“ਯਾਰ ਮੈਂ ਇਕ ਬਿਨਸਮੈਨ ਹਾਂ- ਮਾਇਆ ਵਲੋਂ ਵੀ, ਗੁਰੂ ਦੀ ਕਿਰਪਾ ਹੈ- ਪਰ ਜਿਵੇਂ ਤੁਹਾਡੀ ਪ੍ਰਸ਼ੰਸਾ ਤਾੜੀਆਂ ਦੀ ਗੂੰਜ ਵਿੱਚ ਸਟੇਜਾਂ ਤੇ ਹੁੰਦੀ ਹੈ, ਏਦਾਂ ਮੇਰੀ ਕਿਤੇ ਨਹੀਂ ਹੁੰਦੀ” ਇੱਕ ਵਪਾਰੀ ਨੇ ਆਪਣੇ ਸਾਹਿਤਕਾਰ ਦੋਸਤ ਨਾਲ ਆਪਣੇ ਦਿੱਲ ਦੀ ਗੱਲ ਸਾਂਝੀ ਕੀਤੀ।
“ਤੇ ਤੂੰ ਵੀ ਸਾਹਿਤਕਾਰ ਬਣ ਜਾ” ਦੋਸਤ ਨੇ ਸਲਾਹ ਦਿੱਤੀ।
“ਪਰ ਕੀ ਕਰਾਂ ਯਾਰ, ਮੈਨੂੰ ਤੇਰੇ ਵਾਂਗ ਅੱਖਰ ਨਹੀਂ ਪਰੋਣੇ ਆਉਂਦੇ” ਉਹ ਨਿਮੋਝੂਣਾ ਹੋ ਕੇ ਕਹਿਣ ਲੱਗਾ।
“ਯਾਰ, ਤੂੰ ਗੱਲ ਕਰ- ਤੈਂਨੂੰ ਸਾਹਿਤਕਾਰ ਬਣਾ ਦਿੰਨੇ ਆਂ” ਉਸ ਦਾ ਮੋੜਵਾਂ ਜਵਾਬ ਸੀ।
“ਉਹ ਕਿਵੇਂ…?” ਉਸ ਹੈਰਾਨ ਹੋ ਕੇ ਪੁੱਛਿਆ।
“ਤੂੰ ਪੈਸੇ ਤਾਂ ਖਰਚ ਸਕਦਾ ਏਂ ਨਾ?” ਉਸ ਫੇਰ ਪੁੱਛਿਆ।
“ਹਾਂ- ਪਰ ਪੈਸੇ ਨਾਲ ਕੋਈ ਸਾਹਿਤਕਾਰ ਕਿਵੇਂ ਬਣ ਸਕਦਾ?” ਵਪਾਰੀ ਦੋਸਤ ਕਹਿਣ ਲੱਗਾ।
“ਪਹਿਲਾਂ ਸਾਹਿਤਕਾਰਾਂ ਵਿੱਚ ਆਪਣੀ ਪਹਿਚਾਨ ਤਾਂ ਬਣਾ ਲੈ- ਫਿਰ ਦੇਖਦੇ ਆਂ” ਉਸ ਕਿਹਾ।
“ਕਿਵੇਂ…? ਉਸ ਨੇ ਉਤਸੁਕਤਾ ਨਾਲ ਪੁੱਛਿਆ।
“ਦੇਖ ਮੇਰੀ ਗੱਲ ਧਿਆਨ ਨਾਲ ਸੁਣ- ਕੱਲ੍ਹ ਹੋਣ ਵਾਲੇ ਸਾਹਿਤ ਸਭਾ ਦੇ ਸਮਾਗਮ ਵਿੱਚ ਮੈਂ ਸਟੇਜ ਸੰਭਾਲਣੀ ਹੈ- ਤੈਂਨੂੰ ਦੋ ਮਿੰਟ ਬੋਲਣ ਲਈ ਕਹਾਂਗਾ-ਤੂੰ ਸਟੇਜ ਤੇ ਬੈਠੇ ਲੇਖਕ ਨੂੰ ਵਧਾਈ ਦੇ ਕੇ, ਇਹ ਐਲਾਨ ਕਰਨਾ ਹੈ ਕਿ ਮੇਰੇ ਪਿਤਾ ਜੀ ਨੂੰ ਸਾਹਿਤ ਨਾਲ ਬਹੁਤ ਲਗਾਓ ਸੀ- ਸੋ ਮੈਂ ਹਰ ਸਾਲ ਇੱਕ ਵੱਡਾ ਸਮਾਗਮ ਕਰਕੇ, ਉਨ੍ਹਾਂ ਦੇ ਨਾਮ ਤੇ ਇੱਕ ਯਾਦਗਾਰੀ ਪੁਰਸਕਾਰ ਕਿਸੇ ਨਾਮਵਰ ਸਾਹਿਤਕਾਰ ਨੂੰ ਦੇਣਾ ਚਾਹੁੰਦਾ ਹਾਂ- ਜਿਸ ਦੀ ਚੋਣ ਤੇ ਸਮਾਂ ਨਿਸ਼ਚਿਤ ਕਰਕੇ ਮੈਂਨੂੰ ਸਾਹਿਤ ਸਭਾ ਵਲੋਂ ਸੂਚਿਤ ਕਰ ਦਿੱਤਾ ਜਾਵੇ।” ਸਾਹਿਤਕਾਰ ਦੋਸਤ ਨੇ ਸਲਾਹ ਦਿੱਤੀ।
“ਠੀਕ ਹੈ- ਪਰ ਯਾਰ ਮੇਰੇ ਪਿਤਾ ਜੀ ਚੰਗੇ ਕਾਰੀਗਰ ਤਾਂ ਜਰੂਰ ਸਨ- ਪਰ ਕੋਈ ਕਿਤਾਬ ਕਤੂਬ ਪੜ੍ਹਦੇ, ਤਾਂ ਮੈਂ ਉਨ੍ਹਾਂ ਨੂੰ ਕਦੇ ਦੇਖਿਆ ਹੀ ਨਹੀਂ ਸੀ।” ਉਹ ਕਹਿਣ ਲੱਗਾ।
“ਉਹ ਛੱਡ ਯਾਰ, ਕਿਸੇ ਨੇ ਤੇਰੇ ਬਾਪ ਨੂੰ ਕਬਰਾਂ ‘ਚ ਮਿਲਣ ਜਾਣਾ ਭਲਾ! ਪਰ ਹਾਂ- ਕੱਲ੍ਹ ਟਾਈਮ ਸਿਰ ਪਹੁੰਚ ਜਾਈਂ” ਉਸ ਹਦਾਇਤ ਕੀਤੀ।
ਦੂਜੇ ਦਿਨ ਮਿੱਥੇ ਪਲੈਨ ਮੁਤਾਬਕ ਉਸਨੇ ਸਟੇਜ ਤੋਂ ਪੁਰਸਕਾਰ ਦਾ ਐਲਾਨ ਕਰ ਦਿੱਤਾ। ਬੱਸ ਫੇਰ ਕੀ ਸੀ- ਹਾਲ ਤਾੜੀਆਂ ਨਾਲ ਗੂੰਜ ਉਠਿਆ।
ਹੁਣ ਹੋਰ ਸਭਾਵਾਂ ਵਾਲੇ ਵੀ ਉਸ ਨਾਲ ਆੜੀ ਪਾਉਣ ਲੱਗੇ ਤਾਂ ਕਿ ਉਹ ਪੁਰਸਕਾਰ ਸਮਾਗਮ ਉਹਨਾਂ ਦੀ ਸਭਾ ਵਲੋਂ ਕਰਵਾਇਆ ਜਾਵੇ। ਕਿਉਂਕਿ ਖਰਚਾ ਤਾਂ ਉਸੇ ਨੇ ਹੀ ਕਰਨਾ ਸੀ, ਸਭਾ ਦਾ ਤਾਂ ਨਾਮ ਹੀ ਹੋਣਾ ਸੀ। ਕਈ ਮਹਾਨ ਸਾਹਿਤਕਾਰ ਵੀ ਉਸ ਦੀ ਖੁਸ਼ਾਮਦ ਕਰਨ ਲੱਗੇ ਤਾਂ ਕਿ ਪੁਰਸਕਾਰ ਲਈ ਉਹਨਾਂ ਦੇ ਨਾਮ ਦੀ ਸਿਫਾਰਸ਼ ਕੀਤੀ ਜਾਵੇ। ਸੋ ਅਖੀਰ ਇੱਕ ਨਾਮਵਰ ਸਾਹਿਤ ਸਭਾ ਵਲੋਂ, ਵੱਡੇ ਪੱਧਰ ਦਾ ਸਮਾਗਮ ਕਰਕੇ, ਇੱਕ ਮਹਾਨ ਸਾਹਿਤਕਾਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੀਆਂ ਤਸਵੀਰਾਂ ਤੇ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ। ਗੱਲ ਕੀ ਉਸ ਦੀ ਬੱਲੇ ਬੱਲੇ ਹੋ ਗਈ ਸੀ।
ਆਪਣਾ ਬਿਜ਼ਨੈਸ ਆਪਣੇ ਪੁੱਤਰਾਂ ਨੂੰ ਸੰਭਾਲ, ਉਹ ਹੁਣ ਹਰੇਕ ਸਾਹਿਤ ਸਮਾਗਮ ਵਿੱਚ ਹਾਜ਼ਰੀ ਭਰਨ ਲੱਗਾ। ਕਵੀ ਦਰਬਾਰ ਵਿੱਚ ਕਦੇ ਕਿਸੇ ਮਹਾਨ ਸਾਹਿਤਕਾਰ ਦੀ ਗਜ਼ਲ ਜਾਂ ਗੀਤ ਗਾ ਦਿੰਦਾ ਅਤੇ ਕਦੇ ਕਿਸੇ ਦੀ ਚੁਰਾਈ ਹੋਈ ਕਵਿਤਾ ਨਾਲ ਹਾਜ਼ਰੀ ਲਵਾ ਲੈਂਦਾ। ਕੁੱਝ ਹੀ ਸਮੇਂ ਵਿੱਚ, ਵੱਡੇ ਸਾਹਿਤਕਾਰ ਉਸ ਦੇ ਦੋਸਤ ਬਣ ਗਏ- ਤੇ ਉਸ ਦੇ ਘਰ ਉਹਨਾਂ ਦੀਆਂ ਮਹਿਫਲਾਂ ਸਜਣ ਲੱਗੀਆਂ- ਜਾਮ ਟਕਰਾਉਣ ਲੱਗੇ। ਦੇਖਦੇ ਹੀ ਦੇਖਦੇ ਉਹ ਕਈ ਸਾਹਿਤ ਸਭਾਵਾਂ ਦਾ ਮੈਂਬਰ ਬਣ ਗਿਆ। ਪਰ ਸਾਹਿਤ ਅਕੈਡਮੀ ਵਾਲੇ ਉਸ ਨੂੰ ਮੈਂਬਰ ਨਹੀਂ ਸੀ ਬਣਾਉਂਦੇ ਕਿਉਂਕਿ ਅਜੇ ਉਸ ਦੀ ਕੋਈ ਕਿਤਾਬ ਨਹੀਂ ਛਪੀ ਸੀ।
“ਯਾਰ, ਮੇਰੀ ਵੀ ਕੋਈ ਕਿਤਾਬ ਕਤੂਬ ਛਪਵਾ ਦਿਓ” ਇਕ ਦਿਨ ਉਸਨੇ ਜੁੜੀ ਮਹਿਫ਼ਲ ਵਿੱਚ ਕਿਹਾ।
“ਲੈ, ਤੂੰ ਕਿਹੜਾ ਰੋਜ਼ ਰੋਜ਼ ਕਹਿਣਾ- ਅਗਲੇ ਦੋ ਮਹੀਨਿਆਂ ਵਿੱਚ ਤੇਰੀ ਕਿਤਾਬ ਵੀ ਤਿਆਰ ਕਰ ਦਿੰਨੇ ਆਂ” ਇੱਕ ਦੋਸਤ ਨੇ ਪੈੱਗ ਲਾਉਂਦੇ ਹੋਏ ਕਿਹਾ।
