ਨਵੀਂ ਦਿੱਲੀ : ਭਾਈ ਜੈਤਾ ਜੀ ਦੇ 350 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਦਾ ਦਿੱਲੀ ਪੁਜਣ ਤੇ ਗੁਰਦੁਆਰਾ ਮਜ਼ਨੂੰ ਟਿੱਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਈ ਜੈਤਾ ਜੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਗੁਰੂ ਸਾਹਿਬ ਦੀ ਸ਼ਹੀਦੀ ਉਪਰੰਤ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਨਿਡਰਤਾ ਤੇ ਅਡੋਲਤਾ ਦੇ ਸਹਾਰੇ ਪਹੁੰਚਾਉਣ ਦੇ ਕੀਤੇ ਗਏ ਕਾਰਜ ਨੂੰ ਭਾਈ ਜੈਤਾ ਜੀ ਦੀ ਸਿੱਖ ਪੰਥ ਨੂੰ ਵੱਡੀ ਦੇਣ ਵੱਜੋਂ ਪਰਿਭਾਸ਼ਿਤ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਜੈਤਾ ਜੀ ਨੂੰ ‘‘ਰੰਗਰੇਟੇ ਗੁਰੂ ਕੇ ਬੇਟੇ’’ ਦੇ ਖਿਤਾਬ ਨਾਲ ਨਿਵਾਜਣ ਤੋਂ ਬਾਅਦ ਭਾਈ ਸਾਹਿਬ ਵੱਲੋਂ ਖੰਡੇ ਦੀ ਪਾਹੁਲ ਛੱਕ ਕੇ ਬਾਬਾ ਜੀਵਨ ਸਿੰਘ ਬਣ ਕੇ ਚਮਕੌਰ ਦੀ ਗੜ੍ਹੀ ਦੀ ਇਤਿਹਾਸਿਕ ਲੜਾਈ ਦੌਰਾਨ ਦਿਖਾਏ ਗਏ ਜੌਹਰਾਂ ਨੂੰ ਵੀ ਜੀ. ਕੇ. ਨੇ ਯਾਦ ਕੀਤਾ। ਦਿੱਲੀ ਕਮੇਟੀ ਵੱਲੋਂ ਭਾਈ ਸਾਹਿਬ ਦੇ ਨਾਂ ’ਤੇ ਬੀਤੇ ਵਰ੍ਹੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਲੰਗਰ ਹਾਲ ਦਾ ਨਾਮ ਰੱਖਣ ਦਾ ਵੀ ਜੀ.ਕੇ. ਨੇ ਹਵਾਲਾ ਦਿੱਤਾ। ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ 17ਵੇਂ ਸਾਲਾਨਾਂ ਵਿਸ਼ਾਲ ਚੇਤਨਾ ਮਾਰਚ ’ਚ ਆਪਣਾ ਸਹਿਯੋਗ ਦੇਣ ਵਾਲੇ ਅਮਰੀਕ ਸਿੰਘ ਸ਼ੇਰਗਿੱਲ, ਸੰਤ ਬਾਬਾ ਭੁਪਿੰਦਰ ਸਿੰਘ ਪਟਿਆਲਾ ਵਾਲੇ, ਸੰਤ ਬਾਬਾ ਬਲਬੀਰ ਸਿੰਘ ਪਿੰਗਲਵਾੜਾ ਆਸ਼ਰਮ, ਕੈਪਟਨ ਪ੍ਰਗਟ ਸਿੰਘ, ਕਨ੍ਹਈਆਂ ਸਿੰਘ ਸਣੇ ਕਈ ਸੇਵਕਾਂ ਦਾ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ।
ਚੇਤਨਾ ਮਾਰਚ ਗੁਰਦੁਆਰਾ ਮਜ਼ਨੂੰ ਟਿੱਲਾ ਸਾਹਿਬ ਤੋਂ ਆਪਣੇ ਅੰਤਿਮ ਪੜਾਵ ਗੁਰਦੁਆਰਾ ਸੀਸਗੰਜ ਸਾਹਿਬ ਲਈ ਰਵਾਨਾ ਹੋਇਆ। ਜਿਥੇ ਮਾਰਚ ਵਿਚ ਸ਼ਾਮਿਲ ਪੰਜ ਪਿਆਰੇ ਸਾਹਿਬਾਨਾ ਅਤੇ ਪਤਵੰਤਿਆਂ ਨੂੰ ਕਮੇਟੀ ਵੱਲੋਂ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਗਈ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਜਸਬੀਰ ਸਿੰਘ ਜੱਸੀ ਅਤੇ ਪੰਜਾਬੀ ਪ੍ਰੋਮੋਸ਼ਨ ਕਾਂਉਸਿਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਮੌਜੂਦ ਸਨ।