ਅੰਮ੍ਰਿਤਸਰ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਦੇ ਪਿਤਾ ਸ੍ਰ. ਜਸਬੀਰ ਸਿੰਘ ਸਿਰਸਾ ਨੂੰ ਧੋਖਾਧੜੀ ਦੇ ਕੇਸ ਵਿੱਚ ਹੋਈ ਦੋ ਸਾਲ ਦੀ ਸਜਾ ਤੇ 10 ਹਜਾਰ ਰੁਪਏ ਜੁਰਮਾਨੇ ਤੇ ਟਿੱਪਣੀ ਕਰਦਿਆ ਕਿਹਾ ਕਿ ਇਹ ਤਾਂ ਸਿਰਸੇ ਦਾ ਇੱਕ ਛੋਟਾ ਜਿਹਾ ਟਰੇਲਰ ਹੈ ਹਾਲੇ ਫਿਲਮ ਤਾਂ ਕੁਝ ਸਮਾਂ ਬਾਅਦ ਸ਼ੁਰੂ ਹੋਵੇਗੀ ਜੋ ਸਿਰਸਾ ਦੀਆ ਬਾਕੀ ਨਟਵਰ ਲਾਲਾ 420 ਦੀਆ ਕਹਾਣੀਆ ਬਿਆਨ ਕਰੇਗੀ।
ਜਾਰੀ ਇੱਕ ਬਿਆਨ ਰਾਹੀ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਉਹ ਤਾਂ ਪਿਛਲੇ ਲੰਮੇ ਸਮੇਂ ਤੋ ਸੰਗਤਾਂ ਨੂੰ ਸੁਚੇਤ ਕਰਦੇ ਆ ਰਹੇ ਹਨ ਕਿ ਸਿਰਸੇ ਵਰਗੇ ਵਿਅਕਤੀ ਦੇ ਹੱਥ ਵਿੱਚ ਗੁਰੂ ਦੀ ਗੋਲਕ ਸੁਰੱਖਿਅਤ ਨਹੀ ਰਹਿ ਸਕਦੀ ਅਤੇ ਸਿਰਸੇ ਨੇ ਆਪਣੇ ਪਿਤਾ ਨੁੰ ਬਲੀ ਦਾ ਬੱਕਰਾ ਬਣਾ ਕੇ ਜਿਹੜੇ ਗੁਲ ਖਿਲਾਏ ਹਨ ਉਹ ਅੱਜ ਸਭ ਦੇ ਸਾਹਮਣੇ ਹਨ। ਉਹਨਾਂ ਕਿਹਾ ਕਿ ਸਿਰਸੇ ਨੂੰ ਇਸ ਕੇਸ ਦਾ ਫੈਸਲਾ ਆਉਣ ਤੋ ਬਾਅਦ ਆਪਣੇ ਆਹੁਦੇ ਤੋ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਣਾ ਚਾਹੀਦਾ ਸੀ ਪਰ ਅਜਿਹਾ ਹੋਣਾ ਸੰਭਵ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਸਿਰਸਾ ਅਸਤੀਫਾ ਨਹੀ ਦਿੰਦਾ ਤਾਂ ਫਿਰ ਦਿੱਲੀ ਕਮੇਟੀ ਦੇ ਮੈਂਬਰਾਂ ਦੀ ਜੇਕਰ ਜ਼ਮੀਰ ਵਿੱਚ ਕੋਈ ਥੋੜੀ ਜਿੰਨੀ ਵੀ ਸੱਚਾਈ ਤੇ ਪਹਿਰਾ ਦੇਣ ਦੀ ਸ਼ਕਤੀ ਰੱਖਦੀ ਹੈ ਤਾਂ ਦਿੱਲੀ ਕਮੇਟੀ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਤੁਰੰਤ ਮਨਜਿੰਦਰ ਸਿੰਘ ਸਿਰਸੇ ਨੂੰ ਜਰਨਲ ਸਕੱਤਰ ਦੇ ਵਕਾਰੀ ਆਹੁਦੇ ਤੋ ਲਾਂਭੇ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਕੀ ਸਿਰਸਾ ਹਾਲੇ ਵੀ ਉਹਨਾਂ ਦਾ ਮੁੱਖ ਸਲਾਹਕਾਰ ਰਹਿਣ ਦੇ ਕਾਬਲ ਹੈ ਜਾਂ ਫਿਰ ਉਹਨਾਂ ਦੇ ਸਾਰੇ ਸਲਾਹਕਾਰ ਇਸੇ ਹੀ ਸ਼੍ਰੇਣੀ ਦੇ ਹਨ? ਉਹਨਾਂ ਕਿਹਾ ਕਿ ਜਿਹੜੀਆ ਸਿਆਸੀ ਪਾਰਟੀਆ ਕੋਲੋ ਅਜਿਹੇ ਹੇਰਾਫੇਰੀ ਕਰਨ ਵਾਲੇ ਨਟਵਰ ਲਾਲ ਹੋਣਗੇ ਉਹ ਪਾਰਟੀਆ ਸੇਵਾ ਨਹੀ ਸਗੋ ਮੇਵਾ ਖਾਣ ਵਿੱਚ ਹੀ ਯਕੀਨ ਰੱਖਦੀਆ ਹਨ ਤੇ ਅਕਾਲੀ ਦਲ ਬਾਦਲ ਦਾ ਕਿਰਦਾਰ ਵੀ ਇਸੇ ਪ੍ਰਕਾਰ ਦਾ ਹੀ ਹੈ।
ਉਹਨਾਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ. ਕੇ. ਦਾ ਧਿਆਨ ਵੀ ਹੇਰਾਫੇਰੀ ਦੇ ਆਏ ਅਦਾਲਤ ਦੇ ਫੈਸਲੇ ਵੱਲ ਦਿਵਾਉਦਿਆ ਕਿਹਾ ਕਿ ਉਹ ਵੀ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਉਹ ਹਾਲੇ ਵੀ ਮਨਜਿੰਦਰ ਸਿੰਘ ਸਿਰਸਾ ਨਾਲ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ ਜਾਂ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਆਪਣੀ ਟੀਮ ਵਿੱਚ ਕੋਈ ਸਾਫ ਸੁਥਰੀ ਛਵੀ ਵਾਲਾ ਜਰਨਲ ਸਕੱਤਰ ਸ਼ਾਮਲ ਕਰਨਗੇ। ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀ ਕਰਦੇ ਤਾਂ ਸੰਗਤਾਂ ਫਿਰ ਇਹੀ ਸਮਝਣਗੀਆ ਕਿ ਭ੍ਰਿਸ਼ਟਾਚਾਰ ਦੇ ਹਮਾਮ ਵਿੱਚ ਇਹ ਸਾਰੇ ਹੀ ਨੰਗੇ ਹਨ ਤੇ ਗੁਰੂ ਦੀ ਗੋਲਕ ਦੀ ਲੁੱਟਮਾਰ ਵੀ ਰਲ ਮਿਲ ਕੇ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਕੀਨੀਆ ਵਿੱਚ ਨੈਲਸਨ ਮੰਡੇਲਾ ਵੱਲੋ ਜਾਣੇ ਜਾਂਦੇ ਮਰਹੂਮ ਮੱਖਣ ਸਿੰਘ ਦੀ ਜਾਇਦਾਦ ਨੂੰ ਜੇਕਰ ਸਿਰਸਾ ਨੇ ਨਹੀ ਬਖਸ਼ਿਆ ਤਾਂ ਫਿਰ ਛੋਟੇ ਮੋਟੇ ਲੋਕਾਂ ਦਾ ਤਾਂ ਬੱਸ, ਫਿਰ ਰੱਬ ਰਾਖਾ ਹੀ ਹੋ ਸਕਦਾ ਹੈ। ਉਹਨਾਂ ਕਿਹਾ ਕਿ ਮੱਖਣ ਸਿੰਘ ਦੀ ਜਾਇਦਾਦ ਤੇ ਕਬਜ਼ਾ ਤਾਂ ਇੱਕ ਟਰੇਲਰ ਹੈ ਜੇਕਰ ਸਿਰਸੇ ਦੀ ਸਾਰੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ ਤਾਂ ਬਾਲੀਵੂਡ ਵਾਲਿਆ ਨੂੰ ਇਸ ‘ਤੇ ਨਟਵਰ ਲਾਲ 420 ਦੀ ਇੱਕ ਹੋਰ ਫਿਲਮ ਬਣਾਉਣ ਲਈ ਮਜਬੂਰ ਹੋਣਾ ਪਵੇਗਾ।