ਜਿਨੇਵਾ – ਅਮਰੀਕਾ ਅਤੇ ਰੂਸ ਸੀਰੀਆ ਮੁੱਦੇ ਤੇ ਯੁੱਧ ਬੰਦ ਕਰਨ ਤੇ ਸਹਿਮੱਤ ਹੋ ਗਏ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਦੋਵੇਂ ਦੇਸ਼ ਇਸ ਮੁੱਦੇ ਤੇ ਕਿਸੇ ਨਤੀਜੇ ਤੇ ਪਹੁੰਚੇ ਹਨ। ਇਨ੍ਹਾਂ ਦੋਵਾਂ ਦੇਸ਼ਾਂ ਦੁਆਰਾ ਲਏ ਗਏ ਫੈਂਸਲਿਆਂ ਤੇ ਬਹੁਤ ਜਲਦ ਹੀ ਅਮਲ ਸ਼ੁਰੂ ਹੋ ਜਾਵੇਗਾ। ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਜੀ ਲੇਵਰਾਵ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਹੋਇਆ ਇਹ ਸਮਝੌਤਾ ਸੋਮਵਾਰ ਤੋਂ ਲਾਗੂ ਹੋ ਜਾਵੇਗਾ।
ਰੂਸ ਦੇ ਵਿਦੇਸ਼ ਮੰਤਰੀ ਸਰਜੀ ਲੇਵਰਾਵ ਨੇ ਦੱਸਿਆ ਕਿ ਹੁਣ ਦੋਵੇਂ ਦੇਸ਼ ਮਿਲ ਕੇ ਸੀਰੀਆ ਦੇ ਵਿੱਚ ਮੌਜੂਦ ਆਈਐਸ ਦੇ ਖਿਲਾਫ਼ ਮੁਹਿੰਮ ਚਲਾਉਣਗੇ। ਉਨ੍ਹਾਂ ਨੇ ਇਹ ਉਮੀਦ ਜਤਾਈ ਕਿ ਸੀਰੀਆ ਵਿੱਚ ਹੁਣ ਹਿੰਸਾ ਦਾ ਦੌਰ ਸਮਾਪਤ ਹੋ ਜਾਵੇਗਾ ਅਤੇ ਸ਼ਾਂਤੀ ਸਥਾਪਿਤ ਹੋ ਸਕੇਗੀ। ਸ਼ੁਕਰਵਾਰ ਨੂੰ ਹੋਇਆ ਇਹ ਸਮਝੌਤਾ ਸੀਰੀਆ ਵਿੱਚ ਸ਼ਾਂਤੀ ਸਥਾਪਨਾ ਕਰਨ ਦੇ ਲਈ ਮੀਲ-ਪੱਥਰ ਸਾਬਿਤ ਹੋਵੇਗਾ। ਜਾਨ ਕੈਰੀ ਨੇ ਕਿਹਾ ਕਿ ਸੀਰੀਆ ਵਿੱਚ ਰਾਜਨੀਤਕ ਪੱਧਰ ਤੇ ਵੀ ਸੁਧਾਰ ਕਰਨ ਦੇ ਯਤਨ ਕੀਤੇ ਜਾਣਗੇ। ਅਸਦ ਦੇ ਮੁੱਦੇ ਤੇ ਵੀ ਦੋਵੇਂ ਦੇਸ਼ ਮਿਲ ਕੇ ਕੋਈ ਨਾ ਕੋਈ ਹਲ ਢੂੰਢਣਗੇ।
ਵਰਨਣਯੋਗ ਹੈ ਕਿ ਪਿੱਛਲੇ ਕਈ ਸਾਲਾਂ ਤੋਂ ਸੀਰੀਆ ਵਿੱਚ ਜਾਰੀ ਜੰਗ ਵਿੱਚ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਦੀ ਅਹਿਮ ਭੂਮਿਕਾ ਰਹੀ ਹੈ। ਅਮਰੀਕਾ ਜਿੱਥੇ ਸੀਰੀਆਈ ਸਰਕਾਰ ਦਾ ਵਿਰੋਧੀ ਰਿਹਾ ਹੈ, ਉਥੇ ਰੂਸ ਲਗਾਤਾਰ ਸੀਰੀਆ ਦੀ ਮੌਜੂਦਾ ਅਸਦ ਸਰਕਾਰ ਨੂੰ ਸਮਰਥਣ ਦਿੰਦਾ ਰਿਹਾ ਹੈ। ਇਸ ਕਰਕੇ ਹੀ ਦੋਵੇਂ ਦੇਸ਼ ਇਸ ਮੁੱਦੇ ਤੇ ਇੱਕ ਦੂਸਰੇ ਦੇ ਵਿਰੋਧੀ ਰਹੇ ਹਨ। ਸੀਰੀਆ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਹੁਣ ਤੱਕ 2,90,000 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।