ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਦਮਨਦੀਪ ਸਿੰਘ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਤੇ ਹਰਵਿੰਦਰ ਸਿੰਘ ਸਰਨਾ ਬਾਰੇ ਦਿੱਲੀ ਕਮੇਟੀ ਬੁਲਾਰੇ ਵੱਲੋਂ ਕੀਤੀ ਗਈ ਬਿਆਨਬਾਜੀ ਨੂੰ ਦਿੱਲੀ ਕਮੇਟੀ ਦੀ ਬੁਖਲਾਹਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ-ਇੱਕ ਕਰਕੇ ਬਾਦਲ ਦਲ ਦੇ ਸਾਰੇ ਝੂਠ ਸੰਗਤਾਂ ਸਾਹਮਣੇ ਉਜਾਗਰ ਹੋਣ ਉਪਰੰਤ ਦਿੱਲੀ ਕਮੇਟੀ ਦੇ ਬੁਲਾਰੇ ਦੀ ਬੁਖਲਾਹਟ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਵਿਰੋਧੀਆਂ ਖਿਲਾਫ ਬਿਆਨ ਦੇਣ ਦੇ ਜ਼ੋਸ਼ ‘ਚ ਪਰਮਿੰਦਰ ਪਾਲ ਸਿੰਘ ਨੇ ਆਪਣੇ ਹੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਝੂਠਾ ਸਾਬਿਤ ਕਰ ਦਿੱਤਾ ਹੈ। ਦਮਨਦੀਪ ਸਿੰਘ ਨੇ ਦੱਸਿਆ ਕਿ , ਮੌਜੂਦਾ ਪ੍ਰਬੰਧਕਾਂ ਦੇ ਖਿਲਾਫ ਗੋਲਕ ਦੀ ਦੁਰਵਰਤੋਂ ਸਬੰਧੀ ਸ. ਸਰਨਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਗੱਲਤ ਦੱਸਣ ਦੀ ਕੋਸ਼ਿਸ਼ ਕਰਦੇ ਹੋਏ ਦਿੱਲੀ ਕਮੇਟੀ ਬੁਲਾਰੇ ਨੇ ਇਹ ਦਾਅਵਾ ਕੀਤਾ ਹੈ ਕਿ ਦਿੱਲੀ ਕਮੇਟੀ ਦੀ ਐਫ. ਡੀ. ਆਰਜ਼ ਪੂਰਨ ਤੌਰ ‘ਤੇ ਸੁਰੱਖਿਅਤ ਹੈ ਅਤੇ ਸਕੂਲੀ ਸਟਾਫ ਨੂੰ ੬ਵੇਂ ਤਨਖਾਹ ਕਮਿਸ਼ਨ ਦੇ ਹਿਸਾਬ ਨਾਲ ਤਨਖਾਹ ਦੇਣ ਦੇ ਬਾਵਜੂਦ ਕਮੇਟੀ ਦੇ ਖਜ਼ਾਨੇ ‘ਚ ਵਾਧਾ ਹੋਇਆ ਹੈ। ਜਦ ਕਿ ੫ ਸਤੰਬਰ ਨੂੰ ਦਿੱਲੀ ਕਮੇਟੀ ਪ੍ਰਧਾਨ ਨੇ ਅਦਾਲਤ ਵਿਚ ਆਖਿਆ ਸੀ ਕਿ ਸਕੂਲੀ ਸਟਾਫ ਨੂੰ ਬਣਦਾ ਬਕਾਇਆ ਦੇਣ ਲਈ ਦਿੱਲੀ ਕਮੇਟੀ ਕੋਲ ਪੈਸਾ ਹੀ ਨਹੀਂ ਹੈ ਜਦ ਕਿ ਕਮੇਟੀ ਦੇ ਬੁਲਾਰੇ ਨੇ ਕਮੇਟੀ ਦੇ ਖਜ਼ਾਨੇ ਨੂੰ ਭਰਿਆ ਦੱਸ ਕੇ ਜੀ. ਕੇ. ਨੂੰ ਹੀ ਝੂਠਾ ਸਾਬਤ ਕਰ ਦਿੱਤਾ ਹੈ। ਦਮਨਦੀਪ ਸਿੰਘ ਨੇ ਕਿਹਾ ਕਿ ਪ੍ਰਬੰਧਕਾਂ ਦੀ ਚਾਪਲੂਸੀ ਕਰਕੇ ਕਮੇਟੀ ਦੇ ਬੁਲਾਰੇ ਬਣੇ ਪਰਮਿੰਦਰ ਪਾਲ ਸਿੰਘ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰ ਲੈਣ ਚਾਹੀਦਾ ਹੈ ਕਿਉਂਕਿ ਦਿੱਲੀ ਵਿਚ ਬਾਦਲ ਦਲ ਦੀ ਸੱਤਾ ਹੋਣ ਦੇ ਬਾਵਜੂਦ ਬੀਤੇ ਦਿਨੀਂ ਹੀ ਉਨ੍ਹਾਂ ਦੀ ਆਪਣੀ ਰਿਹਾਇਸ਼ ਵਾਲੇ ਲੋਕਲ ਗੁਰਦੁਆਰਾ ਦੀਆਂ ਚੋਣਾਂ ‘ਚ ਸੰਗਤਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ।
ਦਿੱਲੀ ਕਮੇਟੀ ਦੇ ਬੁਲਾਰੇ ਨੇ ਬੁਖਲਾਹਟ ‘ਚ ਆ ਕੇ ਜੀ. ਕੇ. ਨੂੰ ਹੀ ਝੂਠਾ ਸਾਬਿਤ ਕੀਤਾ – ਦਮਨਦੀਪ ਸਿੰਘ
This entry was posted in ਭਾਰਤ.