ਬਰੈਂਪਟਨ (ਕੈਨੇਡਾ) – ਨਵੰਬਰ 2015 ਵਿੱਚ ਚੱਬਾ ਦੀ ਧਰਤੀ ਤੇ ਹੋਏ ਸਰਬੱਤ ਖਾਲਸਾ ਨੇ ਖਾਲਸਾ ਪੰਥ ਦੀ ਇਲਾਹੀ ਸ਼ਕਤੀ ਨੂੰ ਉਘਾੜ ਕੇ ਪੰਥ ਉਪਰ ਕੁੰਡਲੀ ਮਾਰ ਕੇ ਬੈਠੀਆਂ ਬ੍ਰਾਹਮਣਵਾਦੀ ਸ਼ਕਤੀਆਂ ਦੇ ਪੱਛੜੇ ਉਧੇੜ ਕੇ ਰੱਖ ਦਿੱਤੇ ਸਨ। ਇਥੋਂ ਤੱਕ ਕੇ ਬਾਦਲ ਖੇਮਿਆਂ ਨੂੰ ਸੰਤੁਲਨ ਬਣਾਉਣ ਲਈ 5 ਸਦਭਾਵਨਾ ਰੈਲੀਆਂ ਦਾ ਸਹਾਰਾ ਲੈਣਾ ਪਿਆ ਸੀ, ਉਹ ਵੀ ਫੇਲ੍ਹ ਹੋ ਕੇ ਰਹਿ ਗਈਆਂ ਸਨ।
ਇਸੇ ਕੜੀ ਵਿੱਚ 2016 ਦਾ ਸਰਬੱਤ ਖਾਲਸਾ ਸਿੱਖ ਕੌਮ ਨੂੰ ਨਵੀਆਂ ਦਿਸ਼ਾਵਾਂ ਦੇ ਸਕਦਾ ਹੈ। ਇਹ ਵਿਚਾਰ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੀ ਹੋਈ ਟੈਲੀ ਕਾਨਫਰੰਸ ਵਿੱਚ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ, ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ, ਸੀਨੀਅਰ ਆਗੂ ਮਨਵੀਰ ਸਿੰਘ ਅਤੇ ਸੂਬਾ ਪ੍ਰਧਾਨ ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ ਨੇ ਦਿੱਤੇ।
ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਬੱਤ ਖਾਲਸਾ ਕੋਈ ਅਨੰਦਿਤ ਕਰਨ ਵਾਲਾ ਸਮਾਗਮ ਨਹੀਂ ਬਲਕਿ ਇਹ ਮੌਜੂਦਾ ਹਕੂਮਤ ਖਿਲਾਫ ਫਤਵਾ ਹੈ ਜਿਸ ਤਹਿਤ ਸਰਕਾਰ ਖਿਲਾਫ ਨਾਮਿਲਵਰਤਣ ਦੀ ਲਹਿਰ ਦਾ ਆਗਾਜ਼ ਹੋਇਆ ਕਰਦਾ ਹੈ।
ਭਾਵੇਂ ਕਿ ਮੇਰਾ ਇਹ ਮੰਨਣਾ ਹੈ ਕਿ ਗੁਲਾਮ ਕੌਮਾਂ ਵਿੱਚ ਦੁਬਿਧਾ ਪਾਉਣ ਲਈ ਸਰਕਾਰਾਂ ਨੂੰ ਬਹੁਤਾ ਤਰੱਦਦ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਰਕਾਰਾਂ ਵਲੋਂ ਆਲੇ ਦੁਆਲੇ ਸਿਰਜਿਆ ਮਹੌਲ ਹੀ ਅਜਿਹੀ ਕ੍ਰਿਆ ਨਿਭਾਅ ਜਾਂਦਾ ਹੈ, ਉਥੇ ਕੌਮਾਂ ਦੇ ਸੰਚਾਲਕਾਂ ਅਤੇ ਕੌਮ ਦੀ ਆਵਾਮ ਨੂੰ ਵੀ ਸਰਕਾਰੀ ਤੰਦਾਂ ਵਿੱਚ ਫਸਣ ਦੀ ਬਜਾਏ ਆਪਣੇ ਨਿਸ਼ਾਨੇ ਵੱਲ ਸੇਧਤ ਹੋ ਕੇ ਨਿਰੰਤਰ ਅੱਗੇ ਵੱਧਣ ਦੀ ਨੀਤੀ ਅਪਣਾਉਣੀ ਚਾਹੀਦੀ ਹੈ।
ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਆਇਆ ਪੱਤਰ ਅਤੇ ਉਸ ਵਿੱਚ ਦਿਤੇ ਗਏ ਆਦੇਸ਼ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਵਿੱਚ ਜਿਸ ਤਰ੍ਹਾਂ ਮੇਰੇ ਵੀਰਾਂ ਨੇ ਮੌਜੇ ਲਾਹ ਕੇ ਪੁਜੀਸ਼ਨਾਂ ਲੈਣੀਆਂ ਸ਼ੁਰੂ ਕੀਤੀਆਂ ਹਨ ਇਸ ਨਾਲ “ਅਸੀਂ ਅਤੇ ਤੁਸੀਂ” ਵਾਲਾ ਮਹੌਲ ਪੈਦਾ ਹੋ ਗਿਆ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਰਬੱਤ ਖਾਲਸਾ 2015 ਵਲੋਂ ਚਾਰ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਪੈਦਾ ਹੋਇਆ ਇਹ ਮਾਮਲਾ ਚਾਰੇ ਜਥੇਦਾਰਾਂ ਨੂੰ ਹੀ ਨਿਪਾਉਣਾ ਚਾਹੀਦਾ ਹੈ।
