੂੰ ਗੰਭੀਰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਡੀ ਏ ਵੀ ਕਾਲਜ ਜਗਰਾਓਂ ਵਿਚ ਇਹ ਸਮਾਜ ਵਿਰੋਧੀ ਨਫ਼ਰਤ ਭਰਿਆ ਅਮਲ ਹੋਇਆ ਹੈ, ਉਸ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਵਿਦਿਅਕ ਅਦਾਰੇ ਦੀ ਮਾਨਤਾ ਤੁਰੰਤ ਖਤਮ ਕਰ ਦੇਣੀ ਚਾਹੀਦੀ ਹੈ। ਤਾਂ ਕਿ ਕਿਸੇ ਵੀ ਵਿਦਿਅਕ ਅਦਾਰੇ ਵਿਚ ਅਜਿਹੀ ਨਫ਼ਰਤ ਪੈਦਾ ਕਰਨ ਵਾਲੀ ਕਾਰਵਾਈ ਨਾ ਹੋ ਸਕੇ।