“ਕਿਉਂ ਮਜ਼ਾਕ ਕਰਦਾ ਯਾਰ!” ਉਹ ਬੋਲਿਆ।
ਦੋ ਦਿਨਾਂ ਬਾਅਦ ਫਿਰ ਉਹੀ ਦੋਸਤ ਮਿਲਿਆ ਤਾਂ ਕਹਿਣ ਲੱਗਾ ਕਿ ਮੈਂ ਵੀਹ- ਪੰਝੀ ਕਵੀਆਂ ਨੂੰ ਫੋਨ ਕਰਕੇ ਕਹਿ ਦਿੱਤਾ ਹੈ ਕਿ ਮੇਰਾ ਦੋਸਤ ਇੱਕ ਪੁਸਤਕ ਸੰਪਾਦਨ ਕਰ ਰਿਹਾ ਹੈ- ਜਿਸ ਲਈ ਆਪਣੀਆਂ 5-5 ਚੋਣਵੀਆਂ ਰਚਨਾਵਾਂ ਅਤੇ ਆਪਣਾ ਬਾਇਓ ਡਾਟਾ ਫੋਟੋ ਸਮੇਤ, 15 ਦਿਨਾਂ ਦੇ ਅੰਦਰ ਅੰਦਰ ਭੇਜ ਦਿੱਤਾ ਜਾਵੇ। ਆਹ ਲੈ ਲਿਸਟ, ਤੂੰ ਬੱਸ ਇਹਨਾਂ ਨੂੰ ਦੋ ਚਾਰ ਦਿਨਾਂ ਬਾਅਦ ਫੋਨ ਕਰਕੇ ਜਲਦੀ ਭੇਜਣ ਦੀ ਬੇਨਤੀ ਕਰਦਾ ਰਹੀਂ। ਅਸੀਂ ਦੋ ਤਿੰਨ ਸਾਹਿਤਕਾਰ ਤੇਰੀਆਂ ਸਿਫਤਾਂ ਦੇ ਪੁੱਲ਼ ਬੰਨ੍ਹ ਕੇ ਪਰਚੇ ਲਿਖਾਂਗੇ- ਤੇ ਤੂੰ ਇੱਕ ਸਫੇ ਵਿੱਚ ਸਭ ਦਾ ਧੰਨਵਾਦ ਕਰ ਦੇਈਂ। ਪ੍ਰਕਾਸ਼ਕ ਵੀ ਮੇਰਾ ਜਾਣੂੰ ਹੈ, ਉਹ ਰੇਟ ਭਾਵੇਂ ਕੁੱਝ ਵੱਧ ਲਵੇ ਪਰ ਕਿਤਾਬ ਬਹੁਤ ਸੁਹਣੀ ਤਿਆਰ ਕਰੇਗਾ ਅਤੇ ਦੇ ਵੀ ਮਹੀਨੇ ਵਿੱਚ ਹੀ ਦੇਵੇਗਾ।
ਉਸ ਦਾ ਖੁਸ਼ੀ ਵਿੱਚ ਧਰਤੀ ਪੈਰ ਨਾ ਲੱਗੇ- ਦੋਸਤ ਨੂੰ ਵਧੀਆ ਰੈਸਟੋਰੈਂਟ ਵਿੱਚ ਖਾਣਾ ਖੁਆਇਆ ਤੇ ਆਓ ਭਗਤ ਕੀਤੀ।
