ਵਾਸ਼ਿੰਗਟਨ – ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਪਹਿਲੀ ਪ੍ਰੈਜੀਡੈਂਸ਼ਲ ਡਿਬੇਟ ਵਿੱਚ ਹੀ ਰੀਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਡੈਮੋਕਰੇਟ ਉਮੀਦਵਾਰ ਕਲਿੰਟਨ ਨੇ ਟੀਵੀ ਤੇ ਬਹਿਸ ਦੌਰਾਨ ਤਾਬੜਤੋੜ ਵਾਰ ਕਰਕੇ ਟਰੰਪ ਨੂੰ ਬਚਾਅ ਮੁਦਰਾ ਵਿੱਚ ਆਉਣ ਤੇ ਮਜ਼ਬੂਰ ਕਰ ਦਿੱਤਾ। ਡੇਢ ਘੰਟੇ ਤੱਕ ਚੱਲੀ ਬਹਿਸ ਵਿੱਚ ਰੁਜ਼ਗਾਰ ਸਬੰਧੀ ਅਵਸਰ, ਟੈਕਸ ਦੇ ਭੁਗਤਾਨ ਦਾ ਬਿਓਰਾ, ਇਸਲਾਮਿਕ ਸਟੇਟ ਅਤੇ ਇਰਾਕ ਯੁੱਧ ਨੂੰ ਲੈ ਕੇ ਨੋਕ-ਝੋਕ ਹੋਈ।
ਇਸ ਪਹਿਲੀ ਡਿਬੇਟ ਸਬੰਧੀ ਅਮਰੀਕੀ ਨਿਊਜ਼ ਚੈਨਲ ਸੀਐਨਐਨ/ ਓਆਰਸੀ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ 62% ਲੋਕਾਂ ਨੇ ਹਿਲਰੀ ਦਾ ਸਮਰਥਣ ਕੀਤਾ ਅਤੇ ਟਰੰਪ ਨੂੰ ਸਿਰਫ਼ 27% ਲੋਕਾਂ ਦਾ ਹੀ ਸਹਿਯੋਗ ਮਿਲਿਆ। ਇਸ ਬਹਿਸ ਨੂੰ ਦਸ ਕਰੋੜ ਲੋਕਾਂ ਨੇ ਟੀਵੀ ਤੇ ਵੇਖਿਆ। ਇਸ ਦਾ ਆਯੋਜਨ ਹੈਂਪਸਟੇਡ ਦੀ ਹੋਫਸਟਰਾ ਯੂਨੀਵਰਿਸਟੀ ਵਿੱਚ ਕੀਤਾ ਗਿਆ ਸੀ। ਹਿਲਰੀ ਨੇ ਟੈਕਸ ਭੁਗਤਾਨ, ਬੀਤੇ ਸਮੇਂ ਦੌਰਾਨ ਮਹਿਲਾਵਾਂ ਤੇ ਗੱਲਤ ਟਿਪਣੀਆਂ ਅਤੇ ਨਸਲਵਾਦੀ ਬਿਆਨਾਂ ਦਾ ਜਿਕਰ ਕਰਕੇ ਟਰੰਪ ਨੂੰ ਚੁੱਪ ਕਰਵਾ ਦਿੱਤਾ।
ਟਰੰਪ ਨੇ ਹਿਲਰੀ ਨੂੰਸਵਾਲਾਂ ਦੇ ਜਵਾਬ ਦਿੰਦੇ ਸਮੇਂ 51 ਵਾਰ ਟੋਕਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਹਿਲਰੀ ਆਪਣੀਆਂ 33 ਹਜ਼ਾਰ ਡਿਲੀਟ ਕੀਤੀਆਂ ਗਈਆਂ ਈਮੇਲਾਂ ਨੂੰ ਜਾਰੀ ਕਰ ਦੇਵੇ ਤਾਂ ਉਹ ਵੀ ਟੈਕਸ ਦੇ ਭੁਗਤਾਨ ਦਾ ਬਿਓਰਾ ਸਰਵਜਨਿਕ ਕਰ ਦੇਣਗੇ। ਟਰੰਪ ਨੇ ਅਮਰੀਕਾ ਤੋਂ ਬਾਹਰ ਜਾ ਰਹੀਆਂ ਜਾਬਾਂ ਦੇ ਅਵਸਰ ਨੂੰ ਰੋਕਣ ਦੀ ਜਰੂਰਤ ਤੇ ਵੀ ਜੋਰ ਦਿੱਤਾ।
ਹਿਲਰੀ ਅਤੇ ਟਰੰਪ ਦੋਵਾਂ ਨੇ ਹੀ ਹਾਰਨ ਜਾਂ ਜਿੱਤਣ ਦੀ ਸਥਿਤੀ ਵਿੱਚ ਦੇਸ਼ ਦੀ ਜਨਤਾ ਦੇ ਨਿਰਣੇ ਨੂੰ ਸਵੀਕਾਰ ਕਰਨ ਦੀ ਗੱਲ ਕੀਤੀ। ਹਿਲਰੀ ਨੇ ਕਿਹਾ ਕਿ ਉਹ ਦੇਸ਼ ਦੀ ਲੋਕਤੰਤਰਿਕ ਅਵਸਥਾ ਦਾ ਸਨਮਾਨ ਕਰਦੀ ਹੈ ਅਤੇ ਚੋਣ ਨਤੀਜਿਆਂ ਦਾ ਸਮਰਥਣ ਕਰੇਗੀ। ਟਰੰਪ ਨੇ ਵੀ ਕਿਹਾ ਕਿ ਉਹ ਦੇਸ਼ ਨੂੰ ਮਹਾਨ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਹਿਲਰੀ ਤੇ ਭਰੋਸਾ ਨਹੀਂ ਹੈ, ਪਰ ਜੇ ਊਹ ਜਿੱਤ ਜਾਂਦੀ ਹੈ ਤਾਂ ਉਹ ਉਸ ਦਾ ਸਮਰਥਣ ਕਰਨਗੇ।