ਨਵੀਂ ਦਿੱਲੀ : ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰ ਵਾਰਤਾ ਨੂੰ ਆਪਣੇ ਦਲ ਦਾ ਮਹੀਨਾਵਾਰੀ ਪੱਕਾ ਆਯੋਜਨ ਬਣਾ ਲਿਆ ਹੈ। ਜਿਸਦੀ ਮਾਰਫ਼ਤ ਸਰਨਾ ਆਪਣੇ ਆਗੂਆਂ ਨੂੰ ਸਾਮੂਹਿਕ ਫੋਟੋ ਖਿਚਵਾਉਣ ਦਾ ਅਵਸਰ ਦਿੰਦੇ ਹਨ। ਉਕਤ ਦਾਅਵਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਵੱਲੋਂ ਕਮੇਟੀ ਖਿਲਾਫ਼ ਬਿਨਾਂ ਸਬੂਤਾਂ ਦੇ ਇਲਜ਼ਾਮਤਰਾਸ਼ੀ ਕਰਨ ਵਾਸਤੇ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ ਤੇ ਪ੍ਰਤੀਕਰਮ ਵਜੋਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਰਨਾ ਦਲ ਦਾ ਆਪਣਾ 12 ਸਾਲ ਦਾ ਕਾਰਜਕਾਲ ਸਿੱਖ ਰਿਵਾਇਤਾਂ ਅਤੇ ਕੌਮੀ ਅਦਾਰਿਆਂ ਨੂੰ ਢਾਹ ਲਾਉਣ ਦਾ ਵੱਡਾ ਭ੍ਰਿਸ਼ਟਾਚਾਰੀ ਮਾਡਲ ਸੀ ਜਿਸ ਕਰਕੇ ਸਰਨਾ ਨੂੰ ਮੌਜ਼ੂਦਾ ਕਮੇਟੀ ਦੇ ਪ੍ਰਬੰਧ ਨੂੰ ਸੁਚੱਜਾ ਅਤੇ ਕੌਮਪੱਖੀ ਦੱਸਣ ਤੋਂ ਦਿੱਕਤ ਹੁੰਦੀ ਹੈ। ਸਰਨਾ ਵੱਲੋਂ ਅੱਜ ਫਿਰ ਬਿਨਾਂ ਸਬੂਤਾਂ ਦੇ ਕਮੇਟੀ ਦੇ ਮਾਲੀ ਹਾਲਾਤਾਂ ਬਾਰੇ ਜਤਾਏ ਗਏ ਖਦਸਿਆਂ ਨੂੰ ਗਲਤ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਸਰਨਾ ਨੂੰ ਤੱਥਾਂ ਦੀ ਪੜਚੋਲ ਕਰਨ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਸਵਾਲ ਕੀਤਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਤੋਂ 6ਵੇਂ ਤਣਖਾਹ ਕਮਿਸ਼ਨ ਦੇ ਹਿਸਾਬ ਨਾਲ ਫੀਸਾਂ ਲੈਣ ਦੇ ਬਾਵਜੂਦ ਸਰਨਾ ਨੇ ਸਕੂਲ ਸਟਾਫ਼ ਨੂੰ ਬਣਦਾ ਹੱਕ ਦੇਣ ਲਈ 11 ਸਾਲ ਕੋਈ ਪਹਿਲ ਕਿਊਂ ਨਹੀਂ ਕੀਤੀ ? ਇਸ ਸੰਬੰਧ ਵਿਚ ਜਸਟਿਸ ਅਨਿਲ ਦੇਵ ਦੀ ਕਮੇਟੀ ਵੱਲੋਂ ਬੱਚਿਆਂ ਤੋਂ ਵਾਧੂ ਫੀਸ ਲੈ ਕੇ ਸਟਾਫ਼ ਨੂੰ 6ਵੇਂ ਤਣਖਾਹ ਕਮਿਸ਼ਨ ਦੇ ਹਿਸਾਬ ਨਾਲ ਤਣਖਾਹ ਨਾ ਦੇਣ ਵਾਲੇ ਦਿੱਲੀ ਦੇ 63 ਸਕੂਲਾਂ ਦੀ 2009 ’ਚ ਜਾਰੀ ਕੀਤੀ ਗਈ ਸੂਚੀ ਵਿਚ 12 ਸਕੂਲ ਕਮੇਟੀ ਦੇ ਸ਼ਾਮਿਲ ਹੋਣ ਦਾ ਵੀ ਉਨ੍ਹਾਂ ਨੇ ਹਵਾਲਾ ਦਿੱਤਾ।
