ਨਵੀਂ ਦਿੱਲੀ – ਸੀਬੀਡੀਟੀ ਨੇ ਇਨਕਮ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਉਹ 30 ਸਤੰਬਰ ਨੂੰ ਪੂਰੇ ਦੇਸ਼ ਵਿੱਚ ਅੱਧੀ ਰਾਤ ਤੱਕ ਆਪਣੇ ਦਫ਼ਤਰ ਖੁਲ੍ਹੇ ਰੱਖੇ। ਇਹ ਇਨਕਮ ਘੋਸ਼ਣਾ ਯੋਜਨਾ ਦੇ ਬੰਦ ਹੋਣ ਦਾ ਆਖਰੀ ਦਿਨ ਹੈ। ਸੀਬੀਡੀਟੀ ਨੇ ਕਿਹਾ ਹੈ ਕਿ ਆਈਡੀਐਸ, 2016 ਦੇ ਤਹਿਤ 30 ਸਤੰਬਰ ਆਪਣੀ ਬੇਹਿਸਾਬੀ ਘਰੇਲੂ ਸੰਪਤੀ ਦੀ ਘੋਸ਼ਣਾ ਕਰਨ ਦੀ ਆਖਰੀ ਤਾਰੀਖ ਹੈ। ਜਿੰਨ੍ਹਾਂ ਲੋਕਾਂ ਨੇ ਆਪਣੀ ਸੰਪਤੀ ਸਬੰਧੀ ਜਾਣਕਾਰੀ ਨਹੀਂ ਦਿੱਤੀ, ਉਹ ਟੈਕਸ ਅਤੇ ਪੈਨਿਲਟੀ ਦਾ ਭੁਗਤਾਨ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਦੇ ਹਨ।
ਸੀਬੀਡੀਟੀ ਨੇ ਕਿਹਾ ਹੈ ਕਿ ਵਿਭਾਗ ਨਾਲ ਸਬੰਧਿਤ ਸਾਰੇ ਅਧਿਕਾਰੀਆਂ ਨੂੰ ਇਸ ਦਿਨ ਅੱਧੀ ਰਾਤ ਤੱਕ ਕਾਊਂਟਰ ਖੁਲ੍ਹੇ ਰੱਖਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਸੀਬੀਡੀਟੀ ਦੀ ਮੁੱਖੀ ਰਾਣੀ ਸਿੰਹ ਨਾਇਰ ਇਸ ਸਬੰਧੀ 17 ਸਤੰਬਰ ਨੂੰ ਮੁੱਖ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਵੀ ਕਰੇਗੀ। ਸਰਕਾਰ ਨੇ ਇਹ ਸਪੱਸ਼ ਕਰ ਦਿੱਤਾ ਹੈ ਕਿ ਆਈਡੀਐਸ ਦੇ ਤਹਿਤ ਇਨਕਮ ਵਿਭਾਗ ਨੂੰ ਜੋ ਵੀ ਸੂਚਨਾਵਾਂ ਮਿਲਣਗੀਆਂ, ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਜਾਵੇਗਾ। ਜੋ ਲੋਕ ਸਾਲਾਂ ਤੋਂ ਇਮਾਨਦਾਰੀ ਨਾਲ ਇਨਕਮ ਟੈਕਸ ਦਾ ਭੁਗਤਾਨ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।