ਫ਼ਤਹਿਗੜ੍ਹ ਸਾਹਿਬ – “ਕੋਈ ਵੀ ਸਿਆਸੀ ਪਾਰਟੀ ਜਾਂ ਸਿਆਸੀ ਆਗੂ ਉਸ ਸਮੇਂ ਤੱਕ ਸਮੁੱਚੇ ਵਰਗਾਂ ਦੀਆਂ ਮੁਸ਼ਕਿਲਾਂ ਨੂੰ ਨਾ ਤਾਂ ਦੂਰ ਕਰ ਸਕਦਾ ਹੈ ਅਤੇ ਨਾ ਹੀ ਉਹਨਾਂ ਦੀ ਅਗਵਾਈ ਕਰਨ ਦਾ ਦਾਅਵਾ ਕਰ ਸਕਦਾ ਹੈ, ਜਦੋਂ ਤੱਕ ਉਹ ਸਾਰੀਆਂ ਕੌਮਾਂ, ਧਰਮਾਂ ਅਤੇ ਵਰਗਾਂ ਨੂੰ ਬਰਾਬਰਤਾ ਦੀ ਨਜ਼ਰ ਨਾਲ ਵੇਖਦੇ ਹੋਏ ਅਮਲ ਨਹੀਂ ਕਰਦੇ । ਉਹੀ ਆਗੂ ਸਰਬ-ਪ੍ਰਵਾਨਿਤ ਹੋ ਸਕਦਾ ਹੈ, ਜੋ ਬਿਨ੍ਹਾਂ ਕਿਸੇ ਜਾਤ-ਪਾਤ, ਧਰਮ, ਫਿਰਕੇ, ਊਚ-ਨੀਚ ਆਦਿ ਸਮਾਜਿਕ ਬੁਰਾਈਆਂ ਦੀਆਂ ਵਲਗਣਾਂ ਤੋਂ ਉਪਰ ਉੱਠਕੇ ਇਨਸਾਨੀਅਤ ਤੌਰ ਤੇ ਕਾਰਵਾਈਆਂ ਨਹੀਂ ਕਰਦਾ । ਦੁੱਖ ਅਤੇ ਅਫਸੋਸ ਹੈ ਕਿ ਸ੍ਰੀ ਕੇਜਰੀਵਾਲ ਤੇ ਉਸਦੀ ਆਪ ਪਾਰਟੀ ਜੋ ਅੱਜ-ਕੱਲ੍ਹ ਪੰਜਾਬ ਦੀ ਧਰਤੀ ‘ਤੇ ਆਪਣੀ ਸਿਆਸੀ ਜੜ੍ਹ ਲਗਾਕੇ ਪੰਜਾਬੀਆਂ ਅਤੇ ਸਿੱਖਾਂ ਉਤੇ ਬਿਨ੍ਹਾਂ ਕਿਸੇ ਤਰ੍ਹਾਂ ਦੀ ਕੁਰਬਾਨੀ ਜਾਂ ਅਮਲ ਕਰਨ ਤੋਂ ਪੰਜਾਬ ਦੇ ਰਾਜ-ਭਾਗ ਉਤੇ ਕਾਬਜ ਹੋਣ ਲਈ ਉਤਾਵਲੇ ਹੋਏ ਪਏ ਹਨ ਅਤੇ ਪੰਜਾਬੀਆਂ-ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੇ ਗੁੰਮਰਾਹਕੁੰਨ ਬਿਆਨਬਾਜੀ ਕਰ ਰਹੇ ਹਨ, ਉਹਨਾਂ ਵੱਲੋਂ ਸਵਾਰਥੀ ਤੇ ਸਿਆਸੀ ਸੋਚ ਨੂੰ ਮੁੱਖ ਰੱਖਕੇ ਹੀ ਨਿਰੰਕਾਰੀ ਮੁੱਖੀ ਮਰਹੂਮ ਹਰਦੇਵ ਸਿੰਘ ਦੀ ਮੌਤ ਉਤੇ ਉਹਨਾਂ ਦੇ 70 ਫੁੱਟ ਉੱਚੇ ਬੁੱਤ ਲਗਾਉਣ ਦੇ ਐਲਾਨ ਕੀਤੇ ਜਾ ਰਹੇ ਹਨ । ਇਹ ਕੇਵਲ ਨਿਰੰਕਾਰੀਆਂ ਨਾਲ ਸੰਬੰਧਤ ਵੋਟਾਂ ਨੂੰ ਭਰਮਾਉਣ ਲਈ ਕੀਤਾ ਜਾ ਰਿਹਾ ਹੈ, ਜੋ ਕਿ ਉਹਨਾਂ ਦੀ ਸਵਾਰਥੀ ਅਤੇ ਫਿਰਕੂ ਸੋਚ ਨੂੰ ਪ੍ਰਤੱਖ ਕਰਦੇ ਹਨ । ਜਿਸ ਤੋ ਇਥੋ ਦੇ ਨਿਵਾਸੀਆਂ ਨੂੰ ਸੁਚੇਤ ਰਹਿੰਦੇ ਹੋਏ ਸ੍ਰੀ ਕੇਜਰੀਵਾਲ ਦੀਆਂ “ਮੋਮੋਠਗਣੀਆਂ ਅਤੇ ਫਫੇਕੁੱਟਣੀਆਂ” ਵਾਲੀਆਂ ਭੂਮਿਕਾਵਾਂ ਉਤੇ ਨਜ਼ਰ ਵੀ ਰੱਖਣੀ ਹੋਵੇਗੀ ਅਤੇ ਅਜਿਹੀ ਮੁਤੱਸਵੀ ਸੋਚ ਰੱਖਣ ਵਾਲੇ ਕੇਜਰੀਵਾਲ ਅਤੇ ਆਮ ਪਾਰਟੀ ਨੂੰ ਪੰਜਾਬ ਦੀ ਧਰਤੀ ‘ਤੇ ਮੰਦਭਾਵਨਾ ਭਰੀ ਸਿਆਸੀ ਜੜ੍ਹ ਲਗਾਉਣ ਦੀ ਇਥੋ ਦੇ ਨਿਵਾਸੀ ਬਿਲਕੁਲ ਇਜ਼ਾਜਤ ਨਹੀਂ ਦੇਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕੇਜਰੀਵਾਲ ਵੱਲੋਂ ਸਵਾਰਥੀ ਅਤੇ ਫਿਰਕੂ ਸੋਚ ਅਧੀਨ ਮਰਹੂਮ ਹਰਦੇਵ ਸਿੰਘ ਮੁੱਖੀ ਨਿਰੰਕਾਰੀ ਮਿਸ਼ਨ ਦੇ 70 ਫੁੱਟ ਉੱਚੇ ਬੁੱਤ ਲਗਾਉਣ ਅਤੇ ਵੋਟਾਂ ਖਾਤਿਰ ਧਰਮੀ ਪਾੜੇ ਪਾਉਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸ੍ਰੀ ਕੇਜਰੀਵਾਲ ਅੰਦਰ ਛੁਪੇ ਹੋਏ “ਹਿੰਦੂਤਵ ਅਜਗਰ” ਨੂੰ ਪਹਿਚਾਨਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਨਿਰੰਕਾਰੀਏ, ਨੂਰਮਹਿਲੀਏ, ਭਨਿਆਰਾਵਾਲੇ, ਸਿਰਸੇਵਾਲੇ ਆਦਿ ਬਣਾਏ ਗਏ ਡੇਰੇ ਅਤੇ ਸਰਕਾਰੀ ਸਰਪ੍ਰਸਤੀ ਵਾਲੀਆਂ ਸੰਪਰਦਾਵਾਂ, ਬੀਜੇਪੀ, ਆਰ.ਐਸ.ਐਸ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਦੀ ਦੇਣ ਹੈ । ਜਿਨ੍ਹਾਂ ਦੀ ਸਰਪ੍ਰਸਤੀ ਹੇਠ ਇਹ ਅਖੋਤੀ ਡੇਰੇ ਅਤੇ ਸੰਪਰਦਾਵਾਂ ਪਲ ਰਹੀਆਂ ਹਨ । ਜੇਕਰ ਅਜਿਹੀ ਸਰਕਾਰੀ ਸਰਪ੍ਰਸਤੀ ਵਾਲੀਆਂ ਸੰਪਰਦਾਵਾਂ ਤੇ ਸੰਗਠਨਾਂ ਨੂੰ ਉਪਰੋਕਤ ਫਿਰਕੂ ਜਮਾਤਾਂ ਬੀਜੇਪੀ, ਆਰ.ਐਸ.