ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਦੇ ਮਨਾਂ ਵਿਚ ਗਣਿਤ ਵਿਸ਼ੇ ਨੂੰ ਲੈ ਕੇ ਪੈਦਾ ਹੁੰਦੇ ਖਦਸਿਆਂ ਦੇ ਪੂਰਣ ਤੌਰ ਤੇ ਨਿਬਟਾਰੇ ਲਈ ਨਿਵੇਕਲੀ ਪਹਿਲ ਸ਼ੁਰੂ ਕੀਤੀ ਗਈ ਹੈ। ਗਣਿਤ ਵਿਸ਼ੇ ਨੂੰ ਬਿਨਾਂ ਕਿਸੇ ਡਰ ਦੇ ਖੇਡਦੇ ਹੋਏ ਵਿਦਿਆਰਥੀਆਂ ਨੂੰ ਸਿੱਖਾਉਣ ਲਈ ਅਧਿਆਪਕਾਂ ਦੀ ਕਾਰਜਸ਼ਾਲਾ ਵੱਡੇ ਪੱਧਰ ਤੇ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਵਿਖੇ ਲਗਾਈ ਗਈ। ਜਿਸ ਵਿਚ ‘‘ਸਿੰਗਾਪੁਰੀ ਗਣਿਤ ਸ਼ੁਰੂਆਤੀ ਸ਼ਿਖਿਆ ਸ਼ਾਸਤਰ’’ ਨੂੰ ਲਾਗੂ ਕਰਨ ਲਈ ਅਧਿਆਪਕਾਂ ਨੂੰ ਉੱਘੇ ਅਮਰੀਕਨ ਸਿੱਖਿਆਵਿਦ ਡਾ. ਕੇਵਿਨ ਮਹੋਨੇ ਨੇ ਗੁਰ ਸਾਂਝੇ ਕੀਤੇ।
ਕਾਰਜਸ਼ਾਲਾ ‘‘ਈ-3 ਐਡੂ ਸੋਲਯੂਸ਼ੰਨ ਵਾਓ ਮੈਥਸ’’ ਦੇ ਸਹਿਯੋਗ ਨਾਲ ਨੇਪਰੇ ਚੜ੍ਹੀ ਜਿਸ ਵਿਚ ਕਮੇਟੀ ਸਕੂਲਾਂ ਦੇ ਨਾਲ ਹੀ ਬਾਕੀ ਨਿਜ਼ੀ ਸਕੂਲਾਂ ਦੇ ਗਣਿਤ ਵਿਸ਼ੇ ਦੇ ਲਗਭਗ 100 ਅਧਿਆਪਕਾਂ ਨੇ ਭਾਗ ਲਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਮੇਟੀ ਦੀ ਸਕੂਲੀ ਸਿੱਖਿਆ ਕੌਂਸਿਲ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਹਰ ਬੱਚੇ ਦਾ ਸਿੱਖਣ ਦਾ ਤਰੀਕਾ ਵੱਖ-ਵੱਖ ਹੁੰਦਾ ਹੈ ਇਸ ਕਰਕੇ ਬੱਚਿਆਂ ਨੂੰ ਖਾਲੀ ਕਿਤਾਬੀ ਰੱਟਾ ਲਗਵਾ ਕੇ ਕਾਬਲੀਅਤ ਨੂੰ ਨਹੀਂ ਉਭਾਰਿਆ ਜਾ ਸਕਦਾ ਹੈ। ਕਾਰਜਸ਼ਾਲਾ ਰਾਹੀਂ ਰੋਜ਼ਾਨਾ ਬੱਚਿਆਂ ਨੂੰ ਸਮਝੌ ਅਤੇ ਪੜ੍ਹੋ ਤਰੀਕੇ ਤੇ ਜੋਰ ਦੇਣ ਦੀ ਅਧਿਆਪਕਾਂ ਨੂੰ ਤਕਨੀਕ ਸਮਝਾਈ ਗਈ ਹੈ।
ਕਾਲਕਾ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਅਜਿਹੇ ਪਲੇਟਫਾਰਮ ’ਤੇ ਆਪਣੇ ਮਨ ਦੇ ਖਦਸਿਆਂ ਨੂੰ ਸਾਂਝਾ ਕਰਨ ਨਾਲ ਕਾਰਜਸ਼ਾਲਾ ਵਿਚ ਮੌਜੂਦ ਬਾਕੀ ਅਧਿਆਪਕਾਂ ਦੇ ਤਜੁਰਬੇ ਰਾਹੀਂ ਕਮਿਆਂ ਨੂੰ ਦੂਰ ਕਰਨ ਦਾ ਰਾਹ ਮਿਲਦਾ ਹੈ। ਕਾਲਕਾ ਨੇ ਕਾਰਜਸ਼ਾਲਾ ਨੂੰ ਸੀ. ਬੀ. ਐਸ. ਈ. ਅਤੇ ਐਨ. ਸੀ. ਈ. ਆਰ. ਟੀ. ਦੇ ਪਾਠਕ੍ਰਮ ਨਾਲ ਤਾਲਮੇਲ ਬੈਠਾਉਣ ਦੀ ਦਿਸ਼ਾ ਵਿਚ ਉਸਾਰੂ ਕਦਮ ਵੀ ਦੱਸਿਆ। ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਲਗਾਤਾਰ ਸਕੂਲਾਂ ’ਚ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜੋ ਕਦਮ ਚੁੱਕੇ ਗਏ ਹਨ। ਇਹ ਕਾਰਜਸ਼ਾਲਾ ਵੀ ਉਸੇ ਲੜੀ ਦਾ ਹਿੱਸਾ ਹੈ।
ਕਾਰਜਸ਼ਾਲਾ ਦੀ ਸਮਾਪਤੀ ਤੋਂ ਬਾਅਦ ਅਧਿਆਪਕਾਂ ਨੂੰ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ। ਸਿੱਖਿਆ ਵਿਭਾਗ ਦੀ ਡੀਨ ਡਾ. ਮਨਿੰਦਰ ਕੌਰ ਅਤੇ ਸਕੂਲ ਦੀ ਪਿ੍ਰੰਸੀਪਲ ਟੀ. ਪੀ. ਕੇ. ਗੁਜ਼ਰਾਲ ਨੇ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਦੇ ਹੋਏ ਕਮੇਟੀ ਵੱਲੋਂ ਸਕੂਲ ਦੀ ਜਮਾਤਾਂ ਨੂੰ ਸਿੱਖਣ ਅਤੇ ਵਿਚਾਰਣ ਦਾ ਮਾਧਿਅਮ ਬਣਾਉਣ ਵਾਸਤੇ ਕੀਤੀ ਜਾ ਰਹੀ ਕੋਸ਼ਿਸ਼ਾਂ ਦੀ ਵੀ ਸਲਾਘਾ ਕੀਤੀ।