ਨਵੀਂ ਦਿੱਲੀ : ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਅਤੇ ਉਸਤੋਂ ਬਾਅਦ ਹੋਏ ਸਿੱਖ ਕਤਲੇਆਮ ਦੇ ਕਾਰਨਾਂ ਅਤੇ ਨਤੀਜਿਆਂ ਤੋਂ ਰੂਬਰੂ ਕਰਵਾਉਂਦੀ ਫ਼ਿਲਮ ‘‘31 ਅਕਤੂਬਰ’’ ਦੇ ਅਦਾਕਾਰਾਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਫ਼ਿਲਮ ’ਚ ਕਤਲੇਆਮ ਦੀ ਪੀੜਿਤ ਸਿੱਖ ਬੀਬੀ ਦਾ ਕਿਰਦਾਰ ਨਿਭਾਉਣ ਵਾਲੀ ਬਾਲੀਵੁੱਡ ਦੀ ਅਦਾਕਾਰਾ ਸੋਹਾ ਅੱਲੀ ਖ਼ਾਨ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।
ਮੱਥਾ ਟੇਕਣ ਉਪਰੰਤ ਫ਼ਿਲਮ ਦੀ ਟੀਮ ਅਤੇ ਦਿੱਲੀ ਕਮੇਟੀ ਦੇ ਆਗੂਆਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ‘‘ਮੋਮਬਤੀ ਮਾਰਚ’’ ਜੰਤਰ-ਮੰਤਰ ਤਕ ‘‘ਇਨਸਾਫ਼ ਦੀ ਆਵਾਜ਼’’ ਬੁਲੰਦ ਕਰਨ ਲਈ ਕੱਢਿਆ ਗਿਆ। ਜੀ।ਕੇ। ਨੇ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਹੋਇਆ ਕਤਲੇਆਮ ਦੁਨਿਆ ਦੇ ਸਬ ਤੋਂ ਵੱਡੇ ਲੋਕਤੰਤਰ ’ਤੇ ਬਦਨੁਮਾ ਦਾਗ ਹੈ। ਫ਼ਿਲਮ ਦੇ ਨਿਰਮਾਤਾ ਹੈਰੀ ਸਚਦੇਵਾ ਵੱਲੋਂ ਇਸ ਭੱਖਦੇ ਮਸਲੇ ’ਤੇ ਫ਼ਿਲਮ ਬਣਾਉਣ ਦੇ ਲਏ ਗਏ ਫੈਸਲੇ ਦੀ ਵੀ ਉਨ੍ਹਾਂ ਸਲਾਘਾ ਕੀਤੀ।
ਸਿਰਸਾ ਨੇ ਕਿਹਾ ਕਿ 1984 ਦਾ ਸਰਕਾਰੀ ਕਤਲੇਆਮ ਸਿੱਖ ਇਤਿਹਾਸ ਦਾ ਵੱਡਾ ਦੁਖਾਂਤ ਹੈ ਇਸ ਲਈ ਇਸ ਮਸਲੇ ਤੇ ਸਿੱਖਾਂ ਦੇ ਨਾਲ ਹਮਦਰਦੀ ਜਤਾਉਣ ਵਾਲਾ ਸਿੱਖਾਂ ਦਾ ਸੁਭਚਿੰਤਕ ਹੈ। ਇੱਥੇ ਦੱਸਣਯੋਗ ਹੈ ਕਿ ਸੋਹਾ ਅੱਲੀ ਖ਼ਾਨ ਨੇ ਇੱਕ ਸਿੱਖ ਪਰਿਵਾਰ ਦੀ ਸੱਚੀ ਕਹਾਣੀ ’ਤੇ ਆਧਾਰਿਤ ਉਕਤ ਫ਼ਿਲਮ ਵਿਚ ਕਤਲੇਆਮ ਪੀੜਿਤਾਂ ਦੇ ਦੁੱਖ ਨੂੰ ਬਖੂਬੀ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਸਾਂਸਦ ਅਤੇ ਭੋਜਪੁਰੀ ਫ਼ਿਲਮਾਂ ਦੇ ਸੁਪਰਸਟਾਰ ਮਨੋਜ ਤਿਵਾਰੀ ਨੇ ਵੀ ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਫ਼ਤਰ ਪੁੱਜ ਕੇ ਸੋਹਾ ਅੱਲੀ ਖ਼ਾਨ ਨਾਲ ਮੁਲਾਕਾਤ ਕਰਕੇ ਇਸ ਵਿਸ਼ੇ ਤੇ ਕਾਰਜ ਕਰਨ ਲਈ ਥਾਪੜਾ ਵੀ ਦਿੱਤਾ।
ਹੈਰੀ ਸਚਦੇਵਾ ਨੇ ਕੁਝ ਸਿਆਸੀ ਦਲਾਂ ਵੱਲੋਂ ਫ਼ਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਨੂੰਨੀ ਚਾਰਾਜੋਹੀ ਨੂੰ ਗੈਰਜਰੂਰੀ ਦੱਸਦੇ ਹੋਏ ਫ਼ਿਲਮ ਦੀ ਕਹਾਣੀ ਪੂਰੀ ਤਰ੍ਹਾਂ ਦੇ ਨਾਲ ਮਨੁੱਖਤਾ ਦੇ ਦਰਦ ਤੇ ਆਧਾਰਿਤ ਹੋਣ ਦਾ ਵੀ ਦਾਅਵਾ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਤਨਵੰਤ ਸਿੰਘ, ਪਰਮਜੀਤ ਸਿੰਘ ਚੰਢੋਕ, ਜਸਟਿਸ ਫਾੱਰ ਵਿਕਟਿਮਸ ਦੀ ਮੁਖੀ ਬੀਬੀ ਨਿਰਪ੍ਰੀਤ ਕੌਰ, ਅਕਾਲੀ ਆਗੂ ਖੁਸਵਿੰਦਰ ਸਿੰਘ ਮੋਨੂੰਵਾਲੀਆ, ਅਵਨੀਤ ਸਿੰਘ ਰਾਇਸਨ ਅਤੇ ਦੇਵਨਗਰ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਅਭਿਸ਼ੇਕ ਸ਼ਰਮਾ ਵੀ ਮੌਜੂਦ ਸਨ।