ਨਵੀਂ ਦਿੱਲੀ : ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦੀ ਯਾਦ ’ਚ ਹੋਇਆ ‘‘ਮਾਤਾ ਸਾਹਿਬ ਕੌਰ ਜੀ ਇਸਤ੍ਰੀ ਸੰਮੇਲਨ’’ ਸਿੱਖ ਬੀਬੀਆਂ ਦੇ ਉਤਸ਼ਾਹੀ ਅਤੇ ਧਰਮ ਪ੍ਰੇਮੀ ਹੋਣ ਦਾ ਸੁਨੇਹਾ ਦਿੰਦਾ ਹੋਇਆ ਨਿਵੇਕਲੀ ਖ਼ੁਸ਼ਬੂ ਨੂੰ ਵਿਖੇਰ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸੱਦਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਇਸਤ੍ਰੀਆਂ ਨੂੰ ਸਮਾਜਿਕ ਅਤੇ ਸਿਆਸੀ ਖੁਦਮੁਖਤਿਆਰੀ ਦੇਣ ਦੀ ਪੈਰਵੀ ਕਰਨ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹਜ਼ਾਰਾਂ ਦੀ ਤਾਦਾਦ ’ਚ ਲੱਗੀ ਬੀਬੀਆਂ ਦੀ ਕਚਹਿਰੀ ਚਿੱਟੀ ਅਤੇ ਪੀਲੀ ਚੁੰਨੀਆਂ ਲਈ ਲੰਬੇ ਸਮੇਂ ਤਕ ਯਾਦ ਰੱਖੀ ਜਾਵੇਗੀ। ਦਿੱਲੀ ਦੀ ਸਮੂਹ ਇਸਤ੍ਰੀ ਸਤਿਸੰਗ ਸਭਾਵਾਂ, ਸੁਖਮਨੀ ਸੇਵਾ ਸੁਸਾਇਟੀਆਂ ਅਤੇ ਇਸਤ੍ਰੀ ਅਕਾਲੀ ਦਲ ਦੀ ਕਾਰਕੂਨਾ ਨੇ ਆਪਣੀ ਭਾਰੀ ਮੌਜੂਦਗੀ ਨਾਲ ਸਿਆਸੀ ਪਾਰਟੀਆਂ ਨੂੰ ਬੀਬੀਆਂ ਨੂੰ ਕਮਜੋਰ ਨਾ ਸਮਝਣ ਦਾ ਵੀ ਸੁਨੇਹਾ ਦੇ ਦਿੱਤਾ।
ਦਿੱਲੀ ਦੇ ਇਤਿਹਾਸ ਵਿਚ ਪਹਿਲੀ ਵਾਰ ਸਜੀ ਇਸ ਪੰਥਕ ਕਚਹਿਰੀ ’ਚ ਬੀਬੀਆਂ ਨੇ ਪੰਥ ਦੀ ਚੜ੍ਹਦੀਕਲਾ ਅਤੇ ਉਤਸ਼ਾਹ ਵੱਜੋਂ ਵੱਖ-ਵੱਖ ਬੁਲਾਰਿਆਂ ਦੇ ਬੋਲਣ ਦੌਰਾਨ ਲਗਭਗ 30 ਵਾਰ ਉੱਚੀ ਆਵਾਜ਼ ’ਚ ਜੈਕਾਰੇ ਛੱਡੇ। ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਮੁਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਸਭਾ ਦੀ ਮੁਖੀ ਬੀਬੀ ਨਰਿੰਦਰ ਕੌਰ ਨੇ ਮਾਤਾ ਸਾਹਿਬ ਕੌਰ ਦੇ ਜੀਵਨ ਤੇ ਪ੍ਰਕਾਸ਼ ਪਾਉਣ ਦੇ ਨਾਲ ਹੀ ਪੰਥ ਦੇ ਸਾਹਮਣੇ ਮੌਜੂਦਾ ਚੁਨੌਤੀਆਂ ਤੇ ਵੀ ਆਪਣੇ ਵਿਚਾਰ ਰੱਖੇ। ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਸੰਗਤਾਂ ਦੇ ਵੱਡੀ ਤਦਾਦ ਵਿਚ ਆਉਣ ਲਈ ਧੰਨਵਾਦ ਕੀਤਾ। ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਣ ਦੌਰਾਨ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ’ਤੇ ਰੌਸ਼ਨੀ ਪਾਈ।