ਜਿਥੋਂ ਤੱਕ ਸਿੱਖ ਜਥੇਬੰਦੀਆਂ ਜਾਂ ਵਿਅਕਤੀਗਤ ਸੇਵਾਦਾਰਾਂ ਦਾ ਤੁਅੱਲਕ ਹੈ, ਅਸੀਂ ਸਰਬੱਤ ਖਾਲਸਾ 2016 ਰਾਹੀਂ ਖਾਲਸਾ ਪੰਥ ਨੂੰ ਸ਼ਕਤੀਸ਼ਾਲੀ ਵੇਖਣਾ ਚਾਹੁੰਦੇ ਹਾਂ, ਕੌਣ ਅਗਵਾਹੀ ਕਰਦਾ ਹੈ ਇਹ ਪਰੰਪਰਾਵਾਂ ਅਨੁਸਾਰ ਤਰਤੀਬਣ ਲਈ ਸਾਡੇ ਕੋਲ 4 ਸਿੰਘ ਸਾਹਿਬਾਨ ਮੌਜੂਦ ਹਨ। ਪ੍ਰੰਪਰਾਵਾਂ ਦੀ ਉਲੰਘਣਾ ਕਰਨ ਜਾਂ ਨਾ ਕਰਨ ਦੀ ਜਿੰਮੇਦਾਰੀ ਸਿੰਘ ਸਾਹਿਬਾਨਾਂ ਦੀ ਹੈ। ਅਸੀਂ ਸਾਰੇ ਹੀ ਸਿੰਘ ਸਾਹਿਬਾਨ ਬਣ ਕੇ ਪ੍ਰੰਪਰਾਵਾਂ ਦੀ ਪਹਿਰੇਦਾਰੀ ਕਰਨ ਦੀ ਕੋਸਿ਼ਸ਼ ਨਾ ਕਰੀਏ।
ਜਥੇਦਾਰ ਹਵਾਰਾ ਦੇ ਹੱਕ ਵਿੱਚ ਅਖਬਾਰਾਂ ਵਿੱਚ ਇਸ਼ਤਿਹਾਰਬਾਜ਼ੀ ਕਰਕੇ ਮਸਲੇ ਨੂੰ ਹੋਰ ਗੁੰਝਲਦਾਰ ਕਰਨ ਵਾਲੇ ਵੀਰਾਂ ਨੂੰ ਇਹ ਜਰੂਰ ਜਾਣ ਲੈਣਾ ਚਾਹੀਦਾ ਹੈ ਕਿ ਸਾਰੀ ਕੌਮ ਹੀ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸਤਿਕਾਰ ਕਰਦੀ ਹੈ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਰਬੱਤ ਖਾਲਸਾ ਦੌਰਾਨ ਜਨਤਕ ਤੌਰ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਨਿਯੁਕਤ ਕਰਨ ਲਈ ਟਰਾਂਟੋ ਕੈਨੇਡਾ ਤੋਂ ਹੀ ਆਵਾਜ਼ ਉਠਾਈ ਗਈ ਸੀ। ਜਿਸ ਦੀ ਗਵਾਹੀ ਰੇਡੀਓ ਵਾਇਸ ਆਫ ਖਾਲਸਾ ਵਲੋਂ ਸ਼ੁਰੂ ਕੀਤੀ ਗਈ ਟੈਲੀ ਕਾਨਫਰੰਸ ਦੌਰਾਨ ਹੋਈ ਗੱਲਬਾਤ ਬਾਰੇ ਸਤਿਕਾਰਯੋਗ ਭਾਈ ਰੇਸ਼ਮ ਸਿੰਘ ਬੱਬਰ ਅਤੇ ਯੂਬਾ ਸਿਟੀ ਵਿੱਚ ਹੋਏ ਸਮਟ ਵਿੱਚ ਸ਼ਾਮਲ ਸੰਗਤ ਗਵਾਹੀ ਭਰ ਸਕਦੀ ਹੈ।
ਇਹ ਮਤ ਕੋਈ ਭੁਲੇਖਾ ਰੱਖੇ ਕਿ ਉਹ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦਾ ਬਾਕੀਆਂ ਨਾਲੋਂ ਵੱਧ ਸਤਿਕਾਰ ਕਰਦੇ ਹਨ।
ਅਖੀਰ ਵਿੱਚ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਸਰਬੱਤ ਖਾਲਸਾ 2016 ਨੂੰ ਕਾਮਯਾਬ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਓ, ਇਹ ਛੱਡੋ ਕਿ ਅਗਵਾਹੀ ਕੌਣ ਕਰਦਾ ਹੈ। ਸਾਡੀ ਜਾਚੇ ਇਹ ਗੁਰੂ ਦਾ ਕਾਰਜ ਹੈ “ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥” ਦੇ ਮਹਾਂਵਾਕ ਅਨੁਸਾਰ ਗੁਰੂ ਨੇ ਆਪਣੇ ਆਪ ਗੁਰਸਿੱਖਾਂ ਤੋਂ ਆਪ ਕਰਵਾ ਲੈਣਾ ਹੈ।
ਭੁੱਲ ਚੁੱਕ ਮੁਆਫ!!