ਅੰਮ੍ਰਿਤਸਰ,(ਜਸਬੀਰ ਸਿੰਘ ਪੱਟੀ) – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਮੁੱਖੀ ਸ੍ਰ. ਮਨਜੀਤ ਸਿੰਘ ਜੀ ਕੇ ਵੱਲੋ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਬਾਦਲ ਦਲ ਦੇ ਮੌਜੂਦਾ ਮੈਬਰਾਂ ਵਿੱਚੋ 40 ਫੀਸਦੀ ਮੈਬਰਾਂ ਦੀਆ ਟਿਕਟਾਂ ਕੱਟੇ ਜਾਣ ਦਾ ਗੰਭੀਰ ਨੋਟਿਸ ਲੈਦਿਆ ਕਿਹਾ ਕਿ ਜੀ ਕੇ ਸਪੱਸ਼ਟ ਕਰੇ ਕਿ ਮੌਜੂਦਾ ਮੈਬਰਾਂ ਦੀਆ ਟਿਕਟਾਂ ਕਿਹੜੇ ਕਾਰਨਾਂ ਕਰਕੇ ਕੱਟੀਆ ਜਾ ਰਹੀਆ ਹਨ ਜਾਂ ਫਿਰ ਉਹ ਬਾਦਲ ਅਕਾਲੀ ਦਲ ਦੀ ਲੁੱਟ ਖੋਹ ਦੀ ਨੀਤੀ ਦੇ ਚੌਖਟੇ (ਫਰੇਮ) ਵਿੱਚ ਪੂਰੀ ਤਰ੍ਹਾ ਫਿੱਟ ਨਹੀ ਬੈਠ ਰਹੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਹਰ ਪਾਰਟੀ ਨੂੰ ਆਪਣੇ ਮੈਂਬਰਾਂ ਦੀਆ ਟਿਕਟਾਂ ਕੱਟਣ ਦੇ ਅਧਿਕਾਰ ਹੁੰਦੇ ਹਨ ਪਰ ਪਾਰਟੀ ਦੇ ਆਗੂ ਪਹਿਲਾਂ ਆਪਣੀ ਰਣਨੀਤੀ ਜਨਤਾ ਜਨਾਰਦਨ ਨਾਲ ਸਾਂਝੀ ਕਰਦੇ ਹਨ ਤੇ ਫਿਰ ਲੋਕਾਂ ਵੱਲੋ ਮਿਲੇ ਹੁੰਗਾਰੇ ਅਨੁਸਾਰ ਰਣਨੀਤੀ ਤਹਿ ਕਰਦੇ ਹਨ ਕਿਉਕਿ ਲੋਕਤੰਤਰ ਵਿੱਚ ਲੋਕ ਰਾਏ ਅਨੁਸਾਰ ਹੀ ਚੱਲਣਾ ਪੈਦਾ ਹੈ। ਉਹਨਾਂ ਕਿਹਾ ਕਿ ਆਪਣੇ ਜਬਰੀ ਫੈਸਲੇ ਠੋਸਣੇ ਲੋਕਤੰਤਰ ਵਿੱਚ ਤਾਨਾਸ਼ਾਹੀ ਅਖਵਾਉਦੇ ਹਨ, ਇਸ ਲਈ ਜੀ ਕੇ ਦਿੱਲੀ ਦੀ ਸੰਗਤ ਨੂੰ ਸਪੱਸ਼ਟ ਕਰੇ ਕਿ ਅਜਿਹੇ ਕਿਹੜੇ ਮੈਬਰ ਹਨ ਜਿਹਨਾਂ ਦੀਆ ਟਿਕਟਾਂ ਕੱਟੀਆ ਜਾ ਰਹੀਆ ਹਨ ਤੇ ਕਿਹਨਾਂ ਕਾਰਨਾਂ ਕਰਕੇ ਕੱਟੀਆ ਜਾ ਰਹੀਆ ਹਨ।