ਐਸ. ਅਤੇ ਕਾਂਗਰਸ ਦੀਆਂ ਬੀ-ਟੀਮ ਕਹਿ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਅਤਕਥਨੀ ਨਹੀਂ ਹੋਵੇਗੀ । ਕਿਉਂਕਿ ਇਹਨਾਂ ਬਣਾਉਟੀ ਸੰਪਰਦਾਵਾਂ ਨੂੰ ਇਹ ਪਾਰਟੀਆਂ ਅਤੇ ਹਕੂਮਤਾਂ ਹਰ ਤਰ੍ਹਾਂ ਸਰਪ੍ਰਸਤੀ ਕਰਕੇ ਵੱਖ-ਵੱਖ ਫਿਰਕਿਆ ਅਤੇ ਕੌਮਾਂ ਵਿਚ ਵੱਖਰੇਵੇ ਪੈਦਾ ਕਰਕੇ ਆਪਣੇ ਵੋਟ ਬੈਂਕ ਨੂੰ ਵਧਾਉਣ ਵਿਚ ਹੀ ਮਸਰੂਫ ਹਨ । ਇਹਨਾ ਡੇਰਿਆ ਅਤੇ ਸੰਪਰਦਾਵਾਂ ਵਿਚ ਜੋ ਗੈਰ-ਇਖਲਾਕੀ, ਸਮਾਜ ਵਿਰੋਧੀ ਅਮਲ ਜੋਰਾ ਤੇ ਹੋ ਰਹੇ ਹਨ, ਉਸ ਤੋਂ ਪੰਜਾਬੀ ਅਤੇ ਸਿੱਖ ਕੌਮ ਭਲੀਭਾਂਤ ਜਾਣੂ ਹਨ । ਫਿਰ ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਬੋਲੀ ਅਤੇ ਭਾਸ਼ਾ ਸੰਬੰਧੀ ਸ੍ਰੀ ਕੇਜਰੀਵਾਲ ਨੇ ਜੋ ਪੰਜਾਬ ਅਤੇ ਪੰਜਾਬੀ ਵਿਰੋਧੀ ਅਮਲ ਕੀਤੇ ਹਨ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਚ ਢਾਹੇ ਗਏ “ਪਿਆਊ” ਦੇ ਮਨੁੱਖਤਾ ਵਿਰੋਧੀ ਅਮਲਾਂ ਤੋਂ ਪੰਜਾਬੀਆਂ ਅਤੇ ਸਿੱਖਾਂ ਨੂੰ ਸ੍ਰੀ ਕੇਜਰੀਵਾਲ ਦੇ ਅੰਦਰ ਬੈਠੀ ਹਿੰਦੂਤਵ ਸੋਚ ਨੂੰ ਵੀ ਡੂੰਘੀ ਤਰ੍ਹਾਂ ਸਮਝਣਾ ਹੋਵੇਗਾ ਤਾਂ ਕਿ ਅਜਿਹੇ ਸਵਾਰਥੀ ਤੇ ਫਿਰਕੂ ਆਗੂ ਸਿੱਖ ਕੌਮ ਵਿਚ ਨਿਰੰਕਾਰੀ, ਨੂਰਮਹਿਲੀਏ, ਭਨਿਆਰਾਵਾਲੇ, ਸਿਰਸੇਵਾਲੇ ਆਦਿ ਦੇ ਨਾਮ ਤੇ ਡੇਰਿਆਂ ਦੀ ਭਰਮਾਰ ਵਧਾਕੇ, ਸਿੱਖ ਕੌਮ ਅਤੇ ਸਿੱਖ ਧਰਮ ਨੂੰ ਖੋਰਾ ਲਗਾਉਣ ਦੇ ਮੰਦਭਾਵਨਾ ਭਰੇ ਸਿਆਸੀ ਮਨਸੂਬਿਆਂ ਵਿਚ ਸਫ਼ਲ ਨਾ ਹੋ ਸਕਣ । ਪੰਜਾਬ ਦੀ ਪਵਿੱਤਰ ਧਰਤੀ ‘ਤੇ ਵੋਟ ਸਿਆਸਤ ਅਧੀਨ ਵੱਖ-ਵੱਖ ਵਰਗਾਂ, ਕੌਮਾਂ ਅਤੇ ਧਰਮਾਂ ਵਿਚ ਨਫ਼ਰਤ ਪੈਦਾ ਕਰਕੇ ਆਪਣੇ ਸਵਾਰਥਾਂ ਦੀ ਪੂਰਤੀ ਨਾ ਕਰ ਸਕਣ ।