ਫ਼ਤਹਿਗੜ੍ਹ ਸਾਹਿਬ – “ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਤੇ ਹੋਰ ਜਿਵੇਂ ਸੁੱਚਾ ਸਿੰਘ ਛੋਟੇਪੁਰ, ਆਵਾਜ਼-ਏ-ਪੰਜਾਬ ਦੇ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਬੈਂਸ ਭਰਾ ਅਤੇ ਹੋਰ ਛੋਟੀਆ-ਵੱਡੀਆ ਪਾਰਟੀਆਂ ਦੇ ਲੀਡਰ ਕਹਿ ਰਹੇ ਹਨ ਕਿ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਹੈ । ਪਿਛਲੇ ਸਮੇਂ ਵਿਚ ਇਹੀ ਰਾਗ ਬਾਦਲ-ਬੀਜੇਪੀ, ਕਾਂਗਰਸ, ਕਾਮਰੇਡ ਅਤੇ ਹੋਰ ਪਾਰਟੀਆਂ ਅਲਾਪਦੇ ਰਹੇ ਹਨ । ਪਰ ਅੱਜ ਤੱਕ ਕਿਸੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਬੇਦੋਸ਼ੇ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਦਾ ਕਤਲ ਕਰਨ ਵਾਲਿਆਂ ਜਿਨ੍ਹਾਂ ਨੇ ਇਸ ਧਰਤੀ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ, ਉਹਨਾਂ ਨੂੰ ਸਜ਼ਾ ਦਿਵਾਉਣ ਦੀ ਕਦੀ ਗੱਲ ਨਹੀਂ ਕੀਤੀ ਅਤੇ ਨਾ ਹੀ ਹੁਣ ਇਹ ਨਵੀਆਂ ਉੱਠ ਰਹੀਆਂ ਪਾਰਟੀਆ ਇਸ ਬਾਰੇ ਕੋਈ ਗੱਲ ਕਰ ਰਹੀਆਂ ਹਨ । ਜਦੋਂ ਤੱਕ ਸ੍ਰੀ ਦਰਬਾਰ ਸਾਹਿਬ ਦੀ ਬੇਪੱਤੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ, ਉਦੋ ਤੱਕ ਇਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਿਵੇਂ ਦਿੱਤਾ ਜਾ ਸਕਦਾ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਦਿੰਦੇ ਹੋਏ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਹੈ, ਜਿਨ੍ਹਾਂ ਨੇ ਹਮਲੇ ਲਈ ਸਮੇਂ ਦੀ ਸਰਕਾਰ ਨੂੰ ਉਕਸਾਇਆ ਹੈ ਅਤੇ ਜਿਨ੍ਹਾਂ ਨੇ ਸਿੱਖ ਕੌਮ ਵਿਚ ਰਹਿੰਦੇ ਹੋਏ ਉਸ ਸਮੇਂ ਦੀ ਸਰਕਾਰ ਨੂੰ ਹਮਲਾ ਕਰਨ ਲਈ ਬੇਨਤੀਆ ਕੀਤੀਆਂ ਹਨ ਅਤੇ ਹਮਲਾਵਰਾਂ ਨੂੰ ਸਿੱਖਾਂ ਦੀਆਂ ਸੂਹਾ ਦਿੱਤੀਆ ਹਨ, ਉਹ ਸਾਰੇ ਇਸ ਸ਼ਹਿਰ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਦੋਸ਼ੀ ਹਨ । ਇਕ ਦੋਸ਼ੀ ਆਦਮੀ ਜਿਸ ਨੇ ਇਸ ਦੀ ਪਵਿੱਤਰਤਾ ਭੰਗ ਕੀਤੀ ਹੋਵੇ, ਉਹ ਇਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕਿਵੇਂ ਕਰ ਸਕਦਾ ਹੈ ? ਇਹ ਨਵੀਆਂ ਉੱਠੀਆਂ ਪਾਰਟੀਆਂ ਜੇਕਰ 1984 ਦੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ, ਇਥੇ ਕਤਲੇਆਮ ਕਰਨ ਵਾਲਿਆਂ ਅਤੇ ਉਸ ਤੋਂ ਬਾਅਦ ਦਿੱਲੀ ਅਤੇ ਹਿੰਦੂਸਤਾਨ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਦੀ ਕੋਈ ਗੱਲ ਕਰਨ, ਨਾ ਕਿ ਹਵਾ ਵਿਚ ਹੀ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਦੀ ਗੱਲ ਕਰਨ ।