ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੁਲੀਅਤ ਵਿਚ ਵਾਧਾ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਗੁਰਦੁਆਰਾ ਮੱਜਨੂੰ ਦਾ ਟੀਲਾ ਸਾਹਿਬ ਵਿਖੇ ਲੰਗਰ ਹਾਲ ਦੀ ਨਵੀਂ ਰਸੋਈ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਰਾਂ ’ਚ ਨਵੀਂਨੀਕਰਨ ਕੀਤੇ ਗਏ 12 ਕਮਰੇ ਤੇ 2 ਵੱਡੇ ਹਾਲ ਸੰਗਤਾਂ ਨੂੰ ਸਮਰਪਿਤ ਕੀਤੇ। ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਮੇਟੀ ਦੇ ਗੁਰਧਾਮਾਂ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਲੜੀ ਦਾ ਉਕਤ ਕਾਰਜ ਹਿੱਸਾ ਸਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਗੁਰਦੁਆਰਾ ਮੱਜਨੂੰ ਕਾ ਟੀਲਾ ਸਾਹਿਬ ਦੀ ਰਸੋਈ ਖੱਸ਼ਤਾ ਹਾਲਾਤ ਵਿਚ ਸੀ ਜਿਸਦੀ ਮੁਰੰਮਤ ਅਤੇ ਨਵੀਂਨੀਕਰਨ ਦੀ ਸੇਵਾ ਬਾਬਾ ਜੀ ਨੂੰ ਦਿੱਤੀ ਗਈ ਸੀ। ਨਵੀਂ ਬਣਾਈ ਗਈ ਰਸੋਈ ਵਿਚ ਪ੍ਰਸ਼ਾਦੇ ਅਤੇ ਸ਼ਬਜ਼ੀ ਪਕਾਉਣ ਲਈ ਵਿਸ਼ੇਸ਼ ਥੜੇ ਇਸ ਤਰੀਕੇ ਨਾਲ ਬਣਾਏ ਗਏ ਹਨ ਕਿ ਰਸੋਈ ਦੇ ਵਿਚ ਪ੍ਰਦੂਸ਼ਣ ਨਾ ਹੋਏ। ਗੁਰਦੁਆਰਾ ਬੰਗਲਾ ਸਾਹਿਬ ਦੇ ‘‘ਗੁਰੂ ਹਰਿਕ੍ਰਿਸ਼ਨ ਯਾਤਰੀ ਨਿਵਾਸ’’ ਦਾ ਜਿਕਰ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਸਰਾਂ ਦੇ 50 ਕਮਰਿਆਂ ਦਾ ਤਿੰਨ ਚਰਣਾਂ ਵਿਚ ਨਵੀਂਨੀਕਰਨ ਦਾ ਕਾਰਜ ਸ਼ੁਰੂ ਹੋਇਆ ਸੀ। ਪਹਿਲੇ ਚਰਣ ਵਿਚ 27 ਕਮਰਿਆਂ ਦੀ ਸੇਵਾ ਸੰਪੂਰਣ ਹੋਣ ਉਪਰੰਤ ਅੱਜ ਦੂਜੇ ਚਰਣ ’ਚ 12 ਕਮਰੇ ਅਤੇ 2 ਵੱਡੇ ਯਾਤਰੀ ਹਾਲ ਸੰਗਤਾਂ ਨੂੰ ਸਮਰਪਿਤ ਕਰ ਦਿੱਤੇ ਗਏ ਹਨ। ਬਾਕੀ ਰਹਿ ਗਏ 11 ਕਮਰਿਆਂ ਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸੰਗਤਾਂ ਲਈ ਖੋਲ ਦਿੱਤਾ ਜਾਵੇਗਾ।
