ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੀਪਬਲੀਕਨ ਪਾਰਟੀ ਦੇ ਉਚ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੋਨਲਡ ਟਰੰਪ ਤੋਂ ਰਸਮੀ ਤੌਰ ਤੇ ਆਪਣਾ ਸਮੱਰਥਣ ਵਾਪਿਸ ਲੈ ਲੈਣ। ਡੋਨਲਡ ਟਰੰਪ ਰੀਪਬਲੀਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਉਮੀਦਵਾਰ ਹਨ। ਟਰੰਪ ਮਹਿਲਾਵਾਂ ਸਬੰਧੀ ਬਹੁਤ ਹੀ ਸ਼ਰਮਨਾਕ ਅਤੇ ਵਿਵਾਦਤ ਟਿਪਣੀਆਂ ਕਰਨ ਕਰਕੇ ਸੁਰਖੀਆਂ ਵਿੱਚ ਹਨ।
ਰੀਪਬਲੀਕਨ ਪਾਰਟੀ ਦੇ ਬਹੁਤ ਸਾਰੇ ਸੰਸਦ ਮੈਂਬਰ ਅਤੇ ਨੇਤਾ ਪਹਿਲਾਂ ਹੀ ਟਰੰਪ ਦੀ ਸਪੋਰਟ ਕਰਨ ਤੋਂ ਮਨ੍ਹਾਂ ਕਰ ਚੁੱਕੇ ਹਨ। ਸਾਬਕਾ ਰਾਸ਼ਟਰਪਤੀ ਸੀਨੀਅਰ ਬੁਸ਼ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਹ ਟਰੰਪ ਨੂੰ ਵੋਟ ਦੇਣ ਦੀ ਬਜਾਏ ਡੈਮੋਕ੍ਰੇਟ ਉਮੀਦਵਾਰ ਹਿਲਰੀ ਕਲਿੰਟਨ ਨੂੰ ਵੋਟ ਦੇਣਗੇ। ਹਾਲ ਹੀ ਵਿੱਚ ਟਰੰਪ ਦੀ ਔਰਤਾਂ ਸਬੰਧੀ ਕੀਤੀਆਂ ਗਈਆਂ ਬੇਹੂਦਾ ਟਿਪਣੀਆਂ ਨਾਲ ਪਾਰਟੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੰਪ ਫਿਰ ਵੀ ਵਿਵਾਦਤ ਬਿਆਨ ਦੇਣ ਤੋਂ ਸੰਕੋਚ ਨਹੀਂ ਕਰ ਰਿਹਾ।
ਬਰਾਕ ਓਬਾਮਾ ਨੇ ਕਿਹਾ ਕਿ ਰੀਪਬਲੀਕਨਾਂ ਵੱਲੋਂ ਟਰੰਪ ਦੀ ਕੇਵਲ ਆਲੋਚਨਾ ਕਰਨ ਨਾਲ ਕੁਝ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ, ‘ ਮੈਨੂੰ ਭਰੋਸਾ ਹੈ ਕਿ ਰੀਪਬਲੀਕਨ ਨੇਤਾਵਾਂ ਨੂੰ ਸ਼ਰਮਿੰਦਗੀ ਹੋਈ ਹੈ, ਪਰ ਉਨ੍ਹਾਂ ਨੂੰ ਟਰੰਪ ਤੋਂ ਦੂਰੀ ਬਣਾਉਣ ਵਿੱਚ ਏਨਾ ਸਮਾਂ ਕਿਉਂ ਲਗਿਆ, ਉਨ੍ਹਾਂ ਨੂੰ ਕਹਿਣਾ ਚਾਹੀਦਾ ਸੀ ਕਿ ਉਹ ਉਸ ਆਦਮੀ ਦਾ ਸਮੱਰਥਣ ਨਹੀਂ ਕਰ ਸਕਦੇ।’