ਦਿੱਲੀ ਕਮੇਟੀ ਦੀਆ ਵੋਟਾਂ ਬਣਾਉਣ ਲਈ 250 ਦਿੱਲੀ ਕਮੇਟੀ ਦੇ ਮੁਲਾਜ਼ਮ ਲਗਾਏ ਜਾਣ ਦਾ ਸੁਆਗਤ ਕਰਦਿਆ ਉਹਨਾਂ ਕਿਹਾ ਕਿ ਇਸ ਨਾਲ ਘਰ ਘਰ ਜਾ ਕੇ ਵੋਟਾਂ ਬਣਾਉਣ ਨਾਲ ਵੋਟਾਂ ਦੀ ਗਿਣਤੀ ਵੱਧੇਗੀ ਤੇ ਹਰ ਇੱਕ ਸਿੱਖ ਨੂੰ ਆਪਣੇ ਮਤਦਾਨ ਦਾ ਇਸਤੇਮਾਲ ਕਰਨ ਦਾ ਮੌਕਾ ਮਿਲੇਗਾ ਅਤੇ ਚੋਣ ਪਾਰਦਰਸ਼ੀ ਢੰਗ ਨਾ ਹੋ ਸਕੇਗੀ। ਉਹਨਾਂ ਇਤਰਾਜ ਪ੍ਰਗਟ ਕੀਤਾ ਕਿ ਇਹ ਵੋਟਾਂ ਦੇ ਫਾਰਮ ਭਰਕੇ ਚੋਣ ਕਮਿਸ਼ਨ ਦੇ ਦਫਤਰ ਵਿੱਚ ਜਮਾ ਕਰਾਏ ਜਾਣੇ ਚਾਹੀਦੇ ਹਨ ਪਰ ਦਿੱਲੀ ਕਮੇਟੀ ਦੇ ਬਾਦਲ ਮਾਰਕਾ ਮੈਂਬਰਾਂ ਦੇ ਘਰਾਂ ਵਿੱਚ ਦਫਤਰ ਖੋਹਲ ਕੇ ਵੋਟਾਂ ਦੇ ਫਾਰਮ ਉਹਨਾਂ ਕੋਲ ਜਮਾ ਕਰਾਉਣੇ ਗਲਤ ਹਨ ਕਿਉਕਿ ਇਸ ਨਾਲ ਉਹਨਾਂ ਵਿਅਕਤੀਆ ਦੀਆ ਵੋਟਾਂ ਕੱਟੇ ਜਾਣ ਦੀ ਸੰਭਾਵਨਾ ਹੈ ਜਿਹੜੇ ਬਾਦਲ ਦਲ ਦਾ ਵਿਰੋਧ ਕਰ ਰਹੇ ਹਨ।
ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਦਾ ਦਿਮਾਗ ਹਮੇਸ਼ਾਂ ਹੀ ਗੋਲਕ ਦੀ ਲੁੱਟ ਖੋਹ ਕਰਨ ਲਈ ਵਧੇਰੇ ਚੱਲਦਾ ਹੈ ਤੇ ਹੁਣ ਉਸ ਨੇ ਚੋਣ ਲੜਨ ਦੇ ਚਾਹਵਾਨਾਂ ਕੋਲੋ ਮਾਇਆ ਦੀਆ ਥੈਲੀਆ ਲੈਣ ਲਈ 17 ਤੋ ਲੈ ਕੇ 21 ਅਕਤੂਬਰ ਤੱਕ ਚੋਣ ਲੜਨ ਦੇ ਚਾਹਵਾਨਾਂ ਕੋਲੋ ਅਰਜ਼ੀਆ ਮੰਗੀਆ ਹਨ ਤਾਂ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਚਾਹਵਾਨਾਂ ਨਾਲ ਸੌਦੇਬਾਜੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਟਿਕਟਾਂ ਦੀ ਵੰਡ ਪੂਰੀ ਤਰ੍ਹਾ ਪਾਰਦਰਸ਼ੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਅਤੇ ਸੌਦੇਬਾਜੀ ਕਰਕੇ ਟਿਕਟਾਂ ਲੈਣ ਵਾਲੇ ਮੈਂਬਰ ਫਿਰ ਕਮੇਟੀ ਵਿੱਚ ਜਾ ਕੇ ਗੋਲਕ ਦੀ ਲੁੱਟ ਮਾਰ ਕਰਨ ਤੋ ਗੁਰੇਜ਼ ਨਹੀ ਕਰਨਗੇ।