ਉਨ੍ਹਾਂ ਦੱਸਿਆ ਕਿ ਬੱਚਿਆਂ ਤੋਂ ਪੈਸੇ ਲੈਣ ਦੇ ਬਾਵਜੂਦ ਸਰਨਾ ਵਕੀਲਾਂ ਨੂੰ ਮੋਟੀਆ ਫੀਸਾਂ ਦੇ ਕੇ ਇਨ੍ਹਾਂ ਕੇਸਾ ਨੂੰ 11 ਸਾਲ ਤਕ ਲਟਕਾਉਂਦੇ ਰਹੇ ਸੀ। ਅੱਜ ਜਦੋਂ ਕਮੇਟੀ ਨੇ ਮਈ 2014 ਤੋਂ 6ਵੇਂ ਤਣਖਾਹ ਕਮਿਸ਼ਨ ਦੇ ਹਿਸਾਬ ਨਾਲ ਤਣਖਾਹਾਂ ਦੇਣ ਦੇ ਨਾਲ ਹੀ ਬੀਤੇ 11 ਸਾਲਾਂ ਦੇ ਬਕਾਏ 125 ਕਰੋੜ ਰੁਪਏ ਦੇ ਭੁਗਤਾਨ ਲਈ ਕਿਸ਼ਤਾ ਵਿਚ 40-45 ਕਰੋੜ ਰੁਪਏ ਸਟਾਫ਼ ਦੀ ਜੇਬ ਵਿਚ ਪਾ ਦਿੱਤੇ ਹਨ ਤਾਂ ਇਨ੍ਹਾਂ ਨੂੰ ਸਿਆਸ਼ੀ ਤੌਰ ਇਹ ਮਾਫ਼ਿਕ ਨਹੀਂ ਲਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟਾਫ਼ ਦੀ ਪਿੱਠ ਦੇ ਪਿਛੇ ਖਲੋਣ ਦਾ ਮੌਜੂਦਾ ਕਮੇਟੀ ਨੇ ਜੋ ਕੰਮ ਕੀਤਾ ਹੈ ਉਸਦੀ ਦਲਗਤ ਰਾਜਨੀਤੀ ਤੋਂ ਉਪਰ ਉੱਠ ਕੇ ਸਲਾਘਾ ਹੋਣੀ ਚਾਹੀਦੀ ਸੀ ਪਰ ਮੁੱਦਿਆ ਦੀ ਘਾਟ ਦਾ ਸ਼ਿਕਾਰ ਸਰਨਾ ਦਲ ਨੇ ਸਟਾਫ਼ ਨੂੰ ਮਿਲਣ ਵਾਲੇ ਹੱਕ ਤੇ ਹੀ ਸਵਾਲਿਆਂ ਨਿਸ਼ਾਨ ਲਗਾ ਕੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾਂ ਕੀਤਾ ਹੈ।
ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਬਾਰੇ ਕੀਤੀ ਗਈ ਇਲਜਾਮਬਾਜੀ ਦੇ ਸਬੂਤ ਸਰਨਾ ਨੂੰ ਸੰਗਤਾਂ ਦੇ ਸਾਹਮਣੇ ਰੱਖਣ ਦੀ ਵੀ ਕਮੇਟੀ ਬੁਲਾਰੇ ਨੇ ਚੁਨੌਤੀ ਦਿੱਤੀ ਹੈ। ਬਾਲਾ ਸਾਹਿਬ ਹਸਪਤਾਲ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਬੀ.ਐਲ.ਕਪੂਰ ਦੀ ਵੈਬਸਾਈਟ ’ਤੇ ਬਾਲਾ ਸਾਹਿਬ ਹਸਪਤਾਲ ਖਰੀਦਣ ਦੀ ਡੀਲ ਕਪੂਰ ਦੀ ਸਹਿਯੋਗੀ ਕੰਪਨੀ ਹੈਲੀਕਾੱਨ ਫਾਈਨੈਂਨਸ ਵੱਲੋਂ 375 ਕਰੋੜ ਰੁਪਏ ’ਚ ਕਰਨ ਦਾ ਖੁਲਾਸਾ ‘‘ਦੀ ਇੱਕੋਨੋਮਿਕਸ਼ ਟਾਈਮਸ’’ ਦੀ 6 ਫਰਵਰੀ 2012 ਦੀ ਖਬਰ ਦਾ ਹਵਾਲਾ ਦਿੰਦੇ ਹੋਏ ਪ੍ਰਕਾਸ਼ਿਤ ਹੋਇਆ ਸੀ। ਜਿਸਤੋਂ ਚੰਗੀ ਤਰ੍ਹੀਕੇ ਜਾਣੂ ਹੋਣ ਦੇ ਬਾਵਜੂਦ ਸਰਨਾ ਹਸਪਤਾਲ ਨੂੰ 300 ਕਰੋੜ ਵਿਚ ਵੇਚਣ ਦੇ ਸਬੂਤ ਕਮੇਟੀ ਤੋਂ ਮੰਗਣ ਦੀ ਬਜਾਏ ਆਪਣੇ ਪੁਰਾਣੇ ਵਾਪਾਰਿਕ ਭਾਈਵਾਲ ਤੋਂ ਲੈਣ ਤੋਂ ਕਿਊਂ ਕੰਨੀ ਕੱਟ ਰਹੇ ਹਨ। ਸਗੋਂ ਸਰਨਾ ਨੂੰ ਦਿੱਲੀ ਦੀ ਸੰਗਤਾਂ ਸਾਹਮਣੇ ਇਸ ਗੱਲ ਬਾਰੇ ਦੱਸਣਾ ਚਾਹੀਦਾ ਹੈ ਕਿ ਕਮੇਟੀ ਦੇ ਖਜਾਨੇ ’ਚ ਸਿਰਫ਼ 12.5 ਕਰੋੜ ਰੁਪਏ ਆਏ ਸੀ ਤੇ ਬਾਕੀ 2 ਨੰਬਰ ਦੇ 362.5 ਕਰੋੜ ਰੁਪਏ ਕਿਸਨੇ, ਕਿਵੇਂ ਅਤੇ ਕਿੱਥੇ ਲਏ ਸਨ ?ਉਨਾਂ ਕਿਹਾ ਕਿ ਇਹ ਇਲਜ਼ਾਮ ਨਹੀਂ ਸਗੋਂ ਖਰੀਦਦਾਰ ਦਾ ਇੱਕਰਾਰਨਾਮਾ ਹੈ ਜਿਸਤੋਂ ਸਰਨਾ ਸਾਰੀ ਜਿੰਦਗੀ ਨਹੀਂ ਮੁਕਰ ਸਕਦਾ ਹੈ।