ਨਵੀਂ ਦਿੱਲੀ – ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟਰੇਸ਼ਨ ਕਰਾਉਣ ਸੰਬੰਧੀ ਸਥਾਨਕ ਸਿੰਘ ਸਭਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗੈਰ ਸਰਕਾਰ ਸਿੱਖ ਸੰਗਠਨਾਂ ਨੂੰ ਮੋਹਰੀ ਰੋਲ ਨਿਭਾਉਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਸਿੱਖ ਗੁਰਦੁਆਰਾ ਪ੍ਰਬੰਧਾਂ ਵਿਚ ਭਾਗ ਲੈ ਸਕਣ।ਪੰਜਾਬ ਦੇ ਉਪ ਮੁੱਖ ਮੰਤਰੀ ਸ। ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਸਿੱਖ ਵੋਟਰਾਂ ਦੀ ਰਜਿਸਟਰੇਸ਼ਨ ਅਤੇ ਜਾਗਰੂਕਤਾ ਮੁਹਿੰਮ ਲਈ ਸਾਡੇ ਵੱਲੋਂ ਪੂਰੀ ਦਿੱਲੀ ਵਿਚ 31 ਅਕਤੂਬਰ ਤਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਦਿੱਲੀ ਦੇ ਸਿੱਖ ਇਹਨਾਂ ਕੈਂਪਾਂ ਰਾਂਹੀ ਵੋਟਰ ਰਜਿਸ਼ਟਰੇਸ਼ਨ ਲਈ ਹਰ ਪ੍ਰਕਾਰ ਦੀ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਸ. ਸਿਰਸਾ ਨੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਿੱਖ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਹੈ ਕਿ ਉਹ ਆਪਣੀ ਵੋਟ ਦੀ ਰਜਿਸ਼ਟਰੇਸ਼ਨ ਲਈ ਆਪਣੇ ਇਲਾਕੇ ਦੇ ਕਮੇਟੀ ਮੈਂਬਰਾਂ ਨਾਲ ਸੰਪਰਕ ਕਰਨ। ਉਹਨਾਂ ਕਿਹਾ ਕਿ ਨੌਜਵਾਨ ਮੁੰਡੇ-ਕੁੜੀਆਂ ਨੂੰ ਵੱਧ ਤੋਂ ਵੱਧ ਵੋਟ ਬਣਵਾਉਣ।
ਸ. ਸਿਰਸਾ ਨੇ ਅੱਗੇ ਦੱਸਿਆ ਕਿ ਦਿੱਲੀ ਸਰਕਾਰ ਵੱਲੋਂ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਵੋਟਰਾਂ ਦੇ ਵੋਟਰ ਕਾਰਡ ਬਣਾਉਣ ਅਤੇ ਮੌਜੂਦਾ ਵੋਟਰ ਕਾਰਡਾਂ ਦੀ ਸੁਧਾਈ ਦਾ ਕੰਮ ਆਰੰਭਿਆ ਗਿਆ ਹੈ। ਕੋਈ ਵੀ ਵੋਟਰ ਆਪਣਾ ਵੋਟਰ ਕਾਰਡ ਬਣਾਉਣ ਜਾਂ ਉਸ ਵਿਚ ਸੁਧਾਈ ਕਰਵਾਉਣ ਤੋਂ ਵਾਂਝਾ ਨਾ ਰਹਿ ਜਾਵੇ, ਇਸ ਲਈ ਪਹਿਲੀ ਅਕਤੂਬਰ 2016 ਤੋਂ ਲੈ ਕੇ 24 ਦਸੰਬਰ 2016 ਤਕ ਪੜਾਅਵਾਰ ਵਿਸੇਸ਼ ਪ੍ਰੋਗਰਾਮ ਉਲੀਕੇ ਗਏ ਹਨ।
ਉਹਨਾਂ ਅੱਗੇ ਦੱਸਿਆ ਕਿ ਨਵੇਂ ਸਿੱਖ ਵੋਟਰ ਆਪਣਾ ਵੋਟਰ ਕਾਰਡ ਬਣਾਉਣ ਲਈ ਪਹਿਲੀ ਅਕਤੂਬਰ 2016 ਤੋਂ ਲੈ ਕੇ 31 ਅਕਤੂਬਰ 2016 ਦੌਰਾਨ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਮੌਜੂਦਾ ਸਿੱਖ ਵੋਟਰ ਆਪਣੇ ਵੋਟਰ ਕਾਰਡਾਂ ਦਾ ਖਰੜਾ ਚੈੱਕ ਕਰਨਾ ਚਾਹੁੰਦੇ ਹਨ ਅਤੇ ਉਸ ਵਿਚ ਸੁਧਾਈ ਕਰਵਾਉਣਾ ਚਾਹੁੰਦੇ ਹਨ, ਉਹ ਦਿੱਲੀ ਸਰਕਾਰ ਦੀ ਵੈਬਸਾਇਟ ਉੱਤੇ ਜਾ ਕੇ ਆਪਣੀ ਡਿਟੇਲ ਚੈੱਕ ਕਰ ਸਕਦੇ ਹਨ ਅਤੇ ਸੰਬੰਧਿਤ ਦਫਤਰ ਵਿਚ ਜਾ ਕੇ ਸੁਧਾਈ ਲਈ ਅਰਜ਼ੀ ਦੇ ਸਕਦੇ ਹਨ।
ਅਕਾਲੀ ਨੇਤਾ ਨੇ ਸਮੂਹ ਸਿੱਖ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਤਿਮ ਵੋਟਰ ਸੂਚੀ ਜਾਰੀ ਹੋਣ ਤਕ ਵੋਟਰ ਸੂਚੀ ਵਿਚ ਆਪਣੇ ਨਾਵਾਂ ਦੀ ਖੁਦ ਪੜਤਾਲ ਕਰਦੇ ਰਹਿਣ।