ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਬੁੱਧਵਾਰ ਨੂੰ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਕਸ਼ਮੀਰ ਦਾ ਮਸਲਾ ਹਲ ਨਹੀਂ ਹੁੰਦਾ, ਤਦ ਤੱਕ ਪਾਕਿਸਤਾਨ ਅਤੇ ਭਾਰਤ ਦਰਮਿਆਨ ਸਬੰਧ ਸੁਖਾਵੇਂ ਨਹੀਂ ਹੋ ਸਕਦੇ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰੀਆਂ ਦੇ ਦਿਲਾਂ ਵਿੱਚ ਆਜਾਦੀ ਦੀ ਤੜਫ ਹੈ ਅਤੇ ਉਨ੍ਹਾਂ ਦੇ ਹੱਕਾਂ ਲਈ ਉਹ ਹਰ ਮੁਮਕਿਨ ਮੱਦਦ ਕਰਨ ਲਈ ਤਿਆਰ ਹਨ।
ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਉੜੀ ਹਮਲੇ ਦੇ ਲਈ ਭਾਰਤ ਦੁਆਰਾ ਪਾਕਿਸਤਾਨ ਤੇ ਇਲਜਾਮ ਲਗਾਏ ਜਾ ਰਹੇ ਹਨ ਅਤੇ ਇਹ ਬਿਨਾਂ ਕਿਸੇ ਸਬੂਤ ਦੇ ਕੀਤਾ ਜਾ ਰਿਹਾ ਹੈ। ਸ਼ਰੀਫ਼ ਨੇ ਸੰਸਦ ਵਿੱਚ ਦਿੱਤੇ ਗਏ ਭਾਸ਼ਣ ਦੌਰਾਨ ਬੁਰਹਾਨ ਵਾਨੀ ਨੂੰ ਹੀਰੋ ਦੱਸਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਯੂੱਧ ਵਿਰਾਮ ਤੋੜਦੇ ਹੋਏ ਲਾਈਨ ਆਫ ਕੰਟਰੋਲ ਤੇ ਫਾਇਰਿੰਗ ਕੀਤੀ, ਜਿਸ ਦਾ ਪਾਕਿਸਤਾਨ ਨੇ ਸਹੀ ਜਵਾਬ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਯੁੱਧ ਦੇ ਵਿਰੁੱਧ ਹਾਂ ਅਤੇ ਗੱਲਬਾਤ ਰਾਹੀਂ ਸਾਰੇ ਮਸਲਿਆਂ ਦਾ ਹਲ ਚਾਹੁੰਦੇ ਹਾਂ। ਪਾਕਿਸਤਾਨੀ ਪ੍ਰਧਾਨਮੰਤਰੀ ਨੇ ਕਿਹਾ ਕਿ ਅੱਤਵਾਦ ਦਾ ਸੱਭ ਤੋਂ ਵੱਧ ਸੇਕ ਪਾਕਿਸਤਾਨ ਹੀ ਝੱਲ ਰਿਹਾ ਹੈ।
ਪੀਐਮ ਸ਼ਰੀਫ਼ ਨੇ ਮੋਦੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਬੇਰੁਜ਼ਗਾਰੀ ਅਤੇ ਭੁੱਖਮਰੀ ਦਾ ਮੁਕਾਬਲਾ ਬਾਰੂਦ ਨਾਲ ਨਹੀਂ ਕੀਤਾ ਜਾ ਸਕਦਾ। ਜਿੰਨ੍ਹਾਂ ਖੇਤਾਂ ਵਿੱਚ ਬਾਰੂਦ ਬੀਜਿਆ ਜਾ ਰਿਹਾ ਹੈ, ਉਨ੍ਹਾਂ ਵਿੱਚ ਰੁਜ਼ਗਾਰ ਨਹੀਂ ਪੈਦਾ ਕੀਤਾ ਜਾ ਸਕਦਾ। ਅੱਗ, ਖੂਨ ਅਤੇ ਬਾਰੂਦ ਨਾਲ ਅਸੀਂ ਗਰੀਬੀ ਨਹੀਂ ਮਿਟਾ ਸਕਦੇ।