ਚੰਡੀਗੜ੍ਹ – ਮੋਦੀ ਸਰਕਾਰ ਵੱਲੋਂ ਸੈਨਾ ਦੁਆਰਾ ਕਰਵਾਏ ਗਏ ਸਰਜੀਕਲ ਅਪਰੇਸ਼ਨ ਤੋਂ ਬਾਅਦ ਭਾਰਤ ਦੇ ਪਾਕਿਸਤਾਨ ਦੇ ਬਾਰਡਰ ਤੇ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਦੋਵਾਂ ਦੇਸ਼ਾਂ ਦਰਮਿਆਨ ਵੱਧ ਰਹੇ ਤਣਾਅ ਦਾ ਖਮਿਆਜਾ ਪੰਜਾਬ ਦੇ ਸਰਹਦੀ ਖੇਤਰ ਦੇ 1000 ਦੇ ਕਰੀਬ ਪਿੰਡਾਂ ਨੂੰ ਚੁਕਾਉਣਾ ਪੈ ਰਿਹਾ ਹੈ।
ਕੇਂਦਰ ਸਰਕਾਰ ਨੇ ਪੰਜਾਬ ਰਾਜ ਸਰਕਾਰ ਨੂੰ ਅੰਤਰਰਾਸ਼ਟਰੀ ਸੀਮਾ ਦੇ ਦਸ ਕਿਲੋਮੀਟਰ ਦੇ ਦਾਇਰੇ ਵਿੱਚ ਸਾਰਾ ਇਲਾਕਾ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਭਾਰਤੀ ਸੈਨਾ ਵੱਲੋਂ ਕੀਤੇ ਗਏ ਸਰਜੀਕਲ ਅਪਰੇਸ਼ਨ ਤੋਂ ਬਾਅਦ ਪਾਕਿਸਤਾਨ ਵੱਲੋਂ ਕਾਰਵਾਈ ਦੀ ਸੰਭਾਵਨਾ ਨੂੰ ਵੇਖਦੇ ਹੋਏ, ਇਹ ਕਦਮ ਉਠਾਏ ਗਏ ਹਨ। ਪਿੰਡ ਖਾਲੀ ਕਰਵਾਏ ਜਾ ਰਹੇ ਹਨ। ਇਸ ਇਲਾਕੇ ਵਿੱਚ ਸੁਰੱਖਿਆ ਬਲਾਂ ਦੇ ਦਸਤੇ ਰਵਾਨਾ ਕੀਤੇ ਜਾ ਰਹੇ ਹਨ। ਇਸ ਖੇਤਰ ਵਿੱਚ ਪੈਂਦੇ ਸਾਰੇ ਸਕੂਲ ਵੀ ਬੰਦ ਕੀਤੇ ਜਾ ਰਹੇ ਹਨ। ਸਕੂਲਾਂ ਅਤੇ ਕਾਲਜਾਂ ਵਿੱਚ ਰਫਿ਼ਊਜ਼ੀ ਕੈਂਪ ਲਗਾਏ ਜਾ ਰਹੇ ਹਨ। ਡਾਕਟਰਾਂ ਅਤੇ ਨਰਸਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਬਾਘਾਂ ਬਾਰਡਰ ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਵੀ ਬੰਦ ਕਰ ਦਿੱਤੀ ਗਈ ਹੈ।
ਗ੍ਰਹਿਮੰਤਰੀ ਰਾਜਨਾਥ ਸਿੰਹ ਨੇ ਮੁੱਖਮੰਤਰੀ ਬਾਦਲ ਨੂੰ ਫੋਨ ਕਰਕੇ ਕਿਹਾ ਕਿ ਸਰਹੱਦੀ ਖੇਤਰ ਦੇ ਦਸ ਕਿਲੋਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ ਸਾਰੇ ਪਿੰਡ ਜਲਦ ਖਾਲੀ ਕਰਵਾਏ ਜਾਣ।ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪ੍ਰਸ਼ਾਸਨ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿਠਣ ਲਈ ਤਿਆਰ ਹੈ।
ਬਾਰਡਰ ਏਰੀਏ ਵਿੱਚ ਤਣਾਅ ਨੂੰ ਵੇਖਦੇ ਹੋਏ ਗੁਰਦਾਸਪੁਰ ਦੇ 290, ਅੰਮ੍ਰਿਤਸਰ ਦੇ 137, ਤਰਨਤਾਰਨ ਦੇ 135, ਪਠਾਨਕੋਟ ਦੇ 65 ਅਤੇ ਫਾਜਿ਼ਲਕਾ ਦੇ 60 ਪਿੰਡ ਖਾਲੀ ਕਰਵਾਏ ਜਾ ਰਹੇ ਹਨ।