ਕੀ ਖੇਡ ਵਰਤ ਗਈ ਰੱਬ ਦੀ, ਮਾਂ ਰੋਂਦੀ ਕਰਮਾ ਮਾਰੀ।
ਕੋਈ ਖੋਹ ਬੁੱਕਲ ਚੋਂ ਲੈ ਗਿਆ, ਮੇਰੀ ਗ਼ਜ਼ਲ ਪਿਆਰੀ।
ਅੱਜ ਕਿਸਮਤ ਵਾਲੀ ਮਾਂ ਵੀ, ਬਦ-ਕਿਸਮਤ ਹੋਈ।
ਖੁਸ਼ੀ ਸੀ ਤੇਰੇ ਆਉਣ ਦੀ, ਕਿਉਂ ਧੀਏ ਮੋਈ।
ਤਸਵੀਰ ਤੇਰੀ ਮੈਂ ਹੰਝੂਆਂ ਦੇ ਨਾਲ ਸ਼ਿੰਗਾਰੀ,
ਕੋਈ ਖੋਹ ਬੁੱਕਲ ਚੋਂ ਲੈ ਗਿਆ, ਮੇਰੀ ਗ਼ਜ਼ਲ ਪਿਆਰੀ।
ਉਹ ਸੀ ਮੇਰੀ ਕਾਇਨਾਤ, ‘ਤੇ ਮੇਰੇ ਮੱਥੇ ਦੀ ਸ੍ਹੋਬਤ।
ਉਹਦੀ ਹਰ ਇਕ ਮੁਸਕਾਨ ਸੀ, ਕੁਲ ਜੱਗ ਦੀ ਦੌਲਤ।
ਮੇਰੇ ਦਿਲ ਦੇ ਵਿਹੜੇ ਗੂੰਜਦੀ, ਤੇਰੀ ਅੱਜ ਕਿੱਲਕਾਰੀ,
ਕੋਈ ਖੋਹ ਬੁੱਕਲ ਚੋਂ ਲੈ ਗਿਆ ਮੇਰੀ ਗ਼ਜ਼ਲ ਪਿਆਰੀ।
ਬਾਗੀਂ ਸੀ ਕਲੀਆਂ ਹੋਰ ਵੀ, ਕਈ ਲੱਖ ਕਰੋੜਾਂ।
ਕਿਉਂ ਰੱਬਾ ਤੈਨੂੰ ਪੈ ਗਈਆਂ, ਇਸ ਧੀ ਦੀਆਂ ਲੋੜਾਂ।
ਅਮਨ ਇਹ ਲੇਖ ਨੇ ਧੁਰ ਦੇ , ਕਹੇ ਦੁਨੀਆਂ ਸਾਰੀ,
ਖੇਡ ਵਰਤ ਗਈ ਰੱਬ ਦੀ, ਮਾਂ ਰੋਂਦੀ ਕਰਮਾ ਵਾਲੀ।
ਰੱਬ ਖੋਹ ਕੇ ਲੋਕੋ! ਲੈ ਗਿਆ, ਮੇਰੀ ਗ਼ਜ਼ਲ ਪਿਆਰੀ।