ਜੀ.ਕੇ. ਨੇ ਕਿਹਾ ਕਿ ਕਮੇਟੀ ਨੇ ਕੌਮ ਦੀ ਜਾਇਦਾਦਾਂ ਨੂੰ ਸਿੰਗਾਰਣ ਦੀ ਬਜਾਏ ਸਵਾਰਣ ’ਤੇ ਜਿਆਦਾ ਜੋਰ ਦਿੱਤਾ ਹੈ ਤਾਂ ਕਿ ਕੌਮੀ ਸਾਧਨਾ ਦੀ ਵੱਧ ਤੋਂ ਵੱਧ ਵਰਤੋਂ ਸੰਗਤਾਂ ਦੀ ਸਹੂਲੀਅਤ ਲਈ ਹੋ ਸਕੇ। ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਬਾਹਰੋਂ ਆਈਆਂ ਕੁਝ ਸੰਗਤਾਂ ਲਈ ਕਮੇਟੀ ਨੂੰ ਬੇਨਤੀ ਪੱਤਰ ਦੇਣ ਦੇ ਬਾਵਜੂਦ ਕਮੇਟੀ ਵੱਲੋਂ ਲੰਗਰ ਨਾ ਦੇਣ ਦੇ ਕੀਤੇ ਗਏ ਦਾਅਵੇ ਨੂੰ ਜੀ.ਕੇ. ਨੇ ਗਲਤ ਕਰਾਰ ਦਿੱਤਾ। ਜੀ.ਕੇ. ਨੇ ਕਿਹਾ ਕਿ ਅਸੀਂ ਕਦੇ ਵੀ ਕਿਸੇ ਵੀ ਸਿਆਸ਼ੀ ਦਲ ਨੂੰ ਲੰਗਰ ਆਦਿਕ ਲਈ ਕਦੇ ਮਨ੍ਹਾਂ ਨਹੀਂ ਕੀਤਾ ਹੈ। ਜਿਥੇ ਕਮੇਟੀ ਜੰਤਰ-ਮੰਤਰ ’ਤੇ ਧਰਨਾ ਦੇਣ ਆਉਂਦੇ ਪ੍ਰਦਰਸ਼ਨਕਾਰੀਆਂ ਨੂੰ ਰੋਜ਼ਾਨਾ ਦੋਪਹਿਰ ਨੂੰ ਲੰਗਰ ਭੇਜਦੀ ਹੈ ਉਥੇ ਹੀ ਕਿਸੇ ਵੀ ਸਿਆਸ਼ੀ ਦਲ ਵੱਲੋਂ ਸੰਸਦ ਮਾਰਗ ’ਤੇ ਆਯੋਜਿਤ ਕੀਤੇ ਜਾਂਦੇ ਧਰਨਾ-ਪ੍ਰਦਰਸ਼ਨਾਂ ਲਈ ਗੁਰਦੁਆਰਾ ਸਾਹਿਬ ਵਿਖੇ ਰਿਹਾਇਸ਼ ਅਤੇ ਲੰਗਰ ਦੇਣ ਦੀਆਂ ਆਉਂਦੀਆਂ ਬੇਨਤੀਆਂ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਦੀ ਹੈ।
ਇਸ ਸਬੰਧ ਵਿਚ ਉਨ੍ਹਾਂ ਨੇ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਕੇਰਲ ਤੋਂ ਆਇਆ ਬੀਬੀਆਂ, ਨੀਤੀਸ਼ ਕੁਮਾਰ ਦੀ ਰੈਲੀ ਵਿਚ ਆਏ ਕਿਸ਼ਾਨ ਅਤੇ ਮਜ਼ਦੂਰਾਂ ਦੇ ਨਾਲ ਹੀ ਫੌਜੀਆਂ ਵੱਲੋਂ ਲਾਏ ਗਏ ਧਰਨੀਆਂ ਦੌਰਾਨ ਕਮੇਟੀ ਵੱਲੋਂ ਦਿੱਤੇ ਗਏ ਸਹਿਯੋਗ ਨੂੰ ਵੀ ਯਾਦ ਦਿਵਾਇਆ। ਜੀ.ਕੇ. ਨੇ ਕਿਹਾ ਕਿ ਜਿਹੜੀ ਸੰਗਤ ਦਾ ਸਰਨਾ ਹਵਾਲਾ ਦੇ ਰਹੇ ਹਨ ਦਰਅਸਲ ਪੰਜਾਬ ਤੋਂ ਰਾਹੁਲ ਗਾਂਧੀ ਦੀ ਕੱਲ ਦੀ ਰੈਲੀ ਵਿਚ ਆਏ ਭਾਗ ਲੈਣ ਆਏ ਕਾਂਗਰਸ ਦੇ ਕਾਰਕੁਨ ਸਨ। ਜਿਨ੍ਹਾਂ ਨੂੰ ਬਕਾਇਦਾ ਕਮੇਟੀ ਵੱਲੋਂ ਗੁਰਦੁਆਰਾ ਮੱਜਨੂੰ ਕਾ ਟੀਲਾ ਸਾਹਿਬ ਵਿਖੇ ਲੰਗਰ ਛਕਾਇਆ ਗਿਆ ਸੀ।