ਸੂਈ ਦੀ ਘੜੀ ਵਾਂਗ ਉਹ ਰੋਜ਼ ਕਵੀਆਂ ਨੂੰ ਫੋਨ ਕਰਨ ਦਾ ਕਾਰਜ, ਨਿੱਤ ਨੇਮ ਵਾਂਗ ਕਰਨ ਲੱਗਾ। ਥੋੜ੍ਹੇ ਹੀ ਦਿਨਾਂ ਵਿੱਚ ਉਸਦੀ ਮਿਹਨਤ ਰੰਗ ਲਿਆਈ। ਕੁੱਝ ਕਵੀਆਂ ਨੇ ਉਸ ਦੇ ਵਾਰ ਵਾਰ ਫੋਨ ਤੋਂ ਪਰੇਸ਼ਾਨ ਹੋ ਕੇ, ਤੇ ਕੁੱਝ ਨੇ ਉਸ ਦੀ ਖੁਸ਼ਾਮਦ ਦੀ ਮਠਿਆਈ ਖਾ ਕੇ, ਜਲਦੀ ਹੀ ਕਵਿਤਾਵਾਂ ਭੇਜ ਦਿੱਤੀਆਂ। ਕਈ ਨਵੇਂ ਕਵੀਆਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਹਨਾਂ ਦੀਆਂ ਰਚਨਾਵਾਂ ਕਿਸੇ ਪੁਸਤਕ ਦਾ ਸ਼ਿੰਗਾਰ ਬਣ ਰਹੀਆਂ ਹਨ। ਪੁਸਤਕ ਵਿੱਚ ਪਾਉਣ ਲਈ ਨਾਮਵਰ ਸਾਹਿਤਕਾਰਾਂ ਤੋਂ ਪਰਚੇ ਵੀ ਲਿਖਵਾਏ ਗਏ। ਡੇੜ੍ਹ ਕੁ ਸਫਾ ਉਸ ਆਪਣੇ ਵਲੋਂ ਧੰਨਵਾਦ ਦਾ ਲਿਖ ਦਿੱਤਾ। ਜਦੋਂ ਖਰੜਾ ਪ੍ਰਕਾਸ਼ਕ ਨੂੰ ਦੇਣ ਜਾਣ ਲੱਗਾ, ਤਾਂ ਉਸ ਅੰਦਰ ਬੈਠੇ ਵਪਾਰੀ ਮਨ ਨੇ ਉਸ ਨੂੰ ਝਿੜਕਿਆ, “ਭਲਿਆ ਲੋਕਾ! ਤੂੰ ਸਾਹਿਤਕਾਰ ਤਾਂ ਬਣਨ ਲੱਗਾਂ, ਪਰ ਕਿਤਾਬ ਦਾ ਖਰਚਾ ਕਿਉਂ ਨਾ ਕਿਸੇ ਸਪੌਸਰ ਦੇ ਸਿਰ ਪਾਇਆ ਜਾਏ?” ਇਸੇ ਸਕੀਮ ਅਧੀਨ, ਸਪੌਂਸਰ ਵੀ ਲੱਭ ਲਿਆ ਗਿਆ। ਪੁਸਤਕ ਅੱਗੇ ਸਮਰਪਣ ਦੇ ਪੰਨੇ ਵਿੱਚ ਸਪੌਂਸਰ ਦੀ ਤਾਰੀਫ਼ ਦੇ ਪੁਲ ਬੰਨ੍ਹ, ਧੰਨਵਾਦ ਦੀਆਂ ਕੁੱਝ ਸਤਰਾਂ ਪਾ ਦਿੱਤੀਆਂ। ਦੋ ਕੁ ਮਹੀਨੇ ਦੇ ਅੰਦਰ ਹੀ ਪੁਸਤਕ ਤਿਆਰ ਹੋ ਗਈ।
“ਯਾਰ, ਪੁਸਤਕ ਤਾਂ ਛਪ ਗਈ- ਹੁਣ ਰਲੀਜ਼ ਤੇ ਕੋਈ ਸਭਾ ਸਨਮਾਨਿਤ ਵੀ ਕਰੇਗੀ ਮੈਂਨੂੰ?” ਉਸ ਨੂੰ ਅਸਲ ਭੁੱਖ ਤਾਂ ਸਨਮਾਨ ਦੀ ਸੀ।
