ਅੱਜ ਕਿਸੇ ਕੋਲ ਵੀ ਬੈਠਣ ਦਾ ਸਮਾਂ ਨਹੀਂ ਹੈ। ਟੀ.ਵੀ ਸੈਟਾਂ ਅਤੇ ਸਮਾਰਟ ਮੋਬਾਈਲਾਂ ਰਾਹੀਂ ਕਾਰ, ਗੱਡੀ, ਬੱਸ ਵਿੱਚ ਸਫ਼ਰ ਕਰਦੇ ਪਲ-ਪਲ ਦੀ ਖ਼ਬਰ ਦਾ ਪਤਾ ਚਲਦਾ ਰਹਿੰਦਾ। ਖ਼ਬਰਾਂ ਵੀ ਕੀ? ਨਿੱਤ ਪ੍ਰਤੀ ਹੁੰਦੀਆਂ ਐਕਸੀਡੈਂਟ, ਅਗਵਾਕਾਰੀ, ਖੁਦਕੁਸ਼ੀਆਂ, ਜਬਰਜਨਾਹ, ਚੋਰੀਆਂ-ਠੱਗੀਆਂ, ਰਿਸ਼ਵਤਖ਼ੋਰੀ, ਮਿਲਾਵਟ, ਮਹਿੰਗਾਈ, ਆਤੰਕ, ਜਾਅਲੀ ਅਸਲਾ, ਕਰੰਸੀ ਪਕੜਨ ਦੀਆਂ, ਸਰਕਾਰਾਂ ਦੇ ਕੰਮਾਂ ਕਾਰਾਂ ਦੀਆਂ, ਵਿਕਾਸ ਤੇ ਵਿਨਾਸ਼ ਦੀਆਂ, ਬੇਰੁਜ਼ਗਾਰੀ, ਹੜਤਾਲਾਂ, ਧਰਨੇ, ਜਲੂਸ, ਪਿੱਟ ਸਿਆਪੇ, ਮਰਨ ਵਰਤ, ਰੇਲਾਂ ਬੱਸਾਂ ਕਾਰਾਂ, ਜਾਇਦਾਦ ਦਾ ਨੁਕਸਾਨ ਜਿਹੀਆਂ ਘਟਨਾਵਾਂ ਪੜ੍ਹਨ ਸੁਨਣ ਨੂੰ ਮਿਲਦੀਆਂ ਹਨ। ਇਹ ਦੇਖ ਅਫਸੋਸ ਹੁੰਦਾ ਹੈ ਕਿ ਸਾਡੇ ਮਾਨਮੱਤੇ ਸਮਾਜ ਨੂੰ ਕੀ ਹੋ ਗਿਆ ਹੈ, ਪਹਿਲੇ ਕਦੇ ਵੀ ਅਜਿਹਾ ਨਹੀਂ ਸੀ ਹੁੰਦਾ। ਸਮਾਜ ਦਾ ਚਿਹਰਾ ਇਸ ਸਮੇਂ ਬਦਰੰਗ ਹੋ ਗਿਆ ਹੈ।
ਜਿੱਥੇ ਕਿਤੇ ਬੈਠਣ ਖੜ੍ਹਨ ਦਾ ਮੌਕਾ ਮਿਲਦਾ ਅਜਿਹੀਆਂ ਖ਼ਬਰਾਂ ਦੀ ਚਰਚਾ ਹੁੰਦੀ ਹੈ ਤੇ ਜਾਂ ਲੀਡਰ ਲੋਕਾਂ ਦੀਆਂ ਗੱਲਾਂ ਹੁੰਦੀਆਂ। ਕਿਸੇ ਦਾ ਹਾਲ ਚਾਲ ਤਾਂ ਪੁੱਛ ਹੀ ਨਹੀਂ ਹੁੰਦਾ ਕਿਸੇ ਅਫ਼ਸੋਸ ਕਰਨ ਵਾਲੀ ਜਗ੍ਹਾ ਤੇ ਜਾਣਾ ਹੁੰਦੈ ਉ¤ਥੇ ਵੀ ਲੋਕ ਗੱਲਾਂ ਅਜਿਹੀਆਂ ਹੀ ਕਰਦੇ ਹਨ। ਇਸੇ ਤਰ੍ਹਾਂ ਰੱਬ ਸਬੱਬੀ 5-6 ਜੋਟੀਦਾਰ ਵਿਅਕਤੀ ਇਕੱਠੇ ਗੱਲਾਂ ਕਰ ਰਹੇ ਹਨ ਧੀਰਾ, ਬੂਟਾ, ਬਖ਼ਤੌਰਾ ਫ਼ੌਜੀ, ਸੁੱਖਾ ਤੇ ਟੱਲੀ। ਇਨ੍ਹਾਂ ਦਾ ਟੌਪਿਕ ਸੀ ਸ਼ੌਕ, ਫਿਤਰਤ ਅਤੇ ਆਦਤ ਬਾਰੇ। ਧੀਰੇ ਨੇ ਬੂਟੇ ਨੂੰ ਪੁੱਛਿਆ, ਬਈ ਤੈਨੂੰ ਕਾਹਦਾ ਸ਼ੌਂਕ ਹੈ? ਉਸਨੇ ਦੱਸਿਆ ਅਖ਼ਬਾਰ ਪੜ੍ਹਨ ਦਾ ਅਤੇ ਟੀ.ਵੀ ਵੇਖਣ ਦਾ। ਟੱਲੀ ਨੇ ਦੱਸਿਆ, ਕੌਲੇ ਕੱਢਣ ਦਾ ਟੱਲੀ ਰਹਿਣ ਦਾ। ਸੁੱਖੇ ਕੋਲੋਂ ਪੁੱਛਿਆ ਤਾਂ ਉਸ ਕਿਹਾ, ਕੁਝ ਲਿਖ ਛੱਡਦੈਂ ਅੱਜ ਦੇ ਹਲਾਤਾਂ ਬਾਰੇ ਕਵਿਤਾਵਾਂ ਲਿਖਦੈਂ। ਜਦੋਂ ਸਭ ਨੇ ਬਖਤੌਰੇ ਫ਼ੌਜੀ ਕੋਲੋਂ ਪੁੱਛਿਆ ਤਾਂ ਉਸਨੇ ਦੱਸਣਾ ਸ਼ੁਰੂ ਕੀਤਾ, ਮੈਨੂੰ ਸ਼ੌਂਕ ਬਥੇਰੇ ਸੀ ਪਰ ਅੱਜ ਦੀ ਸਿਆਸਤ ਨੇ ਮੇਰੇ ਸ਼ੌਂਕਾਂ ਨੂੰ ਮਿੱਟੀ ’ਚ ਮਿਲਾ ਦਿੱਤਾ ਹੈ। ਹੁਣ ਮੈਨੂੰ ਕੋਈ ਸ਼ੌਂਕ ਨਹੀਂ। ਲੀਡਰਾਂ ਨੇ ਸਾਡੀਆਂ ਉਮੀਦਾਂ ਤੇ ਪਾਣੀ ਫ਼ੇਰ ਦਿੱਤਾ ਹੈ। ਪਹਿਲਾਂ ਵਰਗਾ ਸਮਾਂ ਤਾਂ ਹੁਣ ਰਿਹਾ ਹੀ ਨਹੀਂ। ਸਾਡਾ ਪੁਰਾਣਾ ਵਿਰਸਾ, ਸੱਭਿਆਚਾਰ ਨਹੀਂ ਰਿਹਾ, ਮੇਲ ਮਿਲਾਪ, ਪ੍ਰੇਮ ਭਾਈਚਾਰਾ ਨਹੀਂ ਰਿਹੈ। ਸਿਸਟਾਚਾਰੀ ਅਸੂਲ ਸਭ ਖ਼ਤਮ ਹੋ ਗਏ ਹਨ। ਕੋਈ ਕਿਸੇ ਨੂੰ ਬੁਲਾਉਂਦਾ ਹੀ ਨਹੀਂ, ਹਾਲਚਾਲ ਤਾਂ ਪੁੱਛਣਾ ਹੀ ਕੀ! ਲੋਕ ਦੁੱਖ ਸੁੱਖ ਦੇ ਸਾਂਝੀ ਹੁੰਦੇ ਸਨ। ਨਾਂ ਹੀ ਉਹ ਦਿਨ ਦਿਹਾਰ ਰਹੇ ਅਤੇ ਨਾਂ ਹੀ ਮਾਨਮੱਤਾ ਸੱਭਿਆਚਾਰ ਰਿਹੈ। ਧੀਆਂ-ਭੈਣਾਂ, ਮਾਂ-ਪਿਉ, ਭੈਣ-ਭਰਾਵਾਂ, ਯਾਰ-ਮਿੱਤਰ ਅਤੇ ਰਿਸ਼ਤੇਦਾਰਾਂ ਵਿੱਚ ਤ੍ਰੇੜਾਂ ਪੈ ਚੁੱਕੀਆਂ ਹਨ। ਮਤਲਬ ਵੇਲੇ ਸਭ ਕੁਝ, ਨਹੀਂ ਤੇ ਕੁਝ ਵੀ ਨਹੀਂ। ਫ਼ੈਸ਼ਨ ਅਜਿਹਾ ਕਿ ਪਤਾ ਨਹੀਂ ਲੱਗਦਾ ਕਿ ਉਹ ਮੁੰਡਾ ਹੈ ਜਾਂ ਕੁੜੀ। ਅੱਧਨੰਗੇ ਲਿਬਾਸ ਵਿੱਚ, ਲੱਚਰ ਗੀਤਾਂ ਵਿੱਚ ਨੱਚਦਿਆਂ ਟੱਪਦਿਆਂ ਵੇਖ ਕੇ ਸ਼ਰਮ ਆਉਂਦੀ ਹੈ ਪਰ ਲੋਕ ਇਸੇ ਵਿੱਚ ਮਸਤ ਹਨ। ਇਸਨੂੰ ਲੋਕ ਮਨੋਰੰਜਨ ਕਹਿੰਦੇ ਹਨ। ਸਕੂਲਾਂ-ਕਾਲਜਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਹੀਰ ਰਾਂਝੇ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ। ਬੰਦੂਕਾਂ, ਤਲਵਾਰਾਂ ਅਤੇ ਨਸ਼ਿਆਂ ਦੀ ਪ੍ਰਸੰਸ਼ਾ ਹੁੰਦੀ ਹੈ। ਸਮਾਜ ਸੁਧਾਰ ਦੀ ਗੀਤਾਂ ਵਿੱਚ ਕੋਈ ਗੱਲ ਹੀ ਨਹੀਂ। ਪਰ ਫੌਜੀ ਭਰਾਵਾ! ਤਰੱਕੀ ਵੀ ਬਹੁਤ ਹੋਈ ਹੈ। ਮੈਨੂੰ ਤਾਂ ਹਰ ਕੋਈ ਅਮੀਰ ਲੱਗਦਾ ਹੈ। ਪਹਿਲਾਂ ਰੇਡੀਓ, ਬਲਦਾਂ ਦਾ ਗੱਡਾ, ਸਾਈਕਲ ਕਿਸੇ ਪਾਸ ਹੀ ਹੁੰਦਾ ਸੀ ਪਰ ਅੱਜ ਆਧੁਨਿਕ ਜਮਾਨੇ ਵਿੱਚ ਆਧੁਨਿਕ ਯੰਤਰਾਂ ਨਾਲ ਹਰ ਕੋਈ ਲੈਸ ਹੈ। ਘਰ-ਘਰ ਮੋਟਰਸਾਈਕਲ, ਗੱਡੀਆਂ, ਟੀ.ਵੀ ਅਤੇ ਹਰੇਕ ਕੋਲੇ ਮੋਬਾਇਲ ਹਨ। ਕੋਈ ਖੱਦਰ ਦੇ ਕੁੜਤੇ ਪਜਾਮੇ ਵਿੱਚ ਨਹੀਂ ਦਿਸਦਾ, ਸਭ ਚੰਗੇ ਸੂਟ-ਬੂਟ ਵਿੱਚ ਰਹਿੰਦੇ ਹਨ। ਨਾਂ ਕਿਸੇ ਦਾ ਕੱਚਾ ਮਕਾਨ ਹੈ, ਸਭ ਪੱਕਿਆਂ ‘ਚ ਰਹਿੰਦੇ ਹਨ। ਪੱਕੀਆਂ ਸੜ੍ਹਕਾਂ ਦਾ ਜਾਲ ਵਿਛਿਆ ਹੋਇਆ ਹੈ। ਹੋਰ ਕੀ ਦੱਸਾਂ ਬਹੁਤ ਤਰੱਕੀ ਹੋਈ ਐ ਫੌਜੀ ਵੀਰੇ! ਜੁਆਬ ਵਿੱਚ ਵਿੱਚ ਬਖ਼ਤੌਰੇ ਫੌਜੀ ਨੇ ਦੱਸਣਾ ਸ਼ੁਰੂ ਕੀਤਾ, ਭਰਾਵੋ! ਲੋਕ ਵਿਖਾਵਾ ਹੀ ਰਹਿ ਗਿਆ ਹੈ। ਉ¤ਪਰੋਂ ਹੋਰ ਤੇ ਵਿੱਚੋਂ ਹੋਰ, ਇਸ ਕਹਾਵਤ ਵਾਂਗ ‘ਬੁੜੀ ਮਰ ਗਈ ਲੂਣ ਦੇ ਹਾਵੇ ਤੇ ਮੁੰਡਾ ਰੱਖੇ ਜੇਬ ਘੜੀ’ ਮਹਿੰਗਾਈ ਐਨੀ ਬੱਸ ਪੁੱਛੋ ਹੀ ਨਾ। ਪੜ੍ਹੇ ਲਿਖੇ ਮੁੰਡੇ ਬੇਰੁਜ਼ਗਾਰ ਹੋਏ ਸੜ੍ਹਕਾਂ ਤੇ ਘੁੰਮਦੇ ਹਨ। ਆਸਾਂ ਉਮੀਦਾਂ ਨੌਕਰੀਆਂ ਤੇ ਲਾਈਆਂ ਪਰ ਨਹੀਂ ਮਿਲ ਰਹੀਆਂ। ਘਰ ਦੇ ਕੰਮਾਂ ਨੂੰ ਹੱਥ ਨਹੀਂ ਲਗਾਉਂਦੇ, ਵਿਹਲੇ ਮਾਪਿਆਂ ਨੂੰ ਦੱਦ ਲੱਗੇ ਹੋਏ ਹਨ। ਵਿਹਲਾ ਮਨ ਇੱਲਤਾਂ ਦੀ ਜੜ੍ਹ ਵਾਂਗ ਇਕ ਲਤ ਨਸ਼ਿਆਂ ਦੀ ਲੱਗ ਗਈ ਹੈ। ਨਸ਼ਿਆਂ ਦੀ ਮਾਰ ਹੇਠ ਲੜਾਈਆਂ ਹੁੰਦੀਆਂ, ਅਦਾਲਤਾਂ ’ਚ ਕੇਸ ਚਲਦੇ ਹਨ। ਸਬੂਤ ਤੁਹਾਡੇ ਸਾਹਮਣੇ ਹੀ ਹੈ। ਟੱਲੀ ਨੂੰ ਵੇਖ ਲਵੋ ਕਿਵੇਂ ਨਸ਼ੇ ’ਚ ਟੱਲੀ ਹੋਇਆ ਪਿਆ, ਕੋਈ ਫ਼ਿਕਰ ਨਾ ਫਾਕਾ। ਨਸ਼ੇ ਲਈ ਨਿੱਤ ਘਰ ਵਾਲੀ ਨਾਲ ਲੜ ਕੇ ਆਪਣੀ ਨਸ਼ੇ ਦੀ ਹਿਰਸ ਪੂਰੀ ਕਰਦੈ ਜਾਂ ਭਾਂਡੇ ਟੀਂਡੇ ਵੇਚਦਾ। ਹੋਰ ਤਾਂ ਇਸ ਨੂੰ ਕੋਈ ਕੰਮ ਹੀ ਨਹੀਂ। ਸੁੱਖੇ ਨੇ ਵੀ ਪੁੱਛਿਆ, ਬਖ਼ਤੌਰੇ ਵੀਰ! ਇਹ ਸਭ ਕੁਝ ਕਿਉਂ ਹੋ ਰਿਹੈ। ਬਖ਼ਤੌਰੇ ਨੇ ਸ਼ੁਰੂ ਕੀਤੀ ਆਪਣੀ ਗੱਲ, ‘ਸਾਰਾ ਕਸੂਰ ਸਿਆਸਤ ਦਾ ਹੈ। ਇਹ ਘਰ-ਘਰ ਹਰ ਬੰਦੇ ਦੀ ਨਸ-ਨਸ ਵਿੱਚ ਸਮਾ ਚੁੱਕੀ ਹੈ। ਤੁਸੀ ਸ਼ੌਂਕ ਦੀ ਗੱਲ ਕਰਦੇ ਸੀ। ਅੱਜ ਸਭ ਤੋਂ ਜਿਆਦਾ ਸ਼ੌਂਕ ਹੈ ਲੀਡਰ ਬਨਣ ਦਾ, ਲੀਡਰੀ ਚਮਕੌਣ ਦਾ। ਹਰ ਕੋਈ ਮਨਿਸਟਰ ਬਨਣਾ ਲੋਚਦਾ ਹੈ। ਸਿਆਸਤ ਵਿੱਚ ਝੂਠ ਚਲਦੈ, ਜਿੰਨਾ ਮਰਜ਼ੀ ਝੂਠ ਬੋਲੀ ਜਾਵੋ ਕਿਹੜਾ ਕੁਝ ਹੋ ਜਾਣੈ। ਲੋਕਾਂ ਨੂੰ ਗੁੰਮਰਾਹ ਕਰਨਾ ਹੁੰਦੈ। ਅਣਜਾਨ, ਅਨਪੜ੍ਹ ਲੋਕ ਗੁੰਮਰਾਹ ਹੋਈ ਜਾਂਦੇ ਹਨ। ਵੋਟਾਂ ਦੇ ਦਿਨਾਂ ਵਿੱਚ ਤਾਂ ਝੂਠ ਦਾ ਕੰਪੀਟੀਸ਼ਨ ਚਲਦਾ ਹੈ। ਸਿਆਸਤ ਦੇ ਵਿੱਚ ਪਿਓ-ਪੁੱਤ, ਮਾਂ-ਧੀ, ਭੈਣ-ਭਰਾ ਕੁਝ ਵੀ ਨਹੀਂ ਲੱਗਦੇ। ਸਭ ਨੂੰ ਆਪਣਾ ਮਤਲਬ ਪੂਰਾ ਕਰਨ ਦੀ ਗੱਲ ਹੁੰਦੀ ਹੈ। ਹੁਣ ਤੁਸੀ ਦੇਖੋਗੇਂ ਕਿ ਗਾ..ਗੇ..ਸ਼ਬਦ ਦੀ ਵਰਤੋਂ ਹੋਵੇਗੀ। ਸੜ੍ਹਕਾਂ, ਨਹਿਰਾਂ, ਕਾਲਜ, ਮਕਾਨ ਬਣਾ ਦੇਵਾਂਗੇ। ਬੇਰੁਜ਼ਗਾਰਾਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆਂ, ਚੀਜ਼ਾਂ ਦੇ ਭਾਅ ਸਸਤੇ, ਗਰੀਬ ਲੜਕੀਆਂ ਦੀਆਂ ਸ਼ਾਦੀਆਂ, ਮਰੀਜ਼ਾਂ ਨੂੰ ਮੁਫ਼ਤ ਦਵਾਈ, ਫੀਸਾਂ ਮੁਆਫ਼ ਆਦਿ ਬੜੇ-ਬੜੇ ਸਬਜ਼ਬਾਗ ਦਿਖਾਉਣਗੇ। ਕਿਉਂਕਿ ਹੁਣ ਵੋਟਾਂ ਸਿਰ ਤੇ ਆ ਗਈਆਂ ਹਨ। ਸਮੀਕਰਨ ਬਦਲਣੇ ਸ਼ੁਰੂ ਹੋ ਜਾਣਗੇ। ਕੋਈ ਪਾਰਟੀ ’ਚੋਂ ਨਿੱਕਲ ਦੂਜੀ ਪਾਰਟੀ ਵਿੱਚ ਜਾਵੇਗਾ, ਕੋਈ ਨਵੀਂ ਪਾਰਟੀ ਬਣਾਵੇਗਾ, ਕੋਈ ਭੰਡੇਗਾ ਤੇ ਕੋਈ ਆਪਣੇ ਹੀ ਗੁਣ ਗਾਵੇਗਾ, ਭੰਨਤੋੜ ਹੋਵੇਗੀ, ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਟੰਗ ਖਿਚਾਈ ਹੋਵੇਗੀ, ਇਲਜ਼ਾਮ ਲਗਾਏ ਜਾਣਗੇ, ਨਵੇਂ-ਨਵੇਂ ਮੁੱਦੇ ਉ¤ਠਣਗੇ, ਮੁਰਦਿਆਂ ਨੂੰ ਜਗਾਇਆ ਜਾਵੇਗਾ, ਘਰਾਂ ਵਿੱਚ ਜਾ-ਜਾ ਕੇ ਮਿੰਨਤਾਂ ਤਰਲੇ ਹੋਣਗੇ, ਕਿਸੇ ਨੂੰ ਲਾਲਚ ਦਿੱਤਾ ਜਾਵੇਗਾ, ਕਿਸੇ ਨੂੰ ਡਰਾਇਆ ਧਮਕਾਇਆ ਜਾਵੇਗਾ, ਗੱਲ ਕੀ ਵੋਟਾਂ ਦੀ ਖ਼ਾਤਰ ਕੋਈ ਮੌਕਾ ਵੀ ਹੱਥੋਂ ਨਹੀਂ ਗਵਾਇਆ ਜਾਵੇਗਾ। ਸਭ ਨੂੰ ਸੱਤਾ ਦੀ ਭੁੱਖ ਸਤਾਉਂਦੀ ਹੈ। ਸਿਆਸਤ ਦਾ ਸ਼ੌਂਕ ਬੜਾ ਮਹਿੰਗਾ ਵੀ ਹੈ ਅਤੇ ਬਹੁਤ ਦੁੱਖਦਾਈ ਵੀ। ਨਸ਼ਿਆਂ ਤੋਂ ਵੀ ਭੈੜਾ ਸ਼ੌਂਕ ਹੈ ਸਿਆਸਤ ਦਾ। ਲੀਡਰ ਹਾਰ ਜਾਂਦੈ ਤਾਂ ਮੂੰਹ ਤੇ ਮੁਰਦੇਆਣੀ ਛਾ ਜਾਂਦੀ ਹੈ। ਫਸਾਦ ਪੈਂਦਾ, ਜਿਹੜੀ ਦੋ ਕਿੱਲੇ ਜ਼ਮੀਨ ਸੀ ਹੱਥੋਂ ਖੁੱਸ ਜਾਂਦੀ ਹੈ।’’
ਧੀਰਾ ਬੋਲਿਆ, ਬਖ਼ਤੌਰੇ ਭਾਈ! ਗੱਲਾਂ ਵਾਕਿਆ ਈ ਤੇਰੀਆਂ ਸੱਚੀਆਂ। ਜਦੋਂ ਇਹਨਾਂ ਨੂੰ ਕੁਰਸੀ ਮਿਲ ਜਾਂਦੀ ਹੈ, ਉਦੋਂ ਇਹ ਦਿਸਦੇ ਹੀ ਨਹੀਂ। ਤੂੰ ਕੌਣ ਤੇ ਮੈਂ ਕੌਣ ਬਣ ਜਾਂਦੇ ਹਨ। ਵੋਟਾਂ ਪਿੱਛੇ ਹੀ ਪਿਓ-ਪੁੱਤ, ਭਰਾ-ਭਰਾ, ਗਲੀ ਗੁਆਂਢ ਵਿੱਚ ਲੜਾਈਆਂ ਹੋ ਜਾਂਦੀਐਂ। ਪਿਓ ਹੋਰ ਪਾਸੇ ਤੇ ਪੁੱਤ ਹੋਰ ਪਾਸੇ, ਗੁਆਂਢ ਵੀ ਇਵੇਂ ਹੁੰਦਾ। ਪਿਆਰ ਵਿੱਚ ਕੁੜੱਤਣ ਆ ਜਾਂਦੀ ਐ ਤੇ ਨਫ਼ਰਤ ਹੋਣ ਲੱਗਦੀ ਹੈ। ਪਹਿਲਾਂ ਵਾਲਾ ਮੇਲ ਜੋਲ ਖ਼ਤਮ ਹੋਣ ਲੱਗਦਾ ਹੈ।
ਟੱਲੀ ਨੂੰ ਸੁਰਤ ਆਈ, ਉਸਨੇ ਵੀ ਆਪਣਾ ਰਾਗ ਅਲਾਪਿਆ। ‘ਸਾਨੂੰ ਪਹਿਲਾਂ ਨਸ਼ਾ ਦੇ ਕੇ ਨਸ਼ੇੜੀ ਬਣਾ ਦਿੰਦੇ ਹਨ ‘ਤੇ ਹੁਣ ਫੜ੍ਹ ਕੇ ਅੰਦਰ ਕਰ ਦਿੰਦੇ ਹਨ। ਸਾਡੀ ਤਾਂ ਲੀਡਰਾਂ ਨੇ ਜੂਨ ਬਹੁਤ ਬੁਰੀ ਕਰ ਦਿੱਤੀ ਹੈ। ਸਾਨੂੰ ਤਾਂ ਕਿਸੇ ਜੋਗੇ ਨਹੀਂ ਛੱਡਿਆ। ਸ਼ੁਕਰ ਹੈ ਹੁਣ ਵੋਟਾਂ ਦੇ ਦਿਨ ਆ ਗਏ। ਕੁਝ ਹੌਂਸਲਾ ਹੋਇਆ, ਸਾਡੀ ਵੀ ਸੁਣੀ ਜਾਵੇਗੀ।’’ ਇਸ ਤੇ ਬੂਟਾ ਭੜਕਿਆ, ‘ਟੱਲੀ ਜਬਲੀਆਂ ਨਾ ਮਾਰ, ਐਂਤਕੀਂ ਨਸ਼ਾ ਨਹੀਂ ਵੰਡਿਆ ਜਾਣਾ, ਚੋਣ ਕਮਿਸ਼ਨ ਬਹੁਤ ਸਖ਼ਤ ਐ। ਸੋਡਾ ਤਾਂ ਇਹੀ ਹਾਲ ਰਹੂਗਾ, ਨਾ ਤੁਸੀ ਜੰਮਦਿਆਂ ’ਚ ਤੇ ਨਾ ਤੁਸੀ ਮਰਦਿਆਂ ’ਚ। ਸੋਡੇ ਵਰਗਿਆਂ ਵਿਹਲੜਾਂ ਨਸ਼ੇੜੀਆਂ ਨੇ ਸਮਾਜ ਦਾ ਬੇੜਾ ਗਰਕ ਕਰ ਛੱਡਿਆ।’’ ਇਹ ਗੱਲ ਟੱਲੀ ਨੂੰ ਚੰਗੀ ਨਹੀਂ ਲੱਗੀ। ‘‘ਬੂਟਿਆ ਔਖਾ ਨਾ ਹੋ, ਅਸੀ ਕਿਸੇ ਦਾ ਕੀ ਵਿਗਾੜ ਦਿੱਤਾ। ਦੱਸ ਕਿਸੇ ਦਾ ਕੀ ਖਾਨੇ ਆਂ, ਰੱਬ ਦੇ ਆਸਰੇ ਜਿਉਨੇ ਆਂ। ਸਾਨੂੰ ਤਾਂ ਯਾਰੋ ਕੋਈ ਜਿਉਣ ਨਹੀਂ ਦਿੰਦਾ, ਪਤਾ ਨਹੀਂ ਇਹਨਾਂ ਨੂੰ ਕੀ ਢਿੱਡ ਪੀੜ ਹੁੰਦੀ ਆ। ‘‘ਅਖੇ ਡਿੱਗੀ ਖੋਤੇ ਤੋਂ ਤੇ ਗੁੱਸਾ ਘਮਿਆਰ ਤੇ।’’ ਉਹਨਾਂ ਪਤੰਦਰਾਂ ਅੱਗੇ ਤਾਂ ਬੋਲਦੇ ਨਹੀਂ। ਅਖੇ ਸਮਾਜ ਸਾਡਾ ਸਿਆਸਤ ਨੇ ਰੰਗੋਂ ਬਦਰੰਗ ਕਰਤਾ। ਉਦੋਂ ਵੀ ਸੋਚ ਲਿਆ ਕਰੋ, ਵੋਟਾਂ ਵੇਲੇ!.. ਸਾਡੇ ਵੇਲੇ ਕਮਿਸ਼ਨ ਸਖ਼ਤ ਹੋ ਗਿਐ, ਤੁਹਾਡੇ ਵੇਲੇ ਨਹੀਂ ਜਦੋਂ ਪੈਸੇ ਲੈ ਕੇ ਵੋਟ ਪਾ ਦਿੰਦੇ ਹੋਂ।’’ ਬੂਟਾ ਗੁੱਸੇ ਵਿੱਚ, ਬਹਿ ਜਾ ਓਏ ਚੁੱਪ ਕਰਕੇ!.. ਐਵੇਂ ਮੱਕੂ ਨਾ ਭਣਾ ਬੈਠੀਂ। ਔਹ ਵੇਖ! ਗੱਡੀਆਂ ਆ ਗਈਆਂ ਲੀਡਰਾਂ ਦੀਆਂ। ਮੰਗ ਲਈ ਉਹਨਾਂ ਕੋਲੋਂ ਅਰਜ ਕਰਕੇ।