ਨਵੀਂ ਦਿੱਲੀ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ ਨੂੰ ਨਿਰਧਾਰਤ ਰਾਗਾਂ ਵਿੱਚ ਗਾਇਨ ਦੀ ਭੁਲਾਈ-ਵਿਸਾਰੀ ਜਾ ਰਹੀ ਹੈ ਪਰੰਪਰਾ ਨੂੰ ਸੁਰਜੀਤ ਕਰਨ ਅਤੇ ਅਭਿਲਾਖੀਆਂ ਨੂੰ ਨਿਸ਼ਕਾਮ ਸਿਖਲਾਈ ਦੇਣ ਦਾ ਜੋ ਉਪਰਾਲਾ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕਾਡਮੀ ਅਤੇ ਗੁਰ ਅਭਿਆਸ ਕੇਂਦਰ ਦੀ ਸਥਾਪਨਾ ਕਰ ਕੇ ਕੀਤਾ ਹੈ, ਉਸਦੀ ਜਿਤਨੀ ਵੀ ਸ਼ਲਾਘਾ ਕੀਤੀ ਜਾਏ ਘਟ ਹੋਵੇਗੀ। ਇਹ ਵਿਚਾਰ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਅਕਾਦਮੀ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਹੋਰ ਕਿਹਾ ਕਿ ਬੀਤੇ ਕਾਫੀ ਸਮੇਂ ਤੋਂ ਇਹ ਗਲ ਬੜੀ ਸ਼ਿਦਤ ਨਾਲ ਮਹਿਸੂਸ ਕੀਤੀ ਜਾ ਰਹੀ ਸੀ, ਕਿ ਗੁਰੂ ਸਾਹਿਬ ਨੇ ਬਾਣੀ ਦੇ ਗਾਇਨ ਦੇ ਲਈ ਜੋ ਰਾਗ ਨਿਰਧਾਰਤ ਕੀਤੇ ਹਨ, ਬਹੁਤੇ ਰਾਗੀ ਵੀਰ ਉਨ੍ਹਾਂ ਨੂੰ ਵਿਸਾਰ, ਬਾਣੀ ਦੇ ਗਾਇਨ ਲਈ ਸਾਧਾਰਣ ਰਾਗਾਂ ਨੂੰ ਅਪਨਾਉਂਦੇ ਚਲੇ ਆ ਰਹੇ ਹਨ, ਜਿਸ ਕਾਰਣ ਨਿਸ਼ਚਿਤ ਰਾਗਾਂ ਵਿੱਚ ਗੁਰਬਾਣੀ ਦੇ ਗਾਇਨ ਦੀ ਪਰੰਪਰਾ ਲਗਭਗ ਭੁਲੀ-ਵਿਸਰੀ ਗੱਲ ਹੁੰਦੀ ਜਾ ਰਹੀ ਹੈ। ਇਸਲਈ ਨਿਰਧਾਰਤ ਰਾਗਾਂ ਵਿੱਚ ਬਾਣੀ ਦੇ ਗਾਇਨ ਦੀ ਪਰੰਪਰਾ ਨੂੰ ਸੁਰਜੀਤ ਕਰ, ਉਸਦਾ ਪ੍ਰਚਾਰ ਕਰਨ ਲਈ ਕਿਸੇ ਸੰਸਥਾ ਦੇ ਅਗੇ ਆਉਣ ਦੀ ਬਹੁਤ ਲੋੜ ਸੀ। ਸ. ਰਾਣਾ ਨੇ ਕਿਹਾ ਕਿ ਇਹ ਖੁਸ਼ੀ ਦੀ ਗਲ ਹੈ ਕਿ ਇਸ ਘਾਟ ਨੂੰ ਪੂਰਿਆਂ ਕਰਨ ਦੀ ਜ਼ਿਮੇਂਦਾਰੀ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਨੇ ਸੰਭਾਲ ਲਈ ਹੈ, ਜਿਸਦੇ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਦਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਤਾਉਸ ਵਜਾ ਕੀਰਤਨ ਕਰਦੇ ਰਹੇ ਸਨ। ਸ. ਰਾਣਾ ਨੇ ਵਿਸ਼ਵਾਸ ਦੁਆਇਆ ਕਿ ਇਸ ਉਦਮ ਦੀ ਸਫਲਤਾ ਲਈ ਦਿੱਲੀ ਗੁਰਦੁਆਰਾ ਕਮੇਟੀ ਉਨ੍ਹਾਂ ਨਾਲ ਖੜੀ ਹੈ। ਸ. ਮਨਜੀਤ ਸਿੰਘ ਜੀਕੇ ਪ੍ਰਧਾਨ ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਲੱਖ ਰੁਪਏ ਸਹਿਯੋਗ ਵਜੋਂ ਦਿੱਤੇ ਗਏ। ਸ. ਰਾਣਾ ਨੇ ਦਸਿਆ ਕਿ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਅਤੇ ਬਾਬਾ ਸੱਚਾ ਸਿੰਘ ਵਿੱਚਕਾਰ ਬਹੁਤ ਹੀ ਨਿਘੇ ਸੰਬੰਧ ਰਹੇ ਹਨ। ਇਸ ਮੌਕੇ ਬਾਬਾ ਅਵਤਾਰ ਸਿੰਘ, ਮੁੱਖੀ ਦਲ ਬਾਬਾ ਬਿੱਧੀ ਚੰਦ ਸੁਰ ਸਿੰਘ ਝਬਾਲ ਅਤੇ ਬਾਬਾ ਹਰੀ ਸਿੰਘ ਜੀਰੇ ਵਾਲਿਆਂ ਨੇ ਰਾਣਾ ਪਰਮਜੀਤ ਸਿੰਘ ਨੂੰ ਸਿਰੋਪਾ ਦੀ ਬਖਸ਼ਸ਼ ਕਰ ਸਨਮਾਨਤ ਕੀਤਾ।
ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕਾਡਮੀ ਅਤੇ ਗੁਰ ਅਭਿਆਸ ਕੇਂਦਰ ਦੀ ਸਥਾਪਨਾ ਸ਼ਲਾਘਾਯੋਗ
This entry was posted in ਭਾਰਤ.