ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਵਿੰਗ ਐਸ.ਓ.ਆਈ. (ਸੋਈ) ਦੇ ਉਮੀਦਵਾਰਾਂ ਨੇ 2 ਖਾਲਸਾ ਕਾਲਜਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਕਤ ਜਾਣਕਾਰੀ ਦਲ ਦੇ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਤੀ। ਸਥਾਨਿਕ ਕਾਲਜ ਯੂਨੀਅਨ ਚੋਣਾਂ ’ਚ ਜੇਤੂ ਹੋਏ ‘‘ਸੋਈ’’ ਦੇ ਉਮੀਦਵਾਰਾਂ ਨੂੰ ਸਿਰੋਪਾਉ ਦੇਣ ਉਪਰੰਤ ਪਾਰਟੀ ਦਫਤਰ ’ਚ ਜੀ.ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਅਗਲੇ ਵਰ੍ਹੇ ਡੂਸੂ ਚੋਣਾਂ ਲੜਨ ਦਾ ਵੀ ਐਲਾਨ ਕੀਤਾ।
ਜੀ.ਕੇ. ਨੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾੱਮਰਸ ਅਤੇ ਸ਼੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜਾਂ ਦੀ ਸਟੂਡੇਂਟਸ ਯੂਨੀਅਨ ਦੇ ਬਤੌਰ ‘ਸੋਈ’ ਉਮੀਦਵਾਰ ਚੋਣ ਜਿੱਤ ਕੇ ਆਏ ਉਮੀਦਵਾਰਾਂ ਨਾਲ ਸਮੂਹਿਕ ਫੋਟੋ ਵੀ ਖਿਚਵਾਈ। ਜੀ.ਕੇ. ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ‘ਸੋਈ’ ਦੇ ਉਮੀਦਵਾਰਾਂ ਨੂੰ ਹਾਲਾਂਕਿ ਮਾਮੂਲੀ ਅੰਤਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਸੰਗਠਨ ਦੇ ਤੌਰ ਤੇ ਖਾਲਸਾ ਕਾਲਜਾਂ ਵਿਚ ‘ਸੋਈ’ ਦਾ ਟਾਕਰਾ ਰਿਵਾਇਤੀ ਸਟੂਡੈਂਟ ਵਿੰਗ ਐਨ.ਐਸ.ਯੂ.ਆਈ. ਤੇ ਏ.ਬੀ.ਵੀ.ਪੀ. ਤੇ ਭਾਰੀ ਰਿਹਾ ਹੈ। ਜੀ.ਕੇ. ਨੇ ਕਿਹਾ ਕਿ ਅਸੀਂ ਪਉੜੀ-ਪਉੜੀ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਵਰ੍ਹੇ ਸਾਡਾ ਪ੍ਰਧਾਨ ਅਹੁਦੇ ਦਾ ਉਮੀਦਵਾਰ ਇੱਕ ਕਾਲਜ ’ਚ ਜੇਤੂ ਰਿਹਾ ਸੀ ਪਰ ਇਸ ਵਾਰ 2 ਕਾਲਜਾਂ ਵਿਚ ਸਾਡੇ ਉਮੀਦਵਾਰ ਪ੍ਰਧਾਨ ਬਣਨ ਵਿਚ ਕਾਮਯਾਬ ਹੋਏ ਹਨ।
ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ‘‘ਸੋਈ’’ ਦੇ ਜੇਤੂ ਉਮੀਦਵਾਰਾਂ ਨੂੰ ਲੰਦਨ ਤੋਂ ਫੋਨ ਰਾਹੀਂ ਵਧਾਈ ਦਿੱਤੀ। ਸੋਈ ਦੇ ਇੰਚਾਰਜ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਤੇ ‘ਸੋਈ’ ਦੇ ਸੂਬਾ ਪ੍ਰਧਾਨ ਗਗਨ ਸਿੰਘ ‘ਛਿਆਸੀ’ ਨੇ ਇਸ ਮੌਕੇ ਜੇਤੂ ਉਮੀਦਵਾਰਾਂ ਨੂੰ ਮੀਡੀਆ ਸਾਹਮਣੇ ਰੂਬਰੂ ਕਰਵਾਇਆ। ਜੇਤੂ ਉਮੀਦਵਾਰ ’ਚ ਸ਼ਾਮਿਲ ਹਨ, ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਕਾੱਮਰਸ ਦੇ ਪ੍ਰਧਾਨ ਅਨਮੋਲ ਸਿੰਘ ਚੁੱਘ, ਮੀਤ ਪ੍ਰਧਾਨ ਸਵਕੀਰਤ ਸਿੰਘ, ਜੁਆਇੰਟ ਸਕੱਤਰ ਦ੍ਰਿਸ਼ਟੀ ਅਗਰਵਾਲ, ਸਕੱਤਰ ਯੱਸ ਗੁਪਤਾ, ਸੀ. ਸੀ. ਗੁਨਦੀਪ ਕੌਰ ਤੇ ਸੁਹਾਵੀ ਖੰਨਾ ਅਤੇ ਸ੍ਰੀ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਧਾਨ ਅਭੀਸ਼ੇਕ ਸ਼ਰਮਾ ਤੇ ਸਕੱਤਰ ਹਰਪਾਲ ਸਿੰਘ ਧਾਰੀਵਾਲ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਮੈਂਬਰ ਕੁਲਵੰਤ ਸਿੰਘ ਬਾਠ, ਦਰਸ਼ਨ ਸਿੰਘ, ਪਰਮਜੀਤ ਸਿੰਘ ਚੰਢੋਕ, ਜੀਤ ਸਿੰਘ, ਹਰਦੇਵ ਸਿੰਘ ਧਨੋਆ, ਸਮਰਦੀਪ ਸਿੰਘ ਸੰਨੀ, ਜਤਿੰਦਰਪਾਲ ਸਿੰਘ ਗੋਲਡੀ, ਅਕਾਲੀ ਆਗੂ ਵਿਕਰਮ ਸਿੰਘ, ਸਤਬੀਰ ਸਿੰਘ ਗਗਨ, ਅਵਨੀਤ ਸਿੰਘ ਰਾਇਸਨ, ਗੁਰਅੰਗਦ ਸਿੰਘ ਗੁਜਰਾਲ ਤੇ ‘ਸੋਈ’ ਦੇ ਜਨਰਲ ਸਕੱਤਰ ਗੁਰਦੇਵ ਸਿੰਘ ਰਿਯਾਤ ਮੌਜੂਦ ਸਨ।