ਨਵੀਂ ਦਿੱਲੀ : ਤਾਲੀਬਾਨ ਦੇ ਕਹਿਰ ਤੋਂ ਤੰਗ ਹੋ ਕੇ ਅਫ਼ਗਾਨਿਸਤਾਨ ਛੱਡ ਕੇ ਭਾਰਤ ਆਏ ਹਿੰਦੂ-ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਸਰਕਾਰ ਤੇ ਦਬਾਵ ਬਣਾਕੇ ਨਾਗਰਿਕਤਾ ਦਿਵਾਉਣ ਲਈ ਕੀਤੇ ਗਏ ਕਾਰਜਾਂ ਲਈ ਅੱਜ ਅਫ਼ਗਾਨੀ ਭਾਈਚਾਰੇ ਨੇ ਨਿੱਘਾ ਸਵਾਗਤ ਕੀਤਾ। ਅਫ਼ਗਾਨ ਹਿੰਦੂ-ਸਿੱਖ ਵੈਲਫੇਅਰ ਸੁਸਾਇਟੀ ਦੇ ਅਧੀਨ ਕਾਰਜ ਕਰਦੀਆਂ ਭਾਈਚਾਰੇ ਦੀਆਂ ਦੇਸ਼-ਵਿਦੇਸ਼ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸਰਨਾਰਥੀ ਅਫ਼ਗਾਨੀਆਂ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਵੱਲੋਂ ਮਾਰੇ ਗਏ ਹਾਅ ਦੇ ਨਾਹਰੇ ਨੂੰ ਕਦੇ ਵੀ ਨਾ ਭੁਲਣ ਦਾ ਦਾਅਵਾ ਕੀਤਾ ਗਿਆ ਹੈ।
ਅਫ਼ਗਾਨੀ ਆਗੂ ਤਜਿੰਦਰ ਸਿੰਘ ਸੋਨੀ, ਖਜਿੰਦਰ ਸਿੰਘ, ਐਮ.ਪੀ.ਸਿੰਘ, ਮਨੋਹਰ ਸਿੰਘ ਅਤੇ ਰਾਮਨਾਥ ਕਪੂਰ ਦੀ ਅਗਵਾਹੀ ਹੇਠ ਦਿੱਲੀ ਕਮੇਟੀ ਦਫ਼ਤਰ ਪੁਜੇ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਪੱਤਰਕਾਰਾਂ ਦੀ ਮੌਜੂਦਗੀ ’ਚ ਕਮੇਟੀ ਆਗੂਆਂ ਨੂੰ ਸ਼ਾਲ, ਸਿਰੋਪਾਊ, ਸ੍ਰੀ ਸਾਹਿਬ, ਮਿਠਿਆਈ ਦੇ ਡੱਬੇ, ਡ੍ਰਾਈ ਫਰੂਟ ਦੀ ਟੋਕਰੀਆਂ ਅਤੇ ਫਲਾਂ ਦਾ ਟੋਕਰਾ ਭੇਂਟ ਕਰਨ ਉਪਰੰਤ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਖਾਸ ਅਫ਼ਗਾਨੀ ਕਾਲੀਨ ਅਤੇ ਰਿਵਾਇਤੀ ਪੋਸ਼ਾਕ ਪਹਿਨਾ ਕੇ ਨਿਵਾਜਿਆ। ਸਨਮਾਨ ਸਮਾਗਮ ਤੋਂ ਪਹਿਲਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅਫ਼ਗਾਨੀ ਬਿਰਾਦਰੀ ਦੀ ਪਰੇਸ਼ਾਨੀਆਂ ਅਤੇ ਉਸਦੇ ਹੱਲ ਲਈ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਤੇ ਰੌਸ਼ਨੀ ਪਾਈ।
ਜੀ.ਕੇ. ਨੇ ਦੱਸਿਆ ਕਿ ਬੀਤੇ 20-22 ਸਾਲ ਤੋਂ ਅਫ਼ਗਾਨੀ ਬਿਰਾਦਰੀ ਨੇ ਦੁਰਦਸ਼ਾ ਦਾ ਸਾਹਮਣਾ ਕੀਤਾ ਹੈ ਪਰ ਮੋਦੀ ਸਰਕਾਰ ਦੇ ਆਉਣ ਤੇ ਹੁਣ ਲੰਬੀ ਲੜਾਈ ਮੁਕਾਮ ਤੇ ਪੁੱਜ ਗਈ ਹੈ। ਜੀ.ਕੇ. ਨੇ ਦਾਅਵਾ ਕੀਤਾ ਕਿ ਅਫ਼ਗਾਨੀ ਭਾਈਚਾਰੇ ਦੀ ਅਕਾਲੀ ਦਲ ਵੱਲੋਂ ਲੜੀ ਗਈ ਲੜਾਈ ਦਾ ਫਾਇਦਾ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਉਜੜ੍ਹ ਕੇ ਆਏ ਹਿੰਦੂ ਅਤੇ ਸਿੱਖ ਸਰਨਾਥੀਆਂ ਨੂੰ ਵੀ ਬਿਨਾਂ ਲੜੇ ਮਿਲ ਗਿਆ ਹੈ। ਜੀ.