ਨਵੀਂ ਦਿੱਲੀ : ਦਿੱਲੀ ਸਰਕਾਰ ਪਾਸੋਂ ਨਵੀਂ ਵਹੀਲ-ਚੇਅਰ ਦੇਣ ਦੀ ਮੰਗ ਕਰਨ ਲਈ ਬੀਤੇ ਦਿਨੀ ਗਏ ਅੰਗਹੀਨ ਰਾਜਾ ਭਇਆ ਅਹੀਰਵਾਲ ਨੂੰ ਦਿੱਲੀ ਸਕੱਤ੍ਰੇਤ ਤੋਂ ਧੱਕੇਮਾਰ ਕੇ ਬਾਹਰ ਕੱਢਿਆ ਗਿਆ ਸੀ। ਅੰਗਹੀਣ ਨਾਲ ਹੋਈ ਬਦਸਲੂਕੀ ਦੀ ਵੀਡੀਓ ਕਿਸੇ ਸੱਜਣ ਨੇ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਸੀ। ਜਿਸਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਵੱਲੋਂ ਅੰਗਹੀਨ ਨੂੰ ਵਹੀਲ-ਚੇਅਰ ਦੇਣ ਦੀ ਪੇਸ਼ਕਸ਼ ਮੀਡੀਆ ਰਾਹੀ ਕੀਤੀ ਗਈ ਸੀ। ਅੰਗਹੀਨ ਵੱਲੋਂ ਕਮੇਟੀ ਨੂੰ ਵਹੀਲ-ਚੇਅਰ ਦੇਣ ਦੀ ਅਰਜੀ ਪ੍ਰਾਪਤ ਹੋਣ ਉਪਰੰਤ ਹੁਣ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਡਾ ਨੇ ਵਹੀਲ-ਚੇਅਰ ਦੇਣ ਦੀ ਰਸ਼ਮ ਨਿਭਾਈ।
ਜੀ. ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਨੇ ਹਮੇਸ਼ਾ ਹੀ ਗੁਰੂ ਦੀ ਗੋਲਕ ਦੇ ਸਹਾਰੇ ਲੋੜਵੰਦਾਂ ਦੀ ਮਦਦ ਕਰਨ ਵੇਲੇ ਕਿਸੇ ਜਾਤ, ਧਰਮ ਜਾਂ ਫਿਰਕੇ ’ਚ ਭੇਦ ਨਾ ਕਰਦੇ ਹੋਏ ਸਹਾਇਤਾ ਦੇਣ ਵੇਲੇ ਗੁਰੂ ਸਾਹਿਬ ਵੱਲੋਂ ਬਖਸ਼ੇ ‘‘ਸਰਬਤ ਦੇ ਭਲੇ’’ ਦੇ ਸਿੱਧਾਂਤ ’ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਗੁਰਦੁਆਰਾ ਕਮੇਟੀਆਂ ਦਾ ਬਜਟ ਬੇਸ਼ਕ ਸਰਕਾਰਾਂ ਤੋਂ ਕਈ ਗੁਣਾ ਘੱਟ ਹੋਵੇਗਾ ਪਰ ਸਿੱਖਾਂ ਦਾ ਦਿੱਲ ਹਮੇਸ਼ਾਂ ਹੀ ਸਭ ਤੋਂ ਵੱਡਾ ਰਿਹਾ ਹੈ।
ਇਸ ਮੌਕੇ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਮੌਜੂਦ ਸਨ।