ਜਲੰਧਰ – ‘ਆਪ’ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੁਆਰਾ ਐਲਾਨੇ ਗਏ 32 ਉਮੀਦਵਾਰਾਂ ਵਿੱਚੋਂ 20 ਦਾਗੀ ਹਨ ਅਤੇ ਕਈਆਂ ਨੂੰ ਦੋ-ਦੋ ਕਰੋੜ ਰੁਪੈ ਲੈ ਕੇ ਟਿਕਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਵਿਰੋਧ ਕਰਨ ਕਰਕੇ ਹੀ ਉਨ੍ਹਾਂ ਨੂੰ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕਨਵੀਨਰ ਦੇ ਅਹੁਦੇ ਤੋਂ ਹਟਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਆਪ ਪੰਜਾਬ ਅਤੇ ਵਿਦੇਸ਼ਾਂ ਤੋਂ ਇੱਕਠੇ ਕੀਤੇ ਗਏ ਪੈਸਿਆਂ ਦਾ ਹਿਸਾਬ ਬਿਨਾਂ ਦੇਰ ਕੀਤੇ ਸਰਵਜਨਿਕ ਕਰੇ। ਛੋਟੇਪੁਰ ਨੇ ਕਿਹਾ ਕਿ ਕੇਜਰੀਵਾਲ ਅੰਗਰੇਜਾਂ ਦੀ ਡੀਵਾਈਡ ਐਂਡ ਰੂਲ (ਵੰਡੋ ਅਤੇ ਰਾਜ ਕਰੋ) ਦੀ ਨੀਤੀ ਤੇ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਜੀਰੋ ਟਾਲਰੈਂਸ ਦੀ ਗੱਲ ਕਰਨ ਵਾਲੇ ਕੇਜਰੀਵਾਲ ਨੂੰ ਦਿੱਲੀ ਤੋਂ ਬਹੁਤ ਮਹਿੰਗੇ ਰੇਟ ਤੇ ਪਬਲਿਕ ਐਡਰੈਸ ਸਿਸਟਮ ਖ੍ਰੀਦ ਕੇਪੰਜਾਬ ਦੀ ਇਕਾਈ ਨੂੰ ਦੇਣ ਦੇ ਮਾਮਲੇ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਛੋਟੇਪੁਰ ਨੇ ਕਿਹਾ ਕਿ ਫਿਰੋਜਪੁਰ ਦੀ ਸਾਬਕਾ ਕਨਵੀਨਰ ਅਮਨਦੀਪ ਕੌਰ ਦੀ ਆਪ ਦੇ ਤਿੰਨ ਵਰਕਰਾਂ ਵੱਲੋਂ ਛੇੜਖਾਨੀ ਦੀ ਸਿ਼ਕਾਇਤ ਤੇ ਮੈਂ ਡੀਐਸਪੀ ਨੂੰ ਫੋਨ ਕਰਕੇ ਸੁਲ੍ਹਾ ਕਰਵਾਉਣ ਦੀ ਗੱਲ ਕੀਤੀ ਸੀ। ਪਰ ਅਮਨਦੀਪ ਕੌਰ ਨੇ ਸਿ਼ਕਾਇਤ ਤੇ ਕਾਰਵਾਈ ਨਾਂ ਹੋਣ ਤੇ ਕੇਜਰੀਵਾਲ ਦੇ ਦਿੱਲੀ ਵਾਲੇ ਘਰ ਦੇ ਬਾਹਰ ਧਰਨੇ ਤੇ ਬੈਠਣ ਤੋਂ ਬਾਅਦ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।