ਕੇ. ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਨਰੇਸ਼ ਗੁਜਰਾਲ, ਸਾਬਕਾ ਰਾਜਸਭਾ ਮੈਂਬਰ ਤ੍ਰਿਲੇਚਨ ਸਿੰਘ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਇਸ ਮਸਲੇ ‘ਤੇ ਦਿੱਲੀ ਕਮੇਟੀ ਨੂੰ ਦਿੱਤੇ ਗਏ ਸਹਿਯੋਗ ਲਈ ਧੰਨਵਾਰ ਵੀ ਜਤਾਇਆ।
ਜੀ.ਕੇ. ਨੇ ਕਿਹਾ ਕਿ ਅਸੀਂ ਅਫ਼ਗਾਨ ਬਿਰਾਦਰੀ ਦੇ ਆਗੂਆਂ ਨੂੰ ਸਾਡਾ ਸਨਮਾਨ ਨਾ ਕਰਨ ਦੀ ਗੁਜ਼ਾਰਿਸ਼ ਕੀਤੀ ਸੀ ਪਰ ਇਹ ਨਹੀਂ ਮੰਨੇ। 2008 ਵਿਚ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਸਾਬਕਾ ਮੁਖਮੰਤਰੀ ਸ਼ੀਲਾ ਦੀਕਸ਼ਿਤ ਦੀ ਰਹਿਨੁਮਾਈ ਹੇਠ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਭਾਈਚਾਰੇ ਦੀ ਲਗਭਗ 20 ਹਜਾਰ ਸੰਗਤ ਦੇ ਸਾਹਮਣੇ ਮਸਲੇ ਦੇ ਹੱਲ ਦੇ ਕੀਤੇ ਗਏ ਦਾਅਵੇ ਦੇ ਬਾਵਜੂਦ ਕਾਰਜ ਨਾ ਹੋਣ ’ਤੇ ਜੀ.ਕੇ. ਨੇ ਵਿਅੰਗ ਵੀ ਕੀਤਾ। ਜੀ.ਕੇ. ਨੇ ਕਿਹਾ ਕਿ ‘‘ਜਿਨ੍ਹਾਂ ਦਾ ਸਵਾਗਤ ਹੋਇਆ ਉਨ੍ਹਾਂ ਕੰਮ ਨਹੀਂ ਕੀਤਾ-ਜਿਨ੍ਹਾਂ ਨੇ ਕੰਮ ਕਰਵਾਇਆ ਉਹ ਸਵਾਗਤ ਨਹੀਂ ਚਾਹੁੰਦੇ’’। ਬੀਬਾ ਬਾਦਲ ਵੱਲੋਂ ਇਸ ਮਸਲੇ ’ਤੇ ਬਾਰ-ਬਾਰ ਆਪਣੇ ਸਾਥੀ ਮੰਤਰੀਆਂ ਨਾਲ ਵਫ਼ਦ ਦੀ ਅਗਵਾਹੀ ਕਰਦੇ ਹੋਏ ਕੀਤੀਆਂ ਗਈਆਂ ਮੀਟਿੰਗਾਂ ਨੂੰ ਜੀ.ਕੇ. ਨੇ ਕਾਮਯਾਬੀ ਦਾ ਮੁਖ ਰਾਜ਼ ਦੱਸਿਆ।
ਇਸ ਮਸਲੇ ਨਾਲ 2002 ਤੋਂ ਜੁੜੇ ਤ੍ਰਿਲੋੇਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੇ ਦਿਨ ਹੀ ਅਫ਼ਗਾਨੀ ਭਾਈਚਾਰੇ ਦੇ ਲੋਕਾਂ ਨੂੰ ਇੱਕਜੁਟ ਹੋਣ ਦਾ ਸੱਦਾ ਦਿੰਦੇ ਹੋਏ ਅਕਾਲ ਪੁਰਖ਼ ਤੇ ਭਰੋਸਾ ਰੱਖਣ ਦੀ ਗੱਲ ਕੀਤੀ ਸੀ। ਤ੍ਰਿਲੋਚਨ ਸਿੰਘ ਨੇ ਕਿਹਾ ਕਿ ਕਾਬੁਲ ਵਾਲੇ ਮੇਹਨਤੀ ਹਨ ਤੇ ਉਨ੍ਹਾਂ ਇੱਕ ਕਾਬੁਲ ਤੋਂ ਉਜੜ੍ਹ ਕੇ ਸੰਸਾਰ ’ਚ 20 ਕਾਬੁਲ ਬਣਾ ਲਏ ਹਨ।
ਸਿਰਸਾ ਨੇ ਲੰਦਨ ਦੇ ਸਾਊਥਹਾਲ ਨੇੜੇ ਅਫ਼ਗਾਨੀ ਸਿੱਖਾਂ ਦੀ ਮਾਰਕੀਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਫ਼ਗਾਨੀ ਸਿੱਖ ਜੁਬਾਨ ਅਤੇ ਧਰਮ ਦੋਨਾਂ ਵਿਚ ਪੱਕੇ ਹਨ। ਸਿਰਸਾ ਨੇ ਬੀਬਾ ਬਾਦਲ ਦੀ ਮਿਹਨਤ ਨੂੰ ਕੌਮ ਦਾ ਦਰਦ ਦੱਸਿਆ। ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ।
ਸੋਨੀ ਨੇ ਅੱਜ ਦੇ ਦਿਹਾੜੇ ਨੂੰ ਇਤਿਹਾਸਿਕ ਦਸਦੇ ਹੋਏ ਜੀ.ਕੇ. ਦੀ ਰੱਜ ਕੇ ਤਾਰੀਫ਼ ਕੀਤੀ। ਸੋਨੀ ਨੇ ਕਿਹਾ ਕਿ ਜੀ.ਕੇ. ਨੇ ਦਿੱਲੀ ਕਮੇਟੀ ਦੀ ਚੋਣਾਂ ਤੋਂ ਪਹਿਲੇ ਪੂਰੀ ਅਫ਼ਗਾਨ ਬਿਰਾਦਰੀ ਨੂੰ ਵਾਇਦਾ ਕੀਤਾ ਸੀ ਕਿ ਜੇਕਰ ਕੇਂਦਰ ਵਿਚ ਐਂਨ.ਡੀ.ਏ. ਦੀ ਸਰਕਾਰ ਆਏਗੀ ਤਾਂ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ। ਸਰਕਾਰ ਆਉਣ ਤੋਂ ਬਾਅਦ ਵੱਖ-ਵੱਖ ਮੰਤਰੀਆਂ ਨਾਲ ਸਾਨੂੰ ਨਾਲ ਲੈ ਕੇ ਜੀ.ਕੇ. ਨੇ ਜੋ ਮੀਟਿੰਗਾ ਕੀਤੀਆਂ ਉਸਦੇ ਨਤੀਜੇ ਵੱਜੋਂ ਅੱਜ ਸਾਨੂੰ ਆਪਣੇ ਹੱਕ ਪ੍ਰਾਪਤ ਹੋ ਰਹੇ ਹਨ। ਸੋਨੀ ਨੇ ਸ਼ੀਲਾ ਦੀਕਸ਼ਿਤ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਝੂਠੀ ਕਸਮ ਖਾਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਜੋ ਸਾਡੇ ਨਾਲ ਕੀਤਾ ਉਹ ਕੋਈ ਨਹੀਂ ਕਰ ਸਕਦਾ। ਇਸ ਸੰਬੰਧ ਵਿਚ ਸੋਨੀ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਭਾਈ ਨੰਦ ਲਾਲ ਜੀ ‘ਗੋਯਾ’ ਦੀ ਯਾਦ ਵਿਚ ਲੰਗਰ ਹਾਲ ਦਾ ਨਾਂ ਕਮੇਟੀ ਵੱਲੋਂ ਰੱਖਣ ਨੂੰ ਅਫ਼ਗਾਨੀ ਸਿੱਖਾਂ ਦਾ ਮਾਨ ਵਧਾਉਣ ਵਾਲਾ ਕਦਮ ਦੱਸਿਆ।
ਖਜਿੰਦਰ ਸਿੰਘ ਨੇ ਮੌਜੂਦਾ ਕਮੇਟੀ ਦਾ ਧੰਨਵਾਦ ਕਰਦੇ ਹੋਏ ਬਿਨਾ ਕੰਮ ਕੀਤੇ ਅਫ਼ਗਾਨ ਬਿਰਾਦਰੀ ਦੇ ਗੁਰਦੁਆਰਿਆਂ ਦੇ ਬਾਹਰ ਕੰਮ ਕਰਨ ਦੇ ਵੱਜੋਂ ਧੰਨਵਾਦ ਦੇ ਬੋਰਡ 2008 ਵਿਚ ਸਰਨਾ ਵੱਲੋਂ ਲਗਾਉਣ ਨੂੰ ਘੱਟਿਆਪੁਣੇ ਦੀ ਮਿਸਾਲ ਦੱਸਿਆ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸੀਨੀਅਰ ਅਕਾਲੀ ਆਗੂ ਓਂਕਾਰ ਸਿੰਘ ਥਾਪਰ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਣਾ, ਤਨਵੰਤ ਸਿੰਘ, ਚਮਨ ਸਿੰਘ, ਕੁਲਦੀਪ ਸਿੰਘ ਸਾਹਨੀ, ਮਨਮੋਹਨ ਸਿੰਘ, ਜੀਤ ਸਿੰਘ, ਹਰਦੇਵ ਸਿੰਘ ਧਨੋਆ, ਬੀਬੀ ਧੀਰਜ ਕੌਰ, ਸਮਰਦੀਪ ਸਿੰਘ ਸੰਨੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਤੇ ਹਰਜੀਤ ਸਿੰਘ ਬੇਦੀ ਦਾ ਵੀ ਸਨਮਾਨ ਅਫ਼ਗਾਨ ਬਿਰਾਦਰੀ ਵੱਲੋਂ ਕੀਤਾ ਗਿਆ।