ਮੁੰਬਈ – ਰਾਜ ਠਾਕੁਰੇ ਦੀ ਮਹਾਂਰਾਸ਼ਟਰ ਨਿਰਮਾਣ ਸੈਨਾ (ਐਮਐਨਐਸ) ਦੀ ਸਹਿਯੋਗੀ ਸ਼ਾਖਾ ਦੇ ਨੇਤਾ ਨੇ ਭਾਰਤ ਵਿੱਚ ਆਏ ਪਾਕਿਸਤਾਨੀ ਕਲਾਕਾਰਾਂ ਨੂੰ ਧਮਕੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ 48 ਘੰਟਿਆਂ ਵਿੱਚ ਭਾਰਤ ਨਾ ਛੱਡਿਆ ਤਾਂ ਪਾਰਟੀ ਆਪਣੇ ਢੰਗ ਨਾਲ ਕਲਾਕਾਰਾਂ ਨੂੰ ਵਾਪਿਸ ਪਰਤਣ ਤੇ ਮਜ਼ਬੂਰ ਕਰਨਗੇ। ਇਸ ਕਾਰਗੁਜ਼ਾਰੀ ਵਿੱਚ ਸਿ਼ਵਸੈਨਾ ਵੀ ਮਨਸੇ ਦਾ ਸਮਰਥਣ ਕਰਦੀ ਵਿਖਾਈ ਦੇ ਰਹੀ ਹੈ।
ਆਰਮੀ ਹੈਡ ਕਵਾਟਰ ਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਥਿਤੀ ਹੋਰ ਵੀ ਤਣਾਅ ਵਾਲੀ ਹੁੰਦੀ ਜਾ ਰਹੀ ਹੈ। ਅਜਿਹੇ ਤਣਾਅਪੂਰਵਕ ਹਾਲਾਤ ਵਿੱਚ ਮਨਸੇ ਦੀ ਚਿੱਤਰਪਟ ਸੈਨਾ ਦੇ ਨੇਤਾ ਖੋਪਕਰ ਨੇ ਕਲਾਕਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੇ ਕਿ ਜੇ ਪਾਕਿਸਤਾਨੀ ਕਲਾਕਾਰਾਂ ਨੇ 48 ਘੰਟਿਆਂ ਦੇ ਅੰਦਰ ਦੇਸ਼ ਨਾ ਛੱਡਿਆ ਤਾਂ ਮਨਸੇ ਆਪਣੇ ਤਰੀਕੇ ਨਾਲ ਉਨ੍ਹਾਂ ਨੂੰ ਬਾਹਰ ਭੇਜੇਗੀ। ਖੋਪਕਰ ਨੇ ਇਹ ਵੀ ਕਿਹਾ ਹੈ ਕਿ ਜੇ ਉਨ੍ਹਾਂ ਨੇ ਭਾਰਤ ਨਾਂ ਛੱਡਿਆ ਤਾਂ ਉਹ ਤਾਂ ਮਾਰ ਖਾਣਗੇ ਹੀ, ਉਨ੍ਹਾਂ ਨੂੰ ਕੰਮ ਦੇਣ ਵਾਲੇ ਨਿਰਮਾਤਾ-ਨਿਰਦੇਸ਼ਕ ਵੀ ਮਾਰ ਖਾਣਗੇ। ਸਿ਼ਵਸੈਨਾ ਦੇ ਸੰਸਦ ਮੈਂਬਰ ਰਾਊਤ ਨੇ ਵੀ ਕਿਹਾ ਹੈ ਕਿ ਭਾਰਤ ਨੂੰ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਨਹੀਂ ਰੱਖਣੇ ਚਾਹੀਦੇ।
ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲੇ ਹੀ ਸਿ਼ਵਸੈਨਾ ਨੇ ਪਾਕਿਸਤਾਨੀ ਗਜ਼ਲ ਗਾਇਕ ਗੁਲਾਮ ਅਲੀ ਦੇ ਸ਼ੋਅ ਦਾ ਵਿਰੋਧ ਕੀਤਾ ਸੀ ਅਤੇ ਮੁੰਬਈ ਵਿੱਚ ਉਨ੍ਹਾਂ ਦਾ ਸ਼ੋਅ ਨਹੀਂ ਸੀ ਹੋਣ ਦਿੱਤਾ। ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰ ਚੁੱਕੇ ਪਾਕਿਸਤਾਨੀ ਮੂਲ ਦੇ ਸਿੰਗਰ ਅਦਨਾਨ ਸਾਮੀ ਦਾ ਵੀ ਵਿਰੋਧ ਅਕਸਰ ਹੁੰਦਾ ਰਿਹਾ ਹੈ।