ਲੁਧਿਆਣਾ : ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਅੱਜ ਕੈਨੇਡਾ ਲਈ ਰਵਾਨਾ ਹੋ ਗਏ ਹਨ ਅਤੇ ਉਹ 2 ਅਕਤੂਬਰ ਨੂੰ ਸਰੀ ਵਿਖੇ ਉਸਾਰੇ ਗਏ ‘‘ਪੰਜਾਬ ਭਵਨ’’ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਿਲ ਹੋਣਗੇ। ਪ੍ਰੋ: ਗਿੱਲ ਦੀ ਪ੍ਰੇਰਨਾ ਤੋਂ ਬਾਅਦ ਹੀ ਕੈਨੇਡਾ ਦੇ ਵਪਾਰੀ ਅਤੇ ਸਮਾਜ ਸੇਵਕ ਸ਼੍ਰੀ ਸੁੱਖੀ ਬਾਠ ਨੇ ਉਸਾਰਿਆ ਹੈ। ਵਰਨਣਯੋਗ ਗੱਲ ਇਹ ਹੈ ਕਿ ਇਸ ਭਵਨ ਵਿੱਚ ਉੱਘੇ ਪੰਜਾਬੀ ਲੇਖਕਾਂ, ਸਮਾਜ ਸੇਵਕਾਂ ਅਤੇ ਸਿਰਕੱਢ ਸੰਗੀਤਕਾਰਾਂ ਦੇ ਚਿੱਤਰ ਵੀ ਹਾਲ ਆਫ ਫੇਮ ਵਿੱਚ ਲਗਾਏ ਜਾਣਗੇ। ਇਥੇ ਰਵਾਨਾ ਹੋਣ ਤੋਂ ਪਹਿਲਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐਸ ਪੀ ਸਿੰਘ ਦੀ ਅਗਵਾਈ ਹੇਠ ਬਣਾਈ ਪੰਜ ਮੈਂਬਰੀ ਕਮੇਟੀ ਵਿੱਚ ਗੁਰਭਜਨ ਗਿੱਲ ਤੋਂ ਇਲਾਵਾ ਉੱਘੇ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ, ਬਲਜੀਤ ਬੱਲੀ ਅਤੇ ਦਰਸ਼ਨ ਸਿੰਘ ਮੱਕੜ ਵੀ ਸ਼ਾਮਿਲ ਕੀਤੇ ਗਏ ਸਨ ਅਤੇ 101 ਸਿਰਕੱਢ ਪੰਜਾਬੀਆਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਜਿਸ ਵਿੱਚੋਂ 70 ਚਿੱਤਰ ਤਿਆਰ ਕਰਵਾ ਕੇ ਉਹ ਕੈਨੇਡਾ ਲਿਜਾ ਰਹੇ ਹਨ।