ਫਿਰੋਜਪੁਰ – ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਹੀ ਰਾਜ ਕਰੇਗਾ। ਪੰਜਾਬ ਤੋਂ ਬਾਹਰਲੇ ਨੇਤਾਵਾਂ ਦੀ ਦਖ਼ਲਅੰਦਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਆਪ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਹਿਲਾਵਾਂ ਪ੍ਰਤੀ ਆਪ ਨੇਤਾਵਾਂ ਦੀ ਜਿਸ ਤਰ੍ਹਾਂ ਪੋਲ ਖੁਲ੍ਹ ਰਹੀ ਹੈ, ਉਹ ਬਹੁਤ ਹੀ ਸ਼ਰਮਨਾਕ ਹੈ। ਅਜਿਹੇ ਨੇਤਾ ਜਨਤਾ ਦਾ ਕੀ ਭਲਾ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਦੇ ਤਹਿਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਕ-ਇੱਕ ਕਰਕੇ ਔਰਤਾਂ ਸਾਹਮਣੇ ਆਉਣ ਲਗੀਆਂ ਹਨ ਅਤੇ ਆਪ ਨੇਤਾਵਾਂ ਦੀਆਂ ਕਰਤੂਤਾਂ ਨੂੰ ਉਜਾਗਰ ਕਰ ਰਹੀਆਂ ਹਨ। ਇਸ ਤੋਂ ਜਾਹਿਰ ਹੁੰਦਾ ਹੈ ਕਿ ਆਪ ਦੇ ਬਾਹਰਲੇ ਨੇਤਾ ਇੱਥੇ ਕੀ ਕਰਨ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਕਿਸੇ ਵੀ ਪੰਜਾਬੀ ਨੇਤਾ ਨੂੰ ਉਪਰ ਨਹੀਂ ਉਠਣ ਦੇਣਾ ਚਾਹੁੰਦਾ। ਉਹ ਸਿਰਫ਼ ਆਪਣੇ ਲਈ ਹੀ ਰਸਤਾ ਸਾਫ਼ ਕਰ ਰਹੇ ਹਨ। ਪਰ ਪੰਜਾਬ ਵਿੱਚ ਆਪ ਅਤੇ ਕੇਜਰੀਵਾਲ ਦੀ ਦਾਲ ਨਹੀਂ ਗਲਣਵਾਲੀ।
ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਚੋਣ ਜਿੱਤਣ ਜਾਂ ਹਾਰਣ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਨਗਰ ਨਿਗਮ ਅਤੇ ਬੋਰਡਾਂ ਦਾ ਚੇਅਰਮੈਨ ਨਹੀਂ ਬਣਾਇਆ ਜਾਵੇਗਾ। ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਵਰਕਰਾਂ ਨੂੰ ਹੀ ਇਹ ਅਹੁਦੇ ਦਿੱਤੇ ਜਾਣਗੇ। ਕਿਸਾਨਾਂ ਅਤੇ ਆੜਤੀਆਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ। ਪੰਜਾਬ ਵਿੱਚ ਠੇਕੇ ਤੇ ਨਹੀਂ ਬਲਿਕ ਸਥਾਈ ਨਿਯੁਕਤੀਆਂ ਕੀਤੀਆਂ ਜਾਣਗੀਆਂ, ਠੇਕਾ ਪ੍ਰਣਾਲੀ ਸਮਾਪਤ ਕੀਤੀ ਜਾਵੇਗੀ।