ਬੰਗਲੂਰੂ – ਤਮਿਲਨਾਡੂ ਅਤੇ ਕਰਨਾਟਕ ਵਿੱਚ ਕਾਵੇਰੀ ਦੇ ਪਾਣੀ ਨੇ ਅੱਗ ਲਗਾ ਦਿੱਤੀ ਹੈ। ਕਰਨਾਟਕ ਦੇ ਮੈਸੂਰ, ਮਾਂਡਿਆ, ਬੰਗਲੂਰੁ, ਧਾਰਵਾੜ ਅਤੇ ਚਿੱਤਰਦੁਰਗਾ ਜਿਲ੍ਹਿਆਂ ਵਿੱਚ ਨਵੇਂ ਸਿਰਿਆਂ ਤੋਂ ਭੜਕੀ ਹਿੰਸਾ ਵਿੱਚ ਬਹੁਤ ਸਾਰੇ ਵਾਹਣ ਸੜ ਕੇ ਸਵਾਹ ਹੋ ਗਏ ਹਨ। ਸੱਭ ਤੋਂ ਵੱਧ ਨੁਕਸਾਨ ਬੰਗਲੂਰੂ ਵਿੱਚ ਹੋਇਆ ਹੈ। ਇੱਥੇ ਤਮਿਲਨਾਡੂ ਦੀਆਂ 30 ਬੱਸਾਂ ਅਤੇ ਟਰੱਕ ਸਾੜ ਦਿੱਤੇ ਗਏ ਹਨ। ਸਿਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਕਰਫਿ਼ਊ ਲਗਾ ਦਿੱਤਾ ਹੈ। ਬੰਗਲੂਰੂ ਵਿੱਚ 15 ਹਜ਼ਾਰ ਜਵਾਨਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।
ਤਮਿਲਨਾਡੂ, ਕਰਨਾਟਕ ਅਤੇ ਕੇਰਲਾ ਵਿੱਚ ਵੱਗਣ ਵਾਲੀ ਕਾਵੇਰੀ ਨਦੀ ਦੇ ਪਾਣੀ ਨੂੰ ਲੈ ਕੇ 100 ਸਾਲ ਤੋਂ ਝਗੜਾ ਚੱਲਦਾ ਆ ਰਿਹਾ ਹੈ। ਇਸ ਤਾਜ਼ਾ ਵਿਵਾਦ ਦਾ ਕਾਰਣ ਸੁਰੀਮ ਕੋਰਟ ਦੁਆਰਾ 5 ਸਿਤੰਬਰ ਨੂੰ ਦਿੱਤਾ ਗਿਆ ਫੈਂਸਲਾ ਹੈ। ਸਰਵਉਚ ਅਦਾਲਤ ਨੇ ਕਰਨਾਟਕ ਰਾਜ ਨੂੰ ਇਹ ਆਦੇਸ਼ ਦਿੱਤਾ ਹੈ ਕਿ ਉਹ ਰੋਜ਼ਾਨਾ ਕਾਵੇਰੀ ਤੋਂ 15 ਹਜ਼ਾਰ ਕਿਉਸਿਕ ਪਾਣੀ ਤਮਿਲਨਾਡੂ ਨੂੰ ਦੇਵੇ। ਜਿਸ ਕਾਰਣ ਕਰਨਾਟਕ ਵਿੱਚ ਤਮਿਲਾਂ ਦੇ ਖਿਲਾਫ਼ ਹਿੰਸਕ ਵਾਰਦਾਤਾਂ ਹੋ ਰਹੀਆਂ ਹਨ।ਤਮਿਲਨਾਡੂ ਦੇ ਨੰਬਰਾਂ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਮਿਲਨਾਡੂ ਵਿੱਚ ਵੀ ਕਨੜਭਾਸ਼ੀ ਲੋਕਾਂ ਦੇ ਖਿਲਾਫ਼ ਹਿੰਸਕ ਘਟਨਾਵਾਂ ਹੋ ਰਹੀਆਂ ਹਨ।ਪੁਲਿਸ ਫਾਇਰਿੰਗ ਵਿੱ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਹੈ।
ਕਰਨਾਟਕ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਦਰਖਾਸਤ ਦੇ ਕੇ ਕਿਹਾ ਹੈ ਕਿ ਉਹ ਰਾਜ ਵਿੱਚ ਲੋਕਾਂ ਦੇ ਗੁੱਸੇ ਅਤੇ ਆਪਣੇ ਜਲ-ਸਾਧਨਾਂ ਦੀ ਸਥਿਤੀ ਨੂੰ ਵੇਖਦੇ ਹੋਏ ਤਮਿਲਨਾਡੂ ਨੂੰ 15 ਹਜ਼ਾਰ ਕਿਊਸਿਕ ਪਾਣੀ ਮੁਹਈਆ ਨਹੀਂ ਕਰਵਾਇਆ ਜਾ ਸਕਦਾ। ਇਸ ਤੇ ਅਦਾਲਤ ਨੇ ਸੋਮਵਾਰ ਨੂੰ ਆਪਣੇ ਪਿੱਛਲੇ ਫੈਂਸਲੇ ਵਿੱਚ ਤਬਦੀਲੀ ਕਰਦੇ ਹੋਏ 20 ਸਿਤੰਬਰ ਤੱਕ 15 ਹਜ਼ਾਰ ਦੀ ਬਜਾਏ 12 ਹਜ਼ਾਰ ਕਿਊਸਿਕ ਪਾਣੀ ਛੱਡਣ ਦੇ ਆਦੇਸ਼ ਦਿੱਤੇ ਹਨ। ਜਿਸ ਨਾਲ ਦੋਵਾਂ ਰਾਜਾਂ ਦੇ ਨਿਵਾਸੀਆਂ ਵਿੱਚ ਤਣਾਅ ਪੈਦਾ ਹੋ ਗਿਆ ਹੈ।