ਜੀ.ਕੇ. ਨੇ ਬੀਬੀਆਂ ਦੀ ਵੱਡੀ ਆਮਦ ਕਰਕੇ ਕਮੇਟੀ ਪ੍ਰਬੰਧਾ ਵਿਚ ਹੋਈ ਘਾਟ ਲਈ ਸੰਗਤਾਂ ਤੋਂ ਮੁਆਫੀ ਮੰਗਦੇ ਹੋਏ ਸਿੱਖ ਇਤਿਹਾਸ ਵਿਚ ਧਰਮ ਨੂੰ ਸੰਭਾਲਣ ਲਈ ਬੀਬੀਆਂ ਵੱਲੋਂ ਕੀਤੇ ਗਏ ਜਤਨਾਂ ਦਾ ਜਿਕਰ ਕੀਤਾ। ਜੀ.ਕੇ. ਨੇ ਕਿਹਾ ਕਿ ਕੌਮ ਵਿਚ ਵੱਡੇ ਪੱਧਰ ’ਤੇ ਧਰਮ ਪ੍ਰਚਾਰ ਦੇ ਕਾਰਜ ਕਮੇਟੀਆਂ ਵੱਲੋਂ ਕਰਵਾਏ ਜਾ ਰਹੇ ਹਨ ਤੇ ਕੋਈ ਵੀ ਪ੍ਰਚਾਰਕ ਨੌਜਵਾਨਾਂ ਨੂੰ ਬੋਦੀ ਰੱਖ ਕੇ ਟੋਪੀ ਪਾਉਣ ਜਾਂ ਹੁੱਕਾ ਪੀਣ ਦੀ ਪ੍ਰੇਰਣਾ ਨਹੀਂ ਕਰਦਾ। ਇਸਨੂੰ ਸੰਭਾਲਣ ਲਈ ਬੀਬੀਆਂ ਨੂੰ ਅੱਗੇ ਆਉਣ ਦੀ ਲੋੜ ਹੈ। ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਦਾ ਵੇਰਵਾ ਦੇਣ ਦੌਰਾਨ ਜੀ.ਕੇ. ਨੇ 6ਵੇਂ ਤਣਖਾਹ ਕਮਿਸ਼ਨ ਦੇ ਕਮੇਟੀ ਸਿਰ ਚੜ੍ਹੇ 170 ਕਰੋੜ ਦੇ ਕਰਜ਼ੇ ਦਾ ਜਿਕਰ ਕਰਨ ਦੀ ਵੀ ਵਿਰੋਧੀ ਆਗੂਆਂ ਨੂੰ ਤਾੜਨਾਂ ਕੀਤੀ।
ਜੀ.ਕੇ. ਨੇ ਬੀਬੀਆਂ ਨੂੰ ਸੁਚੇਤ ਕਰਦੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਹਿਲੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ-ਢੇਰੀ ਕੀਤਾ ਅੱਜ ਉਹ ਪੰਥ ਪ੍ਰਮਾਣਿਤ ਬਾਣੀਆਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਰਾਣੇ ਪ੍ਰਬੰਧਕਾਂ ਵੱਲੋਂ ਸਕੂਲਾਂ ਵਿਚ ਵਾਧੂ ਭਰਤੀ ਕੀਤੇ ਗਏ 450 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਬਜਾਏ ਉੱਚਪੱਧਰੀ ਟੀਚਰ ਟ੍ਰੇਨਿੰਗ ਤਕਨੀਕ ਰਾਹੀ ਕਾਬਿਲ ਬਣਾਉਣ ਵਾਸਤੇ ਜੀ.ਕੇ. ਨੇ ਕਮੇਟੀ ਦੀ ਪਿੱਠ ਥਾਪੜੀ। ਜੀ.ਕੇ. ਨੇ ਕਿਹਾ ਕਿ ਕਮੇਟੀ ਸਕੂਲਾਂ ਵਿਚ ਪਹਿਲੇ 6 ਮਹੀਨੇ ਤਣਖਾਵਾਂ ਨਹੀਂ ਮਿਲਦੀਆਂ ਸਨ ਪਰ ਹੁਣ ਹਰ ਪਹਿਲੀ ਤਾਰੀਖ ਨੂੰ ਸਟਾਫ਼ ਦੇ ਖਾਤੇ ਵਿਚ ਤਣਖਾਹ ਪੁੱਜ ਜਾਂਦੀ ਹੈ। ਦੇਵਨਗਰ ਖਾਲਸਾ ਸਕੂਲ ਦੀ ਕਾਰਸੇਵਾ ਦਮਦਮੀ ਟਕਸਾਲ ਨੂੰ ਦਿੱਤੇ ਜਾਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਪੁਰਾਣੇ ਪ੍ਰਬੰਧਕਾਂ ਤੇ ਵਿਅੰਗ ਵੀ ਕੀਤਾ। ਜੀ.ਕੇ. ਨੇ ਕਿਹਾ ਕਿ ‘‘ਇਸ ਸਕੂਲ ਤੋਂ ਪੜ੍ਹ ਕੇ ਪ੍ਰਧਾਨ ਬਣਨ ਵਾਲੇ ਆਪਣੇ ਕਾਰਜਕਾਲ ਦੌਰਾਨ ਸਕੂਲ ’ਤੇ ਇੱਕ ਚਮਚਾ ਸੀਂਮੇਂਟ ਨਹੀਂ ਲਾ ਸਕੇ’’।
ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਅਰਧ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਵਾਸਤੇ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਵੀ ਜੀ.ਕੇ. ਨੇ ਜਾਣਕਾਰੀ ਦਿੱਤੀ। ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਨਵੀਂ ਬਣਾਈ ਗਈ ਪਾਲਕੀ ਸਾਹਿਬ ਪਟਨਾ ਕਮੇਟੀ ਵੱਲੋਂ ਯਾਤਰਾ ਨਿਕਾਲਣ ਲਈ ਕਮੇਟੀ ਵੱਲੋਂ ਭੇਜੇ ਜਾਣ ਨੂੰ ਜੀ.ਕੇ. ਨੇ ਦਿੱਲੀ ਦੀ ਸੰਗਤਾਂ ਦਾ ਮਾਨ ਵਧਾਉਣ ਵਾਲਾ ਫੈਸਲਾ ਦੱਸਿਆ। ਉਕਤ ਪਾਲਕੀ ਸਾਹਿਬ ਨਾਲ ਦੇਸ਼ ’ਚ ਲਗਭਗ 6 ਹਜ਼ਾਰ ਕਿਲੋਮੀਟਰ ਦੀ ਯਾਤਰਾ ਨਗਰ ਕੀਰਤਨ ਦੇ ਤੌਰ ਤੇ ਸਜਾਏ ਜਾਣ ਦਾ ਗਵਾਹ ਬਣਨ ਜਾ ਰਹੇ ਕਮੇਟੀ ਸਟਾਫ਼ ਨੂੰ ਜੀ.ਕੇ. ਨੇ ਸਨਮਾਨਿਤ ਵੀ ਕੀਤਾ।
ਹਿੱਤ ਨੇ ਬੀਬੀਆਂ ਦੀ ਸਭਾ ਨੂੰ ਸੱਚ ਦੀ ਸਭਾ ਕਰਾਰ ਦਿੰਦੇ ਹੋਏ ਵਿਰੋਧੀ ਧਿਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਹਿੱਤ ਨੇ ਕਿਹਾ ਕਿ ਕੰਮ ਕੋਈ ਕਰਦਾ ਹੈ ਸ਼ੋਰ ਕੋਈ ਕਰਦਾ ਹੈ। ਹਿੱਤ ਨੇ ਬੀਬੀਆਂ ਨੂੰ ਸਰਕਾਰੀ ਏਜੰਟਾਂ ਨੂੰ ਪਛਾਣਨ ਦਾ ਸੱਦਾ ਦਿੰਦੇ ਹੋਏ ਪੰਥ ਅਤੇ ਸੱਚ ਦੇ ਨਾਲ ਖੜੇ ਹੋਣ ਦੀ ਬੇਨਤੀ ਵੀ ਕੀਤੀ। ਕੁਲਮੋਹਨ ਸਿੰਘ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਬੀਬੀਆਂ ਨੂੰ ਇਤਿਹਾਸ ਸੰਭਾਲਣ ਦੀ ਅਪੀਲ ਕੀਤੀ।
ਰਾਣਾ ਨੇ ਨਿੰਦਕਾਂ ਵੱਲੋਂ ਬਾਣੀਆਂ ਦੇ ਖਿਲਾਫ਼ ਕੀਤੇ ਜਾ ਰਹੇ ਪ੍ਰਚਾਰ ਨੂੰ ਕੂੜ ਪ੍ਰਚਾਰ ਦੱਸਦੇ ਹੋਏ ਕਈ ਸਵਾਲ ਵੀ ਚੁੱਕੇ। ਰਾਣਾ ਨੇ ਕਿਹਾ ਕਿ 2 ਗੁਰਪੁਰਬ ਮਨਾਉਣ ਵਾਲੇ ਹੁਣ 2 ਬਾਣੀਆਂ ਵਿਚ ਕੌਮ ਨੂੰ ਵੰਡਣ ਦੀ ਸਾਜਿਸ਼ ਰੱਚ ਰਹੇ ਹਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਜਥੇਦਾਰ ਵੱਜੋਂ ਰਹੇ ਲੋਕ ਬਾਗੀਆਂ ਦਾ ਸਾਥ ਦੇ ਰਹੇ ਹਨ। ਇਸ ਮੌਕੇ ਦਿੱਲੀ ਕਮੇਟੀ ਦੇ ਸਮੂਹ ਅਹੁੱਦੇਦਾਰ ਤੇ ਮੈਂਬਰ ਸਾਹਿਬਾਨ ਅਤੇ ਇਸਤ੍ਰੀ ਅਕਾਲੀ ਦਲ ਦੀ ਸਰਪ੍ਰਸ਼ਤ ਬੀਬੀ ਪ੍ਰਕਾਸ਼ ਕੌਰ, ਬੀਬੀ ਰਣਜੀਤ ਕੌਰ, ਬੀਬੀ ਨਰਿੰਦਰ ਕੌਰ ਸਣੇ ਵੱਡੀ ਗਿਣਤੀ ਵਿਚ ਬੀਬੀਆਂ ਮੌਜੂਦ ਸਨ।