ਵੇ ਸਾਨੂੰ ਦਰਦ ਸਹਿਣ ਦੀ ਆਦਤ ਏ,
ਫੱਟ ਤੂੰ ਵੀ ਗੁੱਝੇ-ਗੁੱਝੇ ਲਾ ਜਾਨੈ ਏਂ।
ਤੇਰਾ ਸ਼ੌਕ ਹੈ ਚੋਟਾਂ ਮਾਰਨ ਦਾ,
ਤਾਈਓਂ ਕਹਿਰ ਜੁਲਮ ਢਾ ਜਾਨੈ ਏਂ।
ਪਾਕ ਹੌਕਿਆਂ ‘ਚ ਵੇਖੀ ਕੋਈ ਵੱਗਦੀ ਨਾ,
ਬੁੱਝੇ ਦੀਵਿਆਂ ‘ਚ ਲੋ ਕਦੇ ਜਗਦੀ ਨਾ।
ਮਾਰ ਤਾਹਨੇ ਛਮਕਾਂ, ਹਾਸੇ ਤੂੰ ਖਾ ਜਾਨੈ ਏ,
ਵੇ ਸਾਨੂੰ ਦਰਦ……
ਨਿੱਤ ਝੂਠੇ ਜਿਹੇ ਸਾਕ ਵਸਾਈ ਰੱਖਦੈਂ,
ਬਲੀ ਚਾੜਨੇ ਨੂੰ ਮਹਰੇ ਕਸਾਈ ਰੱਖਦੈਂ।
ਬਣ ਘਟਾ ਘਣਘੋਰ, ਨੈਣੀਂ ਛਾ ਜਾਨੈ ਏਂ,
ਵੇ ਸਾਨੂੰ ਦਰਦ……
‘ਰੰਧਾਵੇ‘ ਤਿੱਖੇ ਔਜਾਰਾਂ ਜਿਹੇ ਕਹਿਰ ਤੇਰੇ,
ਲੋਕ ਵਸਦੇ ਨੇ ਪੱਥਰਾਂ ਜਿਹੇ ਸ਼ਹਿਰ ਤੇਰੇ।
ਤੂੰ ਲੱਭਿਆਂ ਲੱਭੇ ਨਾ ਵਿਛੋੜੇ ਪਾ ਜਾਨੈ ਏਂ,
ਵੇ ਸਾਨੂੰ ਦਰਦ……