ਸਾਉਥਹਾਲ, (ਲੰਡਨ) – ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਜੁੜੇ ਮੁੱਦਿਆਂ ਨੂੰ ਹੱਲ ਕਰਾਉਣ ਲਈ ਅਕਾਲੀ ਨੇਤਾਵਾਂ ਦਾ ਇਕ ਡੇਲੀਗੇਸ਼ਨ ਭਾਰਤੀ ਹਾਈ ਕਮਿਸ਼ਨਰ ਸ. ਨਵਤੇਜ ਸਿੰਘ ਸਰਨਾ ਨੂੰ ਮਿਲਿਆ। ਡੇਲੀਗੇਸ਼ਨ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਉਪ ਮੁਖ ਮੰਤਰੀ ਦੇ ਸਲਾਹਕਾਰ ਸ. ਮਨਜਿੰਦਰ ਸਿੰਘ ਸਿਰਸਾ ਨੇ ਕੀਤੀ। ਸ. ਸਿਰਸਾ ਨੇ ਦਸਿਆ ਕਿ ਡੇਲੀਗੇਸ਼ਨ ਵੱਲੋਂ ਭਾਰਤੀ ਹਾਈ ਕਮਿਸ਼ਨਰ ਕੋਲ ਬਰਤਾਨੀਆ ਵਿਚ ਰਹਿੰਦੇ ਪੰਜਾਬੀਆਂ ਨੂੰ ਵਿਸ਼ੇਸ਼ ਹਾਲਾਤਾਂ ‘ਚ ਪੰਜਾਬ ਜਾਣ ਲਈ ਵੀਜ਼ਾ ਹਾਸਲ ਕਰਨ ਸਬੰਧੀ ਆਉਂਦੀਆਂ ਮੁਸ਼ਕਿਲਾਂ, ਵਿਦੇਸ਼ਾਂ ‘ਚ ਰਹਿੰਦੇ ਬਾਕੀ ਬਚਦੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ, ਪੰਜਾਬੀਆਂ ਨੂੰ ਦੂਹਰੀ ਨਾਗਰਿਕਤਾ ਦੇਣ, ਭਾਰਤੀ ਪਾਸਪੋਰਟ ਗੁੰਮ ਜਾਂ ਚੋਰੀ ਹੋਣ ਦੀ ਸਥਿਤੀ ‘ਚ ਨਵੇਂ ਬਣਨ ਵਾਲੇ ਪਾਸਪੋਰਟ ਦੀ ਔਖੀ ਪ੍ਰਕਿਰਿਆ ਅਤੇ ਹੋਰ ਮਹੱਤਵਪੂਰਨ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਪ੍ਰਵਾਸੀ ਪੰਜਾਬੀਆਂ ਦੀਆਂ ਮੰਗਾਂ ਨੂੰ ਉਠਾਇਆ। ਵਿਸ਼ੇਸ਼ ਕਰਕੇ ਪ੍ਰਵਾਸੀ ਸਿੱਖਾਂ ਦੀ ਬਣਾਈ ਹੋਈ ਕਾਲੀ ਸੂਚੀ ਨੂੰ ਖਤਮ ਕਰਨ ਸਬੰਧੀ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਨੋਟੀਫਿਕੇਸ਼ਨ ਕਰਾਉਣ ਦਾ ਮੁੱਦਾ ਵਿਚਾਰਿਆ ਗਿਆ। ਸ. ਸਿਰਸਾ ਨੇ ਦਸਿਆ ਕਿ ਡੇਲੀਗੇਸ਼ਨ ਨੇ ਹਾਈ ਕਮਿਸ਼ਨਰ ਕੋਲ ਇਹ ਮੁੱਦਾ ਉਠਾਇਆ ਕਿ ਜਦੋਂ ਤੱਕ ਕਾਲੀ ਸੂਚੀ ਸਬੰਧੀ ਨੋਟੀਫਿਕੇਸ਼ਨ ਨਹੀਂ ਹੋ ਜਾਂਦਾ ਉਦੋਂ ਤੱਕ ਸੂਚੀ ‘ਚ ਬਾਕੀ ਰਹਿੰਦੇ ਨਾਵਾਂ ਦੀ ਸਥਿਤੀ ਬਾਰੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਇਸ ਲਈ ਕਾਲੀ ਸੂਚੀ ਵਿਚੋਂ ਹਟਾਏ ਗਏ ਨਾਵਾਂ ਸਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਪ੍ਰਵਾਸੀ ਪੰਜਾਬੀਆਂ ਦੀਆਂ ਆਪਣੇ ਵਤਨ ਪ੍ਰਤੀ ਜੋ ਭਾਵਨਾਵਾਂ ਹਨ ਉਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮਹਿਸੂਸ ਕਰਦੀ ਹੈ। ਬਹੁਤ ਸਾਰੇ ਅਜਿਹੇ ਸਿੱਖ ਹਨ ਜੋ ਆਪਣੀ ਮਾਤ ਭੂਮੀ ਪੰਜਾਬ ਅਤੇ ਕੇਂਦਰੀ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਤਰਸ ਰਹੇ ਹਨ ਪਰ ਉਨਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ।
ਭਾਰਤੀ ਹਾਈ ਕਮਿਸ਼ਨਰ ਨੇ ਅਕਾਲੀ ਨੇਤਾਵਾਂ ਵੱਲੋਂ ਉਠਾਈਆਂ ਗਈਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਡੇਲੀਗੇਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪ੍ਰਵਾਸੀ ਭਾਰਤੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਵੱਧ ਤੋਂ ਵੱਧ ਯਤਨ ਕਰਨਗੇ। ਪ੍ਰਵਾਸੀ ਪੰਜਾਬੀਆਂ ਦੀਆਂ ਮੰਗਾਂ ਤੇ ਮੁੱਦਿਆਂ ਨੂੰ ਜਲਦੀ ਹੀ ਭਾਰਤ ਸਰਕਾਰ ਪੱਧਰ ‘ਤੇ ਗੱਲਬਾਤ ਕਰਕੇ ਹੱਲ ਕਰਵਾਇਆ ਜਾਵੇਗਾ।
ਸੂਬੇ ਦੇ ਵਿਕਾਸ ਲਈ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਈ ਉਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਦੀ ਜ਼ਿੰਮੇਵਾਰੀ ਨੂੰ ਸ਼੍ਰੋਮਣੀ ਅਕਾਲੀ ਦਲ ਤਨਦੇਹੀ ਨਾਲ ਨਿਭਾਏਗਾ। ਡੇਲੀਗੇਸ਼ਨ ‘ਚ ਇੰਗਲੈਂਡ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਉਥਹਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਵੀ ਸ਼ਾਮਲ ਸਨ।