ਬਰਲਿੰਗਟਨ – ਅਮਰੀਕਾ ਦੀ ਵਾਸ਼ਿੰਗਟਨ ਸਟੇਟ ਦੇ ਬਰਲਿੰਗਟਨ ਸ਼ਹਿਰ ਦੇ ਕੈਸਕੇਡ ਸ਼ਾਪਿੰਗ ਮਾਲ ਵਿੱਚ ਅਗਿਆਤ ਹਮਲਾਵਰ ਵੱਲੋਂ ਫਾਇਰਿੰਗ ਕੀਤੀ ਗਈ ਹੈ। ਸਥਾਨਕ ਪੁਲਿਸ ਵਿਭਾਗ ਨੇ ਚਾਰ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ, ਕੁਝ ਗੰਭੀਰ ਰੂਪ ਵਿੱਚ ਜਖਮੀ ਵੀ ਹੋਏ ਹਨ। ਜੋ ਲੋਕ ਉਸ ਸਮੇਂ ਮਾਲ ਵਿੱਚ ਮੌਜੂਦ ਸਨ, ਉਨ੍ਹਾਂ ਨੂੰ ਨਾਲ ਲਗਦੇ ਚਰਚ ਵਿੱਚ ਲਿਜਾਇਆ ਗਿਆ ਹੈ।
ਹੱਥਿਆਰਬੰਦ ਹਮਲਾਵਰ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ। ਇਹੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਫਾਇਰਿੰਗ ਕਰਨ ਵਾਲਾ ਅਮਰੀਕੀ ਨਾਗਰਿਕ ਹੈ ਅਤੇ ਉਸ ਦੇ ਕੋਲ ਲਾਈਸੈਂਸੀ ਗੰਨ ਸੀ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਆਰੋਪੀ ਫਰਾਰ ਹੋ ਗਿਆ ਸੀ। ਜਿਸ ਜਗ੍ਹਾ ਤੇ ਇਹ ਘਟਨਾ ਹੋਈ ਹੈ, ਉਹ ਸਿਆਟਲ ਸ਼ਹਿਰ ਤੋਂ 105 ਕਿਲੋਮੀਟਰ ਦੀ ਦੂਰੀ ਤੇ ਹੈ। ਪੁਲਿਸ ਨੇ ਇਸ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ। ਇਹ ਘਟਨਾ ਸ਼ੁਕਰਵਾਰ ਰਾਤ 7 ਵਜੇ ਦੇ ਕਰੀਬ ਵਾਪਰੀ ਹੈ।
ਪੁਲਿਸ ਅਨੁਸਾਰ ਸ਼ੂਟਰ ਲੈਟਿਨ ਅਮਰੀਕੀ ਹੋ ਸਕਦਾ ਹੈ। ਇੱਕ ਚਸ਼ਮਦੀਦ ਅਨੁਸਾਰ ਸ਼ੂਟਰ ਨੇ ਮਾਲ ਵਿੱਚ ਦਾਖਿਲ ਹੁੰਦਿਆਂ ਹੀ ਹਵਾ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।