ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ‘ਵੋਟਰ ਜਾਗਰੂਕਤਾ ਸੈਮੀਨਾਰ’ ਲਗਾਇਆ ਗਿਆ।ਇਸ ਮੌਕੇ ਤੇ ਡੀਨ ਵਿਦਿਆਰਥੀ ਭਲਾਈ ਡਾ. ਬਲਵੰਤ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਵੋਟਾਂ ਬਣਾਉਣ ਅਤੇ ਪਾਉਣ ਲਈ ਪ੍ਰੇਰਦਿਆਂ ਕਿਹਾ ਕਿ ਹਰੇਕ ਵੋਟਰ ਨੂੰ ਆਪਣਾ ਫ਼ਰਜ਼ ਪਛਾਣਦਿਆਂ ਆਪਣੀ ਵੋਟ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।ਵੋਟਰ ਕੋਲ ਇਹ ਅਜਿਹਾ ਹਥਿਆਰ ਤੇ ਅਧਿਕਾਰ ਹੈ ਜਿਸ ਨਾਲ ਉਹ ਆਪਣੀ ਅਤੇ ਆਪਣੇ ਮੁਲਕ ਦੀ ਤਕਦੀਰ ਬਦਲ ਸਕਦਾ ਹੈ।ਇਸ ਅਧਿਕਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਵਰਤੋਂ ਗੁਪਤ ਰੂਪ ਵਿੱਚ ਕੀਤੀ ਜਾ ਸਕਦੀ ਹੈ।ਐਜੂਕੇਸ਼ਨ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਡਾ. ਜੋਗਿੰਦਰ ਨਾਥ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਵਿਦਿਆਰਥੀਆਂ ਵੋਟ ਬਣਾਉਣ ਅਤੇ ਇਸਦੀ ਵਰਤੋਂ ਕਰਨ ਲਈ ਪ੍ਰੇਰਿਆ।ਬੇਸਿਕ ਸਾਇੰਸਜ਼ ਕਾਲਜ ਦੇ ਡਾ. ਰਜਨੀ ਨਾਗਪਾਲ ਨੇ ਕਿਹਾ ਕਿ ਜੇ ਹਰ ਨਾਗਰਿਕ ਆਪਣੀ ਜਿੰਮੇਵਾਰੀ ਅਤੇ ਫ਼ਰਜ਼ਾਂ ਨੂੰ ਸਮਝੇ ਤਾਂ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਦੇ ਸੁਪਨਿਆਂ ਦਾ ਦੇਸ਼ ਸਿਰਜਿਆ ਜਾ ਸਕਦਾ ਹੈ।ਪ੍ਰੋ. ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਆਪਣੇ ਜੀਵਨ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵੋਟ ਨੇ ਉਨ੍ਹਾਂ ਦਾ ਕਰੀਅਰ ਹੀ ਬਦਲ ਦਿੱਤਾ ਅਤੇ ਜ਼ਿੰਦਗੀ ਵਿੱਚ ਤਰੱਕੀ ਕਰਨ ਦੇ ਕਈ ਮੌਕੇ ਦਿੱਤੇ।ਇਸ ਤੋ ਇਲਾਵਾ ਪ੍ਰੋ ਸੁੱਖਦਵਿੰਦਰ ਸਿੰਘ ਕੌੜਾ (ਪੀ ਆਰ ਓ) ਅਤੇ ਪ੍ਰੋ ਰਮਨਦੀਪ ਸਿੰਘ (ਸਹਾਇਕ ਮਾਰਕਟਿੰਗ ਮੈਨੇਜਰ) ਵੀ ਪ੍ਰੋਗਰਾਮਿੰਗ ਅਤੇ ਸੈਮੀਨਾਰ ਦੇ ਕੰਮਕਾਜ ਲਈ ਮੌਜੂਦ ਸਨ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਵੋਟ ਪ੍ਰਕਿਰਿਆ ਵਿੱਚ ਹਿੱਸਾ ਲੈਣਾ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਣ ਦਾ ਸਭ ਤੋਂ ਵਧੀਆ ਮੌਕਾ ਹੈ।ਇਸ ਲਈ ਵਿਦਿਆਰਥੀਆਂ ਨੂੰ ਉਤਸ਼ਾਹ ਨਾਲ ਵੋਟਾਂ ਬਣਾਉਣੀਆਂ ਤੇ ਪਾਉਣੀਆਂ ਚਾਹੀਦੀਆਂ ਹਨ।ਸੈਮੀਨਾਰ ਦੇ ਅੰਤ ਵਿੱਚ ਕੋਆਰਡੀਨੇਟਰ ਦੇਵਿੰਦਰ ਸਿੰਘ ਜੋਗੀ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਵਿਦਿਆਰਥੀਆਂ ਨੇ ਵੋਟਾਂ ਬਣਾਉਣ ਲਈ ਵੱਡੀ ਗਿਣਤੀ ਵਿੱਚ ਫਾਰਮ ਭਰੇ।