“ਲੈ, ਤੈਨੂੰ ਇਹ ਵੀ ਨਹੀਂ ਪਤਾ- ਸਨਮਾਨ ਹੁੰਦਾ ਥੋੜ੍ਹਾ, ਸਨਮਾਨ ਤਾਂ ਕਰਾਉਣਾ ਪੈਂਦਾ।” ਦੋਸਤਾਂ ਦਾ ਜਵਾਬ ਸੀ।
“ਉਹ ਕਿਵੇਂ..?” ਉਸ ਨੇ ਉਤਸੁਕਤਾ ਨਾਲ ਪੁੱਛਿਆ।
“ਸਨਮਾਨ ਤੇ ਖਰਚਾ ਤਾਂ ਆਪ ਹੀ ਕਰਨਾ- ਜਿਸ ਤਰ੍ਹਾਂ ਦਾ ਸਨਮਾਨ ਤੂੰ ਲੈਣਾ ਚਾਹੁੰਦਾ, ਉਸ ਤਰ੍ਹਾਂ ਦਾ ਲਿਆ ਕੇ ਸਭਾ ਦੇ ਪ੍ਰਧਾਨ, ਸਕੱਤਰ ਨੂੰ ਫੜਾ ਦੇਈਂ- ਉਹ ਤੈਂਨੂੰ ਦੇ ਦੇਣਗੇ.. ਸਭਾ ਦਾ ਨਾਮ ਹੋ ਜਾਏਗਾ ਤੇ ਤੇਰੀ ਵਾਹਵਾ!” ਹੰਢੇ ਹੋਏ ਸਾਹਿਤਕਾਰਾਂ ਦਾ ਜਵਾਬ ਸੀ।
“ਅੱਛਾ- ਮੈਂ ਤਾਂ ਸੋਚਦਾ ਸੀ, ਕਿ ਵੱਡੇ ਸਮਾਗਮ ਕਰਕੇ, ਇੰਨੇ ਸਨਮਾਨ ਤੁਹਾਨੂੰ ਸਭਾਵਾਂ ਆਪਣੇ ਵਲੋਂ ਦਿੰਦੀਆਂ ਨੇ” ਉਹ ਬੋਲਿਆ।
“ਯਾਰ, ਸਭਾਵਾਂ ਵਿਚਾਰੀਆਂ ਕੋਲ ਇੰਨੇ ਫੰਡ ਕਿੱਥੇ? ਹਰ ਮਹੀਨੇ ਲੇਖਕਾਂ ਨੂੰ ਚਾਹ ਪਾਣੀ ਵੀ ਤਾਂ ਪਿਆਉਣਾ ਪੈਂਦਾ ਉਹਨਾਂ ਨੂੰ..ਸੋ ਸਨਮਾਨ ਦੇ ਸਮਾਗਮ ਦਾ ਖਰਚਾ ਝੱਲਣਾ ਤਾਂ ਲੇਖਕ ਦਾ ਹੀ ਫਰਜ਼ ਬਣਦਾ ਆ ਨਾ” ਦੂਸਰਾ ਸਾਹਿਤਕਾਰ ਕਹਿਣ ਲੱਗਾ।
“ਅੱਛਾ..ਪਰ ਮੈਂ ਤਾਂ ਅਜੇ ਪਿਛਲੇ ਸਾਲ ਹੀ ਤੁਹਾਡੇ ਪਰਿਵਾਰ ਵਿੱਚ ਸ਼ਾਮਲ ਹੋਇਆ ਹਾਂ- ਸੋ ਮੈਂਨੂੰ ਤੁਹਾਡੇ ਕਾਇਦੇ ਕਨੂੰਨਾਂ ਦਾ ਕੀ ਪਤਾ?” ਉਸ ਜਵਾਬ ਦਿੱਤਾ।
ਪੁਸਤਕ ਦੀ ਘੁੰਡ ਚੁਕਾਈ ਲਈ, ਇੱਕ ਨਾਮਵਰ ਸਭਾ ਵਲੋਂ, ਬਹੁਤ ਵੱਡਾ ਸਮਾਗਮ ਉਲੀਕਿਆ ਗਿਆ। ਉਸ ਦੇ ਇੱਕ ਵਪਾਰੀ ਦੋਸਤ ਨੇ ਇਸ ਨੂੰ ਵੀ ਸਪੌਂਸਰ ਕਰ ਦਿੱਤਾ। ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਛਪੀਆਂ ਰਚਨਾਵਾਂ ਵਾਲਿਆਂ ਨੂੰ, ਇੱਕ ਇੱਕ ਸਨਮਾਨ ਪੱਤਰ ਦਿੱਤਾ ਗਿਆ ਬਾਕੀ ਪੁਸਤਕ ਤਾਂ ਉਹਨਾਂ ਆਪ ਹਰ ਕੀਮਤ ਤੇ ਲੈ ਹੀ ਲੈਣੀ ਸੀ। ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਬੁਲਾ ਕੇ ਪੁਸਤਕ ਲੋਕ ਅਰਪਣ ਕੀਤੀ ਗਈ। ਉਸ ਵਲੋਂ ਦਿੱਤਾ- ਇਕ ਪਲੈਕ, ਲੋਈ, ਫੁੱਲਾਂ ਦਾ ਗੁਲਦਸਤਾ ਤੇ ਕੁੱਝ ਰਾਸ਼ੀ ਲਿਫਾਫੇ ਵਿੱਚ ਪਾ ਕੇ, ਵਾਪਸ ਓਸੇ ਨੂੰ ਮੋੜ, ਸਭਾ ਵਲੋਂ ਉਸ ਦਾ ਸਨਮਾਨ ਵੀ ਕੀਤਾ ਗਿਆ। ਰਵਾਇਤ ਵਜੋਂ, ਸਭਾ ਦੇ ਪ੍ਰਧਾਨ ਤੇ ਉਸ ਨੇ, ਵੱਖ ਵੱਖ ਪੋਜ਼ਾਂ ਵਿੱਚ, ਨਾਮਵਰ ਸ਼ਖਸੀਅਤਾਂ ਨਾਲ ਫੋਟੋਆਂ ਵੀ ਖੂਬ ਖਿਚਵਾਈਆਂ। ਸ਼ਹਿਰ ਦੇ ਸਾਰੇ ਮੀਡੀਆ ਕਰਮੀ ਇਸ ਦੀ ਕਵਰੇਜ ਕਰ ਰਹੇ ਸਨ। ਹੁਣ ਉਹ ਸਟੇਜ ਤੇ ਬੈਠਾ ਸਾਹਿਤਕਾਰ ਹੋਣ ਦਾ ਮਾਣ ਮਹਿਸੂਸ ਕਰ ਰਿਹਾ ਸੀ। ਉਸ ਦੀ ਉਸਤਤ ਵਿੱਚ ਪਰਚੇ ਪੜ੍ਹੇ ਜਾ ਚੁੱਕੇ ਸਨ- ਹਾਲ ਤਾੜੀਆਂ ਨਾਲ ਗੂੰਜ ਰਿਹਾ ਸੀ। ਹਰ ਕੋਈ ਉਸ ਨੂੰ ਮਹਾਨ ਸਾਹਿਤਕਾਰ ਦਾ ਖਿਤਾਬ ਦੇ ਰਿਹਾ ਸੀ- ਪਰ ਉਸ ਦਾ ਵਪਾਰੀ ਦਿਮਾਗ, ਹੁਣ ਆਉਣ ਵਾਲੀਆਂ ਹੋਰ ਕਈ ਪੁਸਤਕਾਂ ਦੀ ਸੰਪਾਦਨਾ ਦੇ ਸੁਨਹਿਰੀ ਸੁਪਨੇ ਬੁਣ ਰਿਹਾ ਸੀ।
ਬਹੁਤ ਖੂਬ
Pasand karn laee shukria..veer jio