ਬੱਸੀ ਪਠਾਣਾਂ – “ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਕੁਰਬਾਨੀ ਦੇ ਪੁੰਜ ਸਨ ਜਿਹਨਾਂ ਨੇ ਆਰੀਆ ਸਮਾਜੀ ਕੱਟੜਵਾਦੀ ਸੋਚ ਦੇ ਖਿਲਾਫ਼ ਬਾਦਲੀਲ ਢੰਗ ਨਾਲ ਆਵਾਜ ਬੁਲੰਦ ਕਰਦਿਆਂ ਸਿੱਖੀ ਦਾ ਉਸ ਸਮੇਂ ਪ੍ਰਚਾਰ ਕੀਤਾ ਜਦੋਂ ਸਿੱਖੀ ਦਾ ਪ੍ਰਚਾਰ ਕਰਨ ਵਿਰੁੱਧ ਹਕੂਮਤੀ ਪੱਧਰ ‘ਤੇ ਅਮਲ ਹੋ ਰਹੇ ਸਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੇ ਜੱਦੀ ਪਿੰਡ ਨੰਦਪੁਰ ਕਲੌੜ ਵਿਖੇ ਉਹਨਾਂ ਦੀ ਬਰਸੀ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਅੱਗੇ ਕਿਹਾ ਕਿ 1849 ਵਿਚ ਜਦੋਂ ਸਿੱਖ ਰਾਜ ਪੂਰੀ ਤਰ੍ਹਾਂ ਅਸਤ ਹੋ ਗਿਆ ਸੀ ਉਸ ਸਮੇਂ 2 ਅਜਿਹੇ ਮਜ੍ਹਬ ਇਸਾਈ ਮੱਤ ਅਤੇ ਆਰੀਆ ਸਮਾਜੀ ਬੜੀ ਜੋਰ ਸ਼ੋਰ ਨਾਲ ਉੱਠੇ ਜੋ ਸਿੱਖ ਕੌਮ ਨੂੰ ਆਪਣੇ ਆਪਣੇ ਮੱਤ ਵਿਚ ਜਜ਼ਬ ਕਰਨ ਲਈ ਹਰ ਹਰਬਾ ਵਰਤ ਰਹੇ ਸਨ। ਜਿਸ ਦੇ ਪ੍ਰਭਾਵ ਹੇਠ ਮਹਾਰਾਜਾ ਕਪੂਰਥਲਾ ਇਸਾਈ ਮੱਤ ਅਤੇ ਸਿੱਖਾਂ ਦੇ ਵੱਡੇ ਅਤੇ ਧਨਾਢ ਸਿੱਖ ਸ. ਦਿਆਲ ਸਿੰਘ ਮਜੀਠੀਆ ਨੇ ਆਰੀਆ ਸਮਾਜ ਗ੍ਰਹਿਣ ਕਰ ਲਿਆ ਅਤੇ ਆਪਣੀ ਸਾਰੀ ਨਿੱਜੀ ਜਾਇਦਾਦ ਟ੍ਰਿਬਿਊਨ ਟਰੱਸਟ ਨੂੰ ਸਪੁਰਦ ਕਰ ਦਿੱਤੀ। ਸਿੱਖ ਕੌਮ ਨਾਲ ਲਗਾਤਾਰ ਹੋ ਰਹੀਆਂ ਜਿਆਦਤੀਆਂ ਤੋਂ ਬਾਅਦ ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੇ ਬੜੀ ਬੇਬਾਕੀ ਅਤੇ ਵਿਦਵਤਾ ਨਾਲ ਇਹਨਾਂ ਦੋਹਾਂ ਤਾਕਤਾਂ ਦੇ ਖਿਲਾਫ਼ ਸਿੰਘ ਸਭਾ ਲਹਿਰ ਖੜ੍ਹੀ ਕਰਕੇ ਸਿੱਖ ਧਰਮ ਦੀ ਲਹਿਰ ਨੂੰ ਮਜਬੂਤੀ ਨਾਲ ਪ੍ਰਚੰਡ ਕੀਤਾ। ਇਹ ਉਹਨਾਂ ਦੀ ਹੀ ਦੇਣ ਹੈ ਕਿ ਅੱਜ ਸਿੱਖ ਕੌਮ ਅਤੇ ਸਿੱਖ ਧਰਮ ਅੱਜ ਕੌਮਾਂਤਰੀ ਪੱਧਰ ‘ਤੇ ਆਪਣੀ ਸੋਚ ਨੂੰ ਲੈ ਕੇ ਦ੍ਰਿੜ੍ਹਤਾ ਨਾਲ ਸਰਗਰਮੀਆਂ ਕਰ ਰਿਹਾ ਹੈ, ਵਰਨਾਂ ਸਿੱਖ ਕੌਮ ਅਤੇ ਸਿੱਖ ਧਰਮ ਨੂੰ ਉਪਰੋਕਤ ਦੋਵੇਂ ਇਸਾਈ ਅਤੇ ਆਰੀਆ ਸਮਾਜੀ ਉਸ ਸਮੇਂ ਜਜ਼ਬ ਕਰ ਚੁੱਕੇ ਹੁੰਦੇ।”
ਸ.ਮਾਨ ਨੇ ਆਪਣੇ ਖਿਆਲਾਤਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਕਾਂਗਰਸ, ਬੀਜੇਪੀ, ਆਰ ਐਸ ਐਸ, ਬਾਦਲ ਦਲਲ ਅਤੇ ਆਪ ਪਾਰਟੀ ਵਰਗੀਆਂ ਜਮਾਤਾਂ ਨੇ ਨਾਂ ਤਾਂ ਅੱਜ ਤੱਕ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਗਟਾਉਣ ਵਾਲੇ 1909 ਦੇ ਅਨੰਦ ਮੈਰਿਜ ਐਕਟ ਨੂੰ ਕਾਨੂੰਨੀਂ ਰੂਪ ਦੇਣ ਵਿਚ ਕੋਈ ਜਿੰਮੇਵਾਰੀ ਨਭਾਈ ਅਤੇ ਨਾਂ ਹੀ 1984 ਤੋਂ ਲੈ ਕੇ ਅੱਜ ਤੱਕ ਸਿੱਖਾਂ ‘ਤੇ ਜੋ ਜਬਰ ਜੁਲਮ, ਕਤਲੇਆਮ , ਨਸਲਕੁਸ਼ੀ ਹੋਈ ਉਸ ਸੰਬੰਧ ਵਿਚ ਇਹਨਾਂ ਉਪਰੋਕਤ ਜਮਾਤਾਂ ਨੇ ਸਿੱਖ ਕੌਮ ਇਨਸਾਫ਼ ਦਿਵਾਉਣ ਲਈ ਕੋਈ ਅਮਲ ਨਹੀਂ ਕੀਤਾ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਦੋਂ ਤੋਂ ਹੋਂਦ ਵਿਚ ਆਇਆ ਹੈ ਨਿਰੰਤਰ ਉਸੇ ਦਿਨ ਤੋਂ ਆਪਣੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ, ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਨੂੰ ਲੈ ਕੇ ਦ੍ਰਿੜ੍ਹਤਾ ਪੂਰਵਕ ਸੰਘਰਸ਼ ਵੀ ਕਰਦਾ ਆ ਰਿਹਾ ਹੈ ਅਤੇ ਉਹਨਾਂ ਦੇ ਮਹਾਨ ਦਿਨਾਂ ਨੂੰ ਵੀ ਪੂਰਨ ਸ਼ਰਧਾ ਨਾਲ ਮਨਾਉਂਦਾ ਆ ਰਿਹਾ ਹੈ। ਸ. ਮਾਨ ਨੇ ਆਪਣੇ ਇਤਿਹਾਸਿਕ ਨਾਇਕ ਖਾਲਸਾ ਰਾਜ ਦੇ ਪਹਿਲੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਦੇ ਕੌਮੀ ਉੱਦਮਾਂ ਦਾ ਜਿ਼ਕਰ ਕਰਦੇ ਹੋਏ ਜਿੱਥੇ ਉਹਨਾਂ ਦੇ ਕੌਮ ਪੱਖੀ ਅਮਲਾਂ ਨੂੰ ਸੈਲਿਊਟ ਕੀਤਾ, ਉੱਥੇ ਉਹਨਾਂ ਵੱਲੋਂ ਆਪਣੇ ਖਾਲਸਾ ਰਾਜ ਦੌਰਾਨ ਮਜ਼ਲੂਮਾਂ, ਗਰੀਬਾਂ ਅਤੇ ਲਤਾੜੇ ਵਰਗਾਂ ਅਤੇ ਬੇਜ਼ਮੀਨਿਆਂ ਆਪਣੇ ਰਾਜ ਦੀ ਮਲਕੀਅਤ ਜ਼ਮੀਨ ਵਿੱਚੋਂ ਜਿਵੇਂ ਜ਼ਮੀਨਾਂ ਦੇ ਕੇ ਮਾਲਕ ਬਣਾਇਆ ਸੀ ਅਤੇ ਉਹਨਾਂ ਨੂੰ ਮਾਲੀ ਤੌਰ ‘ਤੇ ਮਜ਼ਬੂਤ ਕੀਤਾ ਸੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖਾਲਸਾ ਜਥੇਬੰਦੀਆਂ ਦੀ ਆਉਣ ਵਾਲੇ ਸਮੇਂ ਵਿਚ 2017 ਵਿਚ ਹਕੂਮਤ ਬਣਨ ਉਪਰੰਤ ਬੇਜ਼ਮੀਨਿਆਂ ਨੂੰ ਜ਼ਮੀਨਾਂ ਦੇ ਮਾਲਕ ਵੀ ਬਣਾਇਆ ਜਾਵੇਗਾ ਅਤੇ ਮਜ਼ਦੂਰਾਂ ਜਿੰਮੀਦਾਰਾਂ ਉਤੇ ਚੜ੍ਹੇ ਕਰਜਿ਼ਆਂ ਉਤੇ ਹਕੂਮਤ ਦੇ ਪਹਿਲੇ ਦਿਨ ਹੀ ਲੀਕ ਮਾਰੀ ਜਾਵੇਗੀ ਅਤੇ ਉਹਨਾਂ ਨੂੰ ਹਰ ਪੱਖੋਂ ਸਹਾਇਤਾ ਦੇ ਕੇ ਦੂਸਰਿਆਂ ਦੇ ਬਰਾਬਰ ਅਧਿਕਾਰ ਅਤੇ ਹੱਕ ਦਿੱਤੇ ਜਾਣਗੇ ਤਾਂ ਕਿ ਕਿਸੇ ਵੀ ਵਰਗ ਵਿਚ ਹੀਣ ਭਾਵਨਾ ਉਤਪੰਨ ਨਾ ਹੋਵੇ ਅਤੇ ਸਾਡੇ ਖਾਲਸਾ ਰਾਜ ਵਿਚ ਸਭ ਵਰਗ ਅਤੇ ਸਭ ਨਿਵਾਸੀ ਬਰਾਬਰਤਾ ਅਤੇ ਆਜਾਦੀ ਦਾ ਪੂਰਨ ਰੂਪ ਵਿਚ ਨਿੱਘ ਮਾਣ ਸਕਣਗੇ। ਇਸ ਮੌਕੇ ਸ. ਮਾਨ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਗੁਰਮੇਜ ਸਿੰਘ ਮਹਿਦੂਦਾਂ, ਰਾਮ ਸਿੰਘ ਆਜ਼ਾਦ, ਅਕਾਲੀ ਦਲ ਅੰਮ੍ਰਿਤਸਰ ਦੇ ਜਿ਼ਲ੍ਹਾ ਪ੍ਰਧਾਨ ਸਿ਼ੰਗਾਰਾ ਸਿੰਘ ਬਡਲਾ, ਹਲਕਾ ਇੰਚਾਰਜ ਧਰਮ ਸਿੰਘ ਕਲੌੜ, ਯੂਥ ਪ੍ਰਧਾਨ ਪ੍ਰਦੀਪ ਸਿੰਘ ਸੰਗਤਪੁਰ ਸੋਢੀਆਂ, ਸ. ਮਾਨ ਦੇ ਪੀ ਏ ਗੁਰਜੰਟ ਸਿੰਘ ਕੱਟੂ, ਦਫ਼ਤਰ ਸਕੱਤਰ ਰਣਜੀਤ ਸਿੰਘ ਚੀਮਾਂ, ਸਵਰਨ ਸਿੰਘ ਫਾਟਕ ਮਾਜਰੀ, ਜੋਗਿੰਦਰ ਸਿੰਘ ਸੈਂਪਲਾ, ਦੀਦਾਰ ਸਿੰਘ ਰਾਣੋਂ , ਕੁਲਦੀਪ ਸਿੰਘ ਦੁਭਾਲੀ, ਪਵਨਪ੍ਰੀਤ ਸਿੰਘ, ਮੱਖਣ ਸਿੰਘ ਸਮਾਓ, ਬਲਵਿੰਦਰ ਸਿੰਘ ਚਨਾਰਥਲ, ਜੱਸੀ ਮੋਰਿੰਡਾ, ਰਣਜੀਤ ਸਿੰਘ ਸੰਤੋਖਗੜ੍ਹ, ਭਾਗ ਸਿੰਘ ਰੈਲੋਂ ਆਦਿ ਆਗੂ ਹਾਜਿਰ ਸਨ।