ਨਵੀਂ ਦਿੱਲੀ – ਸ੍ਰ: ਹਰਵਿੰਦਰ ਸਿੰਘ ਸਰਨਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਤੇ ਬਾਦਲ ਦਲ ਵਲੋਂ ਕੀਤੇ ਜਾ ਰਹੇ ਘੋਰ ਭ੍ਰਿਸ਼ਟਾਚਾਰ, ਗੋਲਕ ਦੀ ਲੁੱਟ ਤੇ ਸਿੱਖ ਸੰਗਤਾਂ ਨਾਲ ਕੀਤੇ ਜਾ ਰਹੇ ਧੋਖੇ ਹਰ ਰੋਜ਼ ਉਜਾਗਰ ਹੋ ਰਹੇ ਹਨ।
100 ਕਰੋੜ ਰੁਪਏ ਦੀਆˆ ਐਫ.ਡੀ.ਆਰਾਂ. ਦਾ ਘੱਪਲਾ ਤੇ 40 ਕਰੋੜ ਰੁਪਏ ਦਾ ਕਰਜ਼ਾ ਬੈਕ ਤੋਂ ਜੀ.ਕੇ. ਦੁਆਰਾ ਲਿਆ ਜਾਣਾ : ਸ੍ਰ: ਸਰਨਾ ਨੇ ਕਿਹਾ ਕਿ ਦਿੱਲੀ ਦੀਆਂ ਸਿੱਖ ਸੰਗਤਾਂ ਦੇ ਸਾਹਮਣੇ ਬਾਦਲ ਦਲ ਦੇ ਦੋਹਰੇ ਮਾਪਦੰਡਾਂ ਅਸਲੀ ਚੇਹਰੇ ਅਤੇ ਰੰਗ ਦਾ ਪਰਦਾਫਾਸ਼ ਹੋ ਗਿਆ ਹੈ। ਬਾਦਲ ਦਲ ਜੋ ਪਿਛਲੇ ਕਈ ਸਾਲਾਂ ਤੋਂ ਝੂਠੇ ਦਾਅਵੇ ਕਰ ਰਿਹਾ ਸੀ ਕਿ 100 ਕਰੋੜ ਰੁਪਏ ਦੀਆਂ ਐਫ.ਡੀ.ਆਰਾਂ. ਗੁਰਦੁਆਰਾ ਕਮੇਟੀ ਪਾਸ ਸੁੱਰਖਿਅਤ ਹਨ। ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਦੀ ਉਸ ਸਮੇਂ ਹਵਾ ਨਿਕਲ ਗਈ ਜਦੋਂ ਦਿੱਲੀ ਕਮੇਟੀ ਦੇ ਵਕੀਲ ਨੇ ਮਾਨਯੋਗ ਡਿਪਟੀ ਹਾਈਕੋਰਟ ਦੇ ਸਾਹਮਣੇ ਇਹ ਬਿਆਨ ਦਿੱਤਾ ਕਿ ਕਮੇਟੀ ਦੇ ਕੋਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਕਰਮਚਾਰਿਆਂ ਨੂੰ ਛੇਵੇਂ ਵੇਤਨ ਆਯੋਗ ਦਾ ਬਕਾਇਆ ਦੇਣ ਵਾਸਤੇ ਪੈਸੇ ਨਹੀਂ ਹਨ ਤੇ ਦਿੱਲੀ ਕਮੇਟੀ ਨੇ ਬੈਂਕ ਤੋਂ 40 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਅਰਜੀ ਦਿੱਤੀ ਹੋਈ ਹੈ ਤਾਂ ਕਿ ਕਰਮਚਾਰੀਆਂ ਦੇ ਬਕਾਏ ਦੀ ਅਦਾਇਗੀ ਕੀਤੀ ਜਾ ਸਕੇ।
ਸ੍ਰ: ਸਰਨਾ ਨੇ ਕਿਹਾ ਕਿ ਹੱਦ ਤਾਂ ਇਹ ਹੈ ਕਿ ਜੀ.ਕੇ. ਤੇ ਬਾਦਲ ਦਲ ਦੇ ਆਗੂਆਂ ਨੇ 26 ਲਗਜ਼ਰੀ ਕਾਰਾਂ, ਨਿੱਜੀ ਵਿਦੇਸ਼ ਹਵਾਈ ਯਾਤਰਾਵਾਂ, ਚਾਰਟਟ ਹਵਾਈ ਜਹਾਜਾਂ ਤੇ ਹੈਲੀਕਾਪਟਰਾਂ ਦੇ ਸੈਰ ਸਪਾਟੇ ਕਰਕੇ 100 ਕਰੋੜ ਰੁਪਏ ਦੀ ਐਫ.ਡੀ.ਆਰਾਂ. ਦਾ ਪੈਸਾ ਤਾਂ ਬਹੁਤ ਪਹਿਲੇ ਖਰਚ ਕਰ ਦਿੱਤਾ ਸੀ ਪਰੰਤੂ ਸੰਗਤਾਂ ਨੂੰ ਸਫੇਦ ਝੂਠ ਬੋਲ ਕੇ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ ਕਿ 100 ਕਰੋੜ ਰੁਪਏ ਦੀਆਂ ਐਫ.ਡੀ.ਆਰਾਂ. ਕਮੇਟੀ ਕੋਲ ਸੁਰੱਖਿਅਤ ਹਨ ਪਰੰਤੂ 40 ਕਰੋੜ ਰੁਪਏ ਦਾ ਕਰਜ਼ਾ ਬੈਕ ਤੋਂ ਲੈ ਕੇ ਸਕੂਲਾਂ ਦੇ ਕਰਮਚਾਰੀਆਂ ਨੂੰ ਬਕਾਏ ਦੀ ਅਦਾਇਗੀ ਕਰਨ ਵਾਲੇ ਬਿਆਨ ਨੇ ਜੀ.ਕੇ. ਤੇ ਬਾਦਲ ਦਲ ਦੇ ਘੋਰ ਭ੍ਰਿਸ਼ਟਾਚਾਰ ਅਤੇ ਸੰਗਤਾਂ ਨਾਲ ਕੀਤੇ ਜਾ ਰਹੇ ਧੋਖੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿ ਅਗਰ ਗੁਰਦੁਆਰਾ ਕਮੇਟੀ ਪਾਸ 100 ਕਰੋੜ ਰੁਪਏ ਦੀਆਂ ਐਫ.ਡੀ.ਆਰਾਂ. ਸੁੱਰਖਿਅਤ ਹਨ ਤੇ ਫਿਰ ਕਮੇਟੀ 40 ਕਰੋੜ ਦਾ ਕਰਜ਼ਾ ਬੈਕ ਤੋਂ ਕਿਉਂ ਲੈ ਰਹੀ ਹੈ ? ਕਮੇਟੀ 100 ਕਰੋੜ ਰੁਪਏ ਦੀਆਂ ਐਫ.ਡੀ.ਆਰਾਂ ਵਿਚੋਂ ਕਰਮਚਾਰੀਆਂ ਦੇ ਬਕਾਏ ਦੀ ਅਦਾਇਗੀ ਕਿਉਂ ਨਹੀਂ ਕਰ ਸਕਦੀ ? ਉਨ੍ਹਾਂ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਮਨਜੀਤ ਸਿੰਘ ਜੀ.ਕੇ. ਤੇ ਬਾਦਲ ਦਲ ਦੇ ਮੁੱਖੀਆਂ ਨੇ ਗੁਰੂ ਘਰ ਦੀ ਗੋਲਕ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਹੈ ਤੇ ਝੂਠ ਬੋਲ-ਬੋਲ ਕੇ ਸੰਗਤਾਂ, ਕਰਮਚਾਰੀਆਂ ਅਤੇ ਹਾਈ ਕੋਰਟ ਨੂੰ ਗੁੰਮਰਾਹ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਕਿ ਕਮੇਟੀ ਦੀਆਂ ਆਮ ਚੋਣਾਂ ਜੋ ਜਨਵਰੀ 2017 ਵਿਚ ਹੋਣ ਵਾਲੀਆਂ ਹਨ ਉਸ ਤੋਂ ਪਹਿਲਾਂ ਸਕੂਲਾਂ ਦੇ ਕਰਮਚਾਰੀਆਂ ਨੂੰ ਬਕਾਏ ਦੀ ਅਦਾਇਗੀ ਨਾ ਹੋ ਸਕੇ।
ਸ੍ਰ: ਸਰਨਾ ਨੇ ਕਿਹਾ ਕਿ 100 ਕਰੋੜ ਦੀਆਂ ਐਫ.ਡੀ.ਆਰਾਂ. ਦੇ ਸਬੰਧ ਵਿਚ ਦਿੱਲੀ ਦੀਆਂ ਸੰਗਤਾਂ ਨੇ ਜੀ.ਕੇ. ਨੂੰ ਸੈਂਕੜੇ ਵਾਰ ਸਵਾਲ ਪੁੱਛੇ ਹਨ ਪਰੰਤੂ ਉਸ ਨੇ ਕਦੇ ਵੀ ਸੰਗਤਾਂ ਦੇ ਸਾਹਮਣੇ ਆ ਕੇ ਇਸ ਦਾ ਜਵਾਬ ਨਹੀਂ ਦਿੱਤਾ ਬਲਕਿ ਆਪਣੇ ਤਨਖ਼ਾਹਦਾਰ ਕਰਮਚਾਰੀ ਪਾਸੋਂ ਜਵਾਬ ਦਵਾਉਂਦੇ ਰਹੇ ਕਿ 100 ਕਰੋੜ ਦੀਆਂ ਐਫ.ਡੀ.ਆਰਾਂ. ਗੁਰਦੁਆਰਾ ਕਮੇਟੀ ਪਾਸ ਸੁੱਰਖਿਅਤ ਹਨ ਜੋ ਕਿ ਆਖ਼ਰਕਾਰ ਸਫੇਦ ਝੂਠ ਸਿੱਧ ਹੋਇਆ। ਉਨ੍ਹਾਂ ਨੇ ਕਿਹਾ ਕਿ ਜੀ.ਕੇ. ਸਮੇਤ ਬਾਦਲ ਦਲ ਦੇ ਸਾਰੇ ਮੁੱਖੀਆਂ ਤੇ ਮੈਂਬਰਾਂ ਦੇ ਬੈਂਕ ਖਾਤਿਆਂ ਅਤੇ ਸੰਪਤੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਗੁਰਦੁਆਰੇ ਦੀ ਗੋਲਕ ਦਾ ਫੰਡ ਇਨ੍ਹਾਂ ਦੀ ਨਿੱਜੀ ਜਾਗੀਰ ਨਹੀਂ ਹੈ ਜਿਸ ਦਾ ਇਹ ਜਿਵੇਂ ਚਾਹੁੰਣ ਇਸਤੇਮਾਲ ਕਰ ਸਕਦੇ ਹਨ।
ਦਿੱਲੀ ਕਮੇਟੀ ਵਿਚ ਹੋਏ ਸੈਕਸ ਸਕੈਂਡਲ ਵਿਚ ਕੁਲਮੋਹਨ ਸਿੰਘ ਨੂੰ ਕਲੀਨ ਚਿੱਟ ਦਿੱਤੇ ਜਾਣਾ :- ਜੀ.ਕੇ. ਤੇ ਬਾਦਲ ਦਲ ਦੁਆਰਾ ਕੁਲਮੋਹਨ ਸਿੰਘ ਦੇ ਨਿੱਜੀ ਸਹਾਇਕ ਵਲੋਂ ਇਕ ਮਹਿਲਾ ਦਾ ਬਲਾਤਕਾਰ ਕਰਨ ਤੇ ਉਸ ਤੋਂ ਰਿਸ਼ਵਤ ਲੈਣ ਸਬੰਧੀ ਵਾਪਰੇ ਕਾਂਡ ਵਿਚੋˆ ਕੁਲਮੋਹਨ ਸਿੰਘ ਨੂੰ ਕਲੀਨ ਚਿੱਟ ਦਿੱਤੇ ਜਾਣਾ ਸੰਗਤਾਂ ਦੇ ਮਨ ਵਿਚ ਵੱਡੇ ਸ਼ੰਕੇ ਪੈਦਾ ਕਰਦਾ ਹੈ ਕਿਉਂਂਕਿ ਉਸ ਦੇ ਨਿੱਜੀ ਸਹਾਇਕ ਨੇ ਮਹਿਲਾ ਨਾਲ ਬਲਾਤਕਾਰ ਕਰਨ ਤੋਂ ਪਹਿਲਾਂ ਉਸ ਤੋਂ ਨੌਕਰੀ ਦਵਾਉਣ ਦੇ ਏਵਜ ਵਿਚ 2 ਲੱਖ ਰੁਪਏ ਵੀ ਵਸੂਲੇ ਸਨ।
ਸ੍ਰ: ਸਰਨਾ ਨੇ ਕਿਹਾ ਕਿ ਬਿਨਾ ਜਾਂਚ-ਪੜਤਾਲ ਕੀਤੇ ਕੁਲਮੋਹਨ ਸਿੰਘ ਨੂੰ ਕਲੀਨ ਚਿੱਟ ਦੇਣਾ ਇਸ ਲਈ ਵੀ ਸ਼ੰਕੇ ਪੈਦਾ ਕਰਦਾ ਹੈ ਕਿਉਂਕਿ ਇਸ ਸਾਰੇ ਬਲਾਤਕਾਰ ਤੇ ਰਿਸ਼ਵਤਖੋਰੀ ਦੀ ਸਾਜ਼ਿਸ਼ ਕੁਲਮੋਹਨ ਸਿੰਘ ਦੇ ਦਫ਼ਤਰ ਵਿਚ ਹੀ ਘੜੀ ਗਈ ਸੀ ਤੇ ਕੁਲਮੋਹਨ ਸਿੰਘ ਦੀ ਜਾਣਕਾਰੀ ਅਤੇ ਉਸ ਨੂੰ ਭਰੋਸੇ ਵਿਚ ਲਏ ਬਿਨਾ ਉਸ ਦਾ ਨਿੱਜੀ ਸਹਾਇਕ 2 ਲੱਖ ਰੁਪਏ ਵਰਗੀ ਵੱਡੀ ਰਕਮ ਰਿਸ਼ਵਤ ਨਹੀਂ ਲੈ ਸਕਦਾ ਕਿਉਂਕਿ ਕਿਸੇ ਨੂੰ ਵੀ ਨੌਕਰੀ ਤੇ ਲਗਾਉਣਾ ਜਾ ਨੌਕਰੀ ਦੀ ਸਿਫਾਰਸ਼ ਕਰਨਾ ਨਿੱਜੀ ਸਹਾਇਕ ਦੇ ਅਧਿਕਾਰ ਖੇਤਰ ਵਿਚ ਨਹੀਂ ਆਉੱਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੁਲਮੋਹਨ ਸਿੰਘ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਕਮੇਟੀ ਵਿਚ ਅਜਿਹੀ ਭੱਦੀ ਪ੍ਰਵਿਰਤੀ ਵਾਲੇ ਛੁੱਪੇ ਹੋਏ ਲੋਕਾਂ ਨੂੰ ਸ਼ਹਿ ਮਿਲੇਗੀ ਜਿਸ ਨਾਲ ਕਮੇਟੀ ਦੀਆਂ ਮਹਿਲਾ ਕਰਮਚਾਰੀਆਂ ਤੇ ਨੌਕਰੀ ਦੀ ਇਛੁੱਕ ਮਹਿਲਾਵਾਂ ਦੇ ਸਰੀਰਿਕ ਸ਼ੋਸ਼ਣ ਤੇ ਬਲਾਤਕਾਰ ਹੋਣ ਦਾ ਖਤਰਾ ਹੋਰ ਜ਼ਿਆਦਾ ਵੱਧ ਜਾਵੇਗਾ।
ਗੁਰੂ ਹਰਿਕ੍ਰਿਸ਼ਨ ਹਸਪਤਾਲ, ਬਾਲਾ ਸਾਹਿਬ ਨੂੰ ਆਰੰਭ ਕੀਤੇ ਜਾਣ ਬਾਰੇ ਸੰਗਤਾਂ ਨੂੰ ਕੋਈ ਠੋਸ ਜਾਣਕਾਰੀ ਨਾ ਦਿੱਤੇ ਜਾਣ ਸਬੰਧੀ : ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਚਲ ਰਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਲ ਪੂਰਾ ਹੋਣ ਵਿਚ ਕੁਝ ਮਹੀਨੇ ਹੀ ਬਚੇ ਹਨ ਪਰੰਤੂ ਅੱਜ ਤੱਕ ਜੀ.ਕੇ. ਅਤੇ ਬਾਦਲ ਦਲ ਸੰਗਤਾਂ ਨੂੰ ਇਸ ਗੱਲ ਦਾ ਸਬੂਤ ਪੇਸ਼ ਨਹੀਂ ਕਰ ਸਕੇ ਕਿ ਹਸਪਤਾਲ ਦੀ ਜ਼ਮੀਨ ਸਾਡੇ ਵੱਲੋਂ 300 ਕਰੋੜ ਰੁਪਏ ਵਿਚ ਰੇਡੀਅੰਟ ਹੈਲਥ ਕੇਅਰ ਨੂੰ ਵੇਚੀ ਗਈ ਸੀ ਜਾ ਨਹੀਂ ?
ਉਨ੍ਹਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰੈਡੀਅੰਟ ਹੈਲਥ ਕੇਅਰ ਵਿਚਕਾਰ ਹੋਏ ਕਰਾਰਨਾਮੇ ਨੂੰ ਦਿੱਲੀ ਹਾਈ ਕੋਰਟ ਵਿਚ ਆਪਸੀ ਸਮਝੌਤੇ ਨਾਲ ਰੱਦ ਹੋਇਆ ਨੂੰ ਵੀ 1 ਸਾਲ ਤੋਂ ਵੱਧ ਦਾ ਸਮਾਂ ਲੰਘ ਚੁੱਕਾ ਹੈ ਪਰੰਤੂ ਜੀ.ਕੇ. ਤੇ ਬਾਦਲ ਦੁਆਰਾ ਹਸਪਤਾਲ ਨੂੰ ਆਰੰਭ ਕੀਤੇ ਜਾਣ ਸਬੰਧੀ ਕੋਈ ਠੋਸ ਜਾਣਕਾਰੀ ਜਾ ਪਾਲਿਸੀ ਪ੍ਰੋਗਰਾਮ ਨਹੀਂ ਦਿੱਤਾ ਗਿਆ ਹੈ।
ਸ੍ਰ: ਸਰਨਾ ਨੇ ਕਿਹਾ ਕਿ ਜੀ.ਕੇ. ਦੀ ਲੀਡਰਸ਼ੀਪ ਵਿਚ ਦਿੱਲੀ ਕਮੇਟੀ ਦੇ ਖ਼ਜਾਨੇ ਦਾ ਦਿਵਾਲਾ ਨਿਕਲ ਚੁੱਕਾ ਹੈ ਤੇ ਉਹ ਬੈਕ ਤੋਂ 40 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਸਕੂਲਾਂ ਦੇ ਕਰਮਚਾਰੀਆਂ ਨੂੰ ਬਕਾਇਆ ਦੇਣ ਦੇ ਬਿਆਨ ਦੇ ਰਹੇ ਹਨ। ਅਜਿਹੇ ਹਾਲਾਤਾਂ ਵਿਚ ਕੋਈ ਵੀ ਵਿਅਕਤੀ ਅਸਾਨੀ ਨਾਲ ਸਮਝ ਸਕਦਾ ਹੈ ਕਿ ਜੇਕਰ ਕਰਮਚਾਰੀਆਂ ਨੂੰ ਬਕਾਇਆ ਦੇਣ ਲਈ ਵੀ ਕਮੇਟੀ ਕੋਲ ਪੈਸੇ ਨਹੀਂ ਹਨ ਤਾਂ ਉਹ ਸੈਕੜੇ ਕਰੋੜ ਰੁਪਏ ਖ਼ਰਚ ਕਰਕੇ ਇਸ ਹਸਪਤਾਲ ਨੂੰ ਕਿਵੇਂ ਸ਼ੁਰੂ ਕਰ ਸਕਦੇ ਹਨ। ਜੀ.ਕੇ. ਤੇ ਬਾਦਲ ਦਲ ਦੇ ਦੂਸਰੇ ਲੀਡਰ ਝੂਠੀ ਬਿਆਨ-ਬਾਜ਼ੀ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਇਸ ਹਸਪਤਾਲ ਨੂੰ ਗੁਰਦੁਆਰਾ ਕਮੇਟੀ ਵਲੋਂ ਪੂਰਾ ਕਰਕੇ ਚਲਾਇਆ ਜਾਵੇਗਾ।
ਸ੍ਰ: ਸਰਨਾ ਨੇ ਕਿਹਾ ਕਿ ਕਮੇਟੀ ਦੀਆਂ ਜਨਰਲ ਚੋਣਾਂ ਜਨਵਰੀ 2017 ਵਿਚ ਹੋਣ ਵਾਲੀਆਂ ਹਨ ਤੇ ਬਾਦਲ ਦਲ ਇਕ ਵਾਰ ਫੇਰ ਝੂਠੀ ਤੇ ਗੁੰਮਰਾਹਪੁਨ ਵਾਲੀ ਬਿਆਨ-ਬਾਜ਼ੀ ਕਰਕੇ, ਝੂਠੇ ਵਾਦੇ ਕਰਕੇ ਜਿਵੇਂ ਪਿਛਲੀਆਂ ਚੋਣਾਂ ਦੌਰਾਨ ਕੀਤੇ ਸਨ ਦੁਬਾਰਾ ਸਿੱਖ ਸੰਗਤਾਂ ਦੀਆਂ ਵੋਟਾਂ ਲੈ ਕੇ ਕਮੇਟੀ ਤੇ ਆਪਣਾ ਕਬਜ਼ਾ ਬਣਾਏ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਦਿੱਲੀ ਦੀਆਂ ਸੰਗਤਾਂ ਦੇ ਸਾਹਮਣੇ ਜੀ.ਕੇ. ਤੇ ਬਾਦਲ ਦਲ ਦਾ ਅਸਲੀ ਚੇਹਰਾ ਨੰਗਾ ਹੋ ਚੁੱਕਾ ਹੈ ਕਿ ਇਸ ਦਲ ਦਾ ਮੂਲ ਉਦੇਸ਼ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਲੁੱਟਣਾ, ਗੋਲਕਾਂ ਦੇ ਪੈਸੇ ਨਾਲ ਵਿਅਕਤੀਗੱਤ ਵਿਦੇਸ਼ੀ ਸੈਰਾਂ ਤੇ ਮੌਜਾਂ ਕਰਨੀਆਂ ਹੈ ਨਾਂ ਕਿ ਵਿਦਿਅਕ ਸੰਸਥਾਵਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰ ਕਰਨਾ।