ਲੁਧਿਆਣਾ – ਬੀ ਸੀ ਐਮ ਸਕੂਲ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਇਕ ਜਾਗਰੂਕਤਾ ਕੈਂਪ ਲੁਧਿਆਣਾ ਜ਼ਿਲ੍ਹੇ ਦੇ ਲਲਤੋਂ ਕਲਾਂ ਪਿੰਡ ਵਿੱਚ ਲਗਾਇਆ ਗਿਆ। ਸਕੂਲ ਦੇ ਲਗਭਗ 50 ਬੱਚਿਆਂ ਨੇ ਕੁਦਰਤੀ ਸਰੋਤਾਂ ਦੀ ਸੰਜਮ ਨਾਲ ਵਰਤੋਂ ਕਰਨ ਲਈ ਇਕ ਰੈਲੀ ਕੱਢੀ। ਇਸ ਰੈਲੀ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਿਆਰ ਕੀਤੇ ਪੋਸਟਰ ਫੜੇ ਸਨ ਜਿਨ੍ਹਾਂ ਵਿੱਚ ਰਸਾਇਣਾਂ ਦੀ ਸੰਜਮ ਨਾਲ ਵਰਤੋਂ ਕਰਨ ਦਾ ਸੰਦੇਸ਼ ਦਿੱਤਾ ਗਿਆ ਸੀ ।
ਇਸ ਤੋਂ ਇਲਾਵਾ ਇਹਨਾਂ ਵਿਦਿਆਰਥੀਆਂ ਵੱਲੋਂ ਇਕ ਨੁਕੜ ਨਾਟਕ ਰਾਹੀਂ ਪਿੰਡ ਵਾਸੀਆਂ ਨੂੰ ਸੁਚੇਤ ਕੀਤਾ ਗਿਆ। ਜਿਸ ਵਿੱਚ ਇਹ ਦਿਖਾਇਆ ਗਿਆ ਕਿ ਕੁਦਰਤ ਵਿੱਚ ਆ ਰਹੀਆਂ ਤਬਦੀਲੀਆਂ ਦੇ ਲਈ ਕੁਦਰਤੀ ਸੋਮਿਆਂ ਦੀ ਅੰਧਾਧੁੰਦ ਵਰਤੋਂ ਜ਼ਿੰਮੇਵਾਰ ਹੈ। ਸਾਨੂੰ ਆਉਣ ਵਾਲੀਆਂ ਪੁਸ਼ਤਾਂ ਦੇ ਲਈ ਇਸ ਦੀ ਸੰਜਮ ਨਾਲ ਵਰਤੋਂ ਕਰਨੀ ਪਵੇਗੀ। ਇਹ ਸਕੂਲ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪ੍ਰਭਾਵਸ਼ਾਲੀ ਢੰਗ ਦੇ ਨਾਲ ਪ੍ਰਸਤੁਤ ਕੀਤਾ ਗਿਆ ਜਿਸ ਵਿੱਚ ਖੇਤੀ ਵਿਗਿਆਨ ਦੇ ਭੇਦ ਬੜੇ ਅਸਾਨ ਤਰੀਕੇ ਦੇ ਨਾਲ ਦੱਸੇ ਗਏ। ਨਾਟਕ ਉਪਰੰਤ ਇਸ ਦੇ ਪਾਤਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ ਨੂੰ ਪੱਤਾ ਰੰਗ ਚਾਰਟ ਅਤੇ ਫਿਰੋਮੋਨ ਟਰੈਪ ਸੰਬੰਧੀ ਜਾਣੂੰ ਕਰਵਾਇਆ। ਬੱਚਿਆਂ ਨੇ ਦੱਸਿਆ ਕਿ ਅਸੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰ ਸਕਦੇ ਹਾਂ। ਇਸ ਜਾਗਰੂਕਤਾ ਕੈਂਪ ਦੀ ਅਗਵਾਈ ਸਕੂਲ ਦੇ ਅਧਿਆਪਕ ਰੁਬਿੰਦਰ ਕੌਰ ਅਤੇ ਮੋਨਿਕਾ ਸੂਦ ਕਰ ਰਹੇ